19 ਅਕਤੂਬਰ 2017 ਲਈ ਵਿਸ਼ੇਸ਼:

ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।

ਦੀਵਾਲੀ ਦਾ ਤਿਉਹਾਰ ਹਰ ਵਰਗ ਵੱਲੋਂ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ ਪਰ ਸਿੱਖ ਕੌਮ ਦੀਵਾਲੀ ਨੂੰ ‘ਬੰਦੀਛੋੜ ਦਿਵਸ’ ਦੇ ਰੂਪ ਵਿਚ ਮਨਾਉਂਦੀ ਹੈ। ਇਸ ਦਿਨ ਸਿੱਖ ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਸਿੱਖ ਧਰਮ ਅੰਦਰ ਇਸ ਦਿਨ ਦਾ ਆਪਣਾ ਖਾਸ ਮਹੱਤਵ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖਾਂ ਵਿਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਅੰਮ੍ਰਿਤਸਰ ਪਧਾਰੇ ਸਨ। ਇਸ ਲਈ ਖੁਸ਼ੀ ਵਿਚ ਰੋਸ਼ਨੀ ਕੀਤੀ ਗਈ।

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਗੱਦੀ ‘ਤੇ ਸੁਸ਼ੋਭਿਤ ਹੋਏ ਤਾਂ ਉਨ੍ਹਾਂ ਨੇ ਦੋ ਕਿਰਪਾਨਾਂ ਧਾਰਨ ਕਰ ਕੇ ਜ਼ੁਲਮ ਖਿਲਾਫ ਡਟਣ ਦਾ ਐਲਾਨ ਕਰ ਦਿੱਤਾ। ਗੁਰੂ ਜੀ ਨੇ ਜਿਥੇ ਦੁਨਿਆਵੀ ਤਖ਼ਤਾਂ ਦੇ ਮੁਕਾਬਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਉਥੇ ਹੀ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਵਧੀਆ ਕਿਸਮ ਦੇ ਸ਼ਸਤਰ ਭੇਟਾ ਦੇ ਰੂਪ ਵਿਚ ਲਿਆਉਣ ਲਈ ਕਿਹਾ। ਛੇਵੇਂ ਪਾਤਸ਼ਾਹ ਜੀ ਨੇ ਆਪਣੀ ਫੌਜ ਤਿਆਰ ਕੀਤੀ ਅਤੇ ਤਖ਼ਤ ਤੇ ਬੈਠਕੇ ਲੁਕਾਈ ਦੇ ਫੈਸਲੇ ਕਰਨ ਲਗੇ। ਗੁਰੂ ਸਾਹਿਬ ਦੀ ਸੋਭਾ ਨੂੰ ਢਾਡੀ ਭਾਈ ਅਬਦੁੱਲਾ ਜੀ ਅਤੇ ਆਈ ਨਥਮਲ ਜੀ ਨੇ ਆਪਣੀ ਵਾਰ ਵਿਚ ਬਿਆਨ ਕੀਤਾ ਹੈ:

ਦੋ ਤਲਵਾਰੀ ਬਧੀਆਂ ਇਕ ਮੀਰੀ ਦੀ ਇਕ ਪੀਰ ਦੀ।
ਇੱਕ ਅਜਮਤ ਦੀ ਇਕ ਰਾਜ ਦੀ ਇੱਕ ਰਾਖੀ ਕਰੇ ਵਜੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ।
ਪਗ ਤੇਰੀ ਕੀ ਜਹਾਂਗੀਰ ਦੀ।

ਸਮੇਂ ਦੀ ਹਕੂਮਤ ਨੂੰ ਇਹ ਸਭ ਪ੍ਰਵਾਨ ਨਹੀਂ ਸੀ। ਗੁਰੂ ਸਾਹਿਬ ਦੇ ਇਸ ਸ਼ਾਹੀ ਠਾਠ ਨੂੰ ਵੇਖ ਕੇ ਅਤੇ ਗੁਰੂ ਸਾਹਿਬ ਦੀ ਵਧਦੀ ਸੈਨਿਕ ਸ਼ਕਤੀ ਤੋਂ ਬਾਦਸ਼ਾਹ ਜਹਾਂਗੀਰ ਘਬਰਾ ਗਿਆ। ਇਸੇ ਦੇ ਮੱਦੇਨਜ਼ਰ ਹੀ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਥੇ ਹਕੂਮਤ ਦੀਆਂ ਨੀਤੀਆਂ ਨੂੰ ਨਾ ਮੰਨਣ ਵਾਲੇ ਰਾਜੇ ਵੀ ਕੈਦ ਕੀਤੇ ਹੋਏ ਸਨ। ਗੁਰੂ ਜੀ ਦੀ ਗ੍ਰਿਫਤਾਰੀ ਤੋਂ ਪਿਛੋਂ ਸਿੱਖ ਸੰਗਤਾਂ ਨੇ ਭਾਰੀ ਜਥੇ ਲੈ ਕੇ ਗਵਾਲੀਅਰ ਦੇ ਕਿਲ੍ਹੇ ਵੱਲ ਚਾਲੇ ਪਾ ਦਿੱਤੇ, ਜਿਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰ ਦੇਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਉਦੋਂ ਤਕ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਜਦੋਂ ਤਕ ਉਨ੍ਹਾਂ ਦੇ ਨਾਲ ਕੈਦੀ ੫੨ ਰਾਜੇ ਵੀ ਛੱਡ ਨਹੀਂ ਦਿੱਤੇ ਜਾਂਦੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ ਚੋਂ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਬੰਦੀਛੋੜ ਸਤਿਗੁਰੂ ਬਣੇ। ਜਦ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਦੀਵਾਲੀ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ‘ਤੇ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਚਲਾ ਕੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਇਸ ਦਿਹਾੜੇ ਨੂੰ ‘ਬੰਦੀਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗ ਪਿਆ।

ਦੀਵਾਲੀ (ਬੰਦੀਛੋੜ ਦਿਵਸ) ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਜੁੜਦਾ ਹੈ। ਅਠਾਰ੍ਹਵੀਂ ਸਦੀ ਵਿਚ ਸਰਬੱਤ ਖਾਲਸਾ ਦੇ ਰੂਪ ਵਿਚ ਸਿੱਖ ਵੈਸਾਖੀ ਅਤੇ ਬੰਦੀਛੋੜ ਦਿਵਸ ਤੇ ਅੰਮ੍ਰਿਤਸਰ ਦੀ ਧਰਤੀ ਤੇ ਇਕੱਤਰ ਹੋਣ ਲਗੇ। ਇਸ ਮੌਕੇ ਪਿਛਲੇ ਸਮੇਂ ਦਾ ਲੇਖਾ ਜੋਖਾ ਕੀਤਾ ਜਾਂਦਾ ਅਤੇ ਅਗਲੇ ਸਮੇਂ ਲਈ ਵਿਉਂਤਾਂ ਬਣਾਈਆਂ ਜਾਦੀਆਂ। ਸਮੇਂ ਦੀ ਮੁਗ਼ਲ ਸਰਕਾਰ ਨੇ ‘ਬੰਦੀਛੋੜ ਦਿਵਸ’ ਮਨਾਉਣ ‘ਤੇ ਪਾਬੰਦੀ ਲਾ ਦਿੱਤੀ। ਸਿੱਖਾਂ ਦੇ ਇਕੱਠੇ ਹੋਣ ‘ਤੇ ਨਜ਼ਰ ਰੱਖੀ ਜਾਣ ਲੱਗ ਪਈ।

ਸੰਮਤ ੧੭੯੪ ਦੀ ਦੀਵਾਲੀ ਦਾ ਤਿਉਹਾਰ ਨੇੜੇ ਆ ਗਿਆ। ਇਸ ਸਮੇਂ ਭਾਈ ਮਨੀ ਸਿੰਘ ਦੀ ਉਮਰ ੭੦ ਸਾਲ ਦੇ ਕਰੀਬ ਹੋ ਗਈ ਸੀ। ਪਰੰਤੂ ਉਹ “ਗੁਰਮੁਖਿ ਬੁਢੇ ਕਦੇ ਨਾਹੀ” ਦੇ ਗੁਰਵਾਕ ਅਨੁਸਾਰ ਸੁਚੇਤ ਅਤੇ ਪੰਥਕ ਸੇਵਾ ਵਿਚ ਪੂਰੀ ਤਰ੍ਹਾਂ ਸਰਗਰਮ ਸਨ। ਭਾਈ ਮਨੀ ਸਿੰਘ ਭਾਈ ਸੁਬੇਗ ਸਿੰਘ ਤੇ ਭਾਈ ਸੂਰਤ ਸਿੰਘ ਨੂੰ ਨਾਲ ਲੈ ਕੇ ਸੂਬੇਦਾਰ ਲਾਹੌਰ ਜ਼ਕਰੀਆ ਖਾਨ ਨੂੰ ਮਿਲੇ ਅਤੇ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਉਪਰੰਤ ਸ੍ਰੀ ਅੰਮ੍ਰਿਤਸਰ ਵਾਪਸੀ ਦੀ ਯਾਦ ਨੂੰ ਦੀਵਾਲੀ ਮੌਕੇ ਜੋੜ-ਮੇਲੇ ਦੇ ਰੂਪ ਵਿਚ ਮਨਾਉਣ ਦੀ ਆਗਿਆ ਮੰਗੀ। ਸੂਬੇਦਾਰ ਨੇ ਭਾਈ ਸਾਹਿਬ ਨੂੰ ੧੦ ਹਜ਼ਾਰ ਰੁਪਏ ਜਜ਼ੀਆ (ਟੈਕਸ) ਦੇਣ ਦੀ ਸੂਰਤ ਉੱਤੇ ਆਗਿਆ ਦੇ ਦਿੱਤੀ। ਇਹ ਰਕਮ ਜੋੜ-ਮੇਲੇ ਦੀ ਸਮਾਪਤੀ ਉਪਰੰਤ ਤਾਰਨੀ ਸੀ। ਭਾਈ ਸਾਹਿਬ ਨੇ ਦੂਰ-ਨੇੜੇ ਸਿੱਖ ਸੰਗਤਾਂ ਨੂੰ ਜੋੜ-ਮੇਲੇ ਵਿਚ ਸ਼ਾਮਲ ਹੋਣ ਲਈ ਸੁਨੇਹੇ ਘੱਲ ਦਿੱਤੇ। ਉਧਰ ਲਾਹੌਰ ਦਰਬਾਰ ਨੇ ਫੈਸਲਾ ਕਰ ਲਿਆ ਕਿ ਦੂਰ-ਦੁਰਾਡੇ ਤੋਂ ਇਕੱਠੇ ਹੋਏ ਸਿੰਘਾਂ ਨੂੰ ਇਕ ਥਾਂ ਮਾਰ-ਮੁਕਾਉਣ ਲਈ ਇਸ ਤੋਂ ਵਧੀਆ ਹੋਰ ਮੌਕਾ ਨਹੀਂ ਮਿਲੇਗਾ। ਜ਼ਕਰੀਆ ਖਾਨ ਨੇ ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਭਾਰੀ ਫੌਜ ਸ੍ਰੀ ਅੰਮ੍ਰਿਤਸਰ ਤੋਂ ਪੱਛਮ ਵੱਲ ਥੋੜ੍ਹੀ ਦੂਰ ਰਾਮ ਤੀਰਥ ਦੇ ਅਸਥਾਨ ਉੱਤੇ ਇਕੱਠੀ ਕਰ ਲਈ ਅਤੇ ਉਹ ਦੀਵਾਲੀ ਦੀ ਉਡੀਕ ਕਰਨ ਲੱਗੇ, ਪਰੰਤੂ ਇਸ ਸਾਜ਼ਿਸ਼ ਦਾ ਭਾਈ ਮਨੀ ਸਿੰਘ ਜੀ ਨੂੰ ਸੇਨਚ ਸਿਰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਫ਼ੌਰੀ ਤੌਰ ‘ਤੇ ਸਿੱਖ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਮਨ੍ਹਾ ਕਰ ਦਿੱਤਾ। ਲਿਹਾਜ਼ਾ ਦੀਵਾਲੀ ਉੱਤੇ ਸਿੱਖ ਸੰਗਤਾਂ ਬਹੁਤ ਘੱਟ ਗਿਣਤੀ ਵਿਚ ਆਈਆਂ ਅਤੇ ਲਖਪਤ ਰਾਏ ਨਿਰਾਸ਼ ਹੋ ਕੇ ਵਾਪਸ ਪਰਤ ਗਿਆ। ਲਾਹੌਰ ਦਰਬਾਰ, ਜੋ ਭਾਈ ਸਾਹਿਬ ਦੇ ਪੈਂਤੜੇ ਤੋਂ ਬਹੁਤ ਕ੍ਰੋਧਵਾਨ ਸੀ, ਨੇ ੧੦ ਹਜ਼ਾਰ ਰੁਪਏ ਜਜ਼ੀਏ ਦੀ ਮੰਗ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਮੇਲਾ ਭਰਿਆ ਨਹੀਂ, ਚੜ੍ਹਤ ਆਈ ਨਹੀਂ, ਇਸ ਲਈ ਜਜ਼ੀਆ ਦੇਣ ਤੋਂ ਅਸਮਰੱਥ ਹਨ। ਲਾਹੌਰ ਦਾ ਸੂਬੇਦਾਰ ਤਾਂ ਪਹਿਲਾਂ ਹੀ ਬਹੁਤ ਖ਼ਫ਼ਾ ਸੀ। ਉਸ ਨੇ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਇਸ ਉਪਰੰਤ ਲਾਹੌਰ ਦੀ ਫੌਜ ਭਾਈ ਮਨੀ ਸਿੰਘ ਅਤੇ ਹੋਰ ਕਈ ਨਾਮਵਰ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਸੂਬੇਦਾਰ ਦੇ ਪੇਸ਼ ਕੀਤਾ ਗਿਆ ਜਿਸਨੇ ਭਾਈ ਸਾਹਿਬ ਦੀ ਜਾਨ ਬਖਸ਼ੀ ਲਈ ਬਾਕੀ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਾਉਣ ਦੀ ਸ਼ਰਤ ਰੱਖ ਦਿੱਤੀ। ਭਾਈ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਧਾਂਤ ਸੀ ‘ਸਿਰ ਜਾਇ ਤਾਂ ਜਾਇ ਮੇਰਾ ਸਿੱਖੀ ਸਿਦਕ ਨਾ ਜਾਇ।’ ਭਾਈ ਸਾਹਿਬ ਨੇ ਇੰਞ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਕਾਜ਼ੀਆਂ ਦੇ ਫ਼ਰਜ਼ੀ ਅਤੇ ਮੁਸਤਫ਼ੀ ਫ਼ਤਵਿਆਂ ਦੀ ਆੜ ਹੇਠ ਭਾਈ ਮਨੀ ਸਿੰਘ ਸਮੇਤ ਹੋਰ ਸਿੰਘਾਂ ਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਅਸਹਿ ਅਤੇ ਅਕਹਿ ਜ਼ੁਲਮ, ਤਸ਼ੱਦਦ ਕੀਤੇ ਗਏ ਅਤੇ ਤਸੀਹੇ ਦਿੱਤੇ ਗਏ। ਸਿੰਘਾਂ ਨੂੰ ਕਿਹਾ ਗਿਆ ਜਾਂ ੧੦ ਹਜ਼ਾਰ ਰੁਪਏ ਜ਼ੁਰਮਾਨਾ ਦਿਉ ਜਾਂ ਦੀਨ ਮੁਹੰਮਦੀ ਕਬੂਲ ਕਰੋ ਜਾਂ ਫਿਰ ਮੌਤ ਕਬੂਲ ਕਰੋ। ਉਨ੍ਹਾਂ ਨੇ ਮੌਤ ਕਬੂਲ ਕਰ ਲਈ। ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਭੰਗੂ ਨੇ ਇਸ ਬਾਰੇ ਇਉਂ ਬਿਆਨ ਕੀਤਾ ਗਿਆ:

ਖ਼ਾਨ ਕਹਯੋ ਹੋਹੁ ਮੁਸਲਮਾਨ। ਤਦ ਛੋਡੈਂਗੇ ਤੁਮਰੀ ਜਾਨ।
ਸਿੰਘਨ ਕਹਯੋ ਹਮ ਸਿਦਕ ਨਾ ਹਾਰੈਂ। ਕਈ ਜਨਮ ਪਰ ਸਿਦਕ ਸੁ ਗਾਰੈਂ।

ਆਖ਼ਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।

ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਅਸੀਂ ਦੇਖਦੇ ਹਾਂ ਕਿ ਜਿਥੇ ਦੀਵਾਲੀ ਦਾ ਸਬੰਧ ਛੇਵੇਂ ਪਾਤਸ਼ਾਹ ਬੰਦੀਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਬ ਜੀ ਦੀ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਈ ਨਾਲ ਜੁੜਦਾ ਹੈ, ਉਥੇ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਗਾਥਾ ਨਾਲ ਵੀ ਸਬੰਧ ਰੱਖਦਾ ਹੈ। ਬੰਦੀਛੋੜ ਦਿਵਸ ਸਾਨੂੰ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤੀ ਦਾ ਸੁਨੇਹਾ ਦਿੰਦਾ ਹੈ। ਜਿਥੇ ਛੇਵੇਂ ਪਾਤਸ਼ਾਹ ਜੀ ਨੇ ਮਨੁੱਖੀ ਆਜ਼ਾਦੀ ਦਾ ਝੰਡਾ ਬੁਲੰਦ ਕਰ ਕੇ ਰਾਜਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਮੁਕਤੀ ਦਿਵਾਈ, ਉਥੇ ਹੀ ਭਾਈ ਮਨੀ ਸਿੰਘ ਜੀ ਨੇ ਵੀ ਸ਼ਹਾਦਤ ਤਾਂ ਪ੍ਰਵਾਨ ਕਰ ਲਈ ਪਰ ਹਕੂਮਤ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ। ਇਹ ਦਿਨ ਸਾਡੇ ਲਈ ਇੱਕ ਪ੍ਰਣ ਦਿਵਸ ਹੈ। ਸੱਚ ਤਾਂ ਇਹ ਹੈ ਕਿ ਵਹਿਮ-ਭਰਮ, ਅੰਧ ਵਿਸ਼ਵਾਸ, ਕਰਮਕਾਂਡ, ਪਾਖੰਡ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਦੀ ਗੁਲਾਮੀ ਵਿਚ ਜਕੜਿਆ ਅੱਜ ਦਾ ਮਨੁੱਖ ਜੀਵਨ ਦੇ ਅਸਲ ਸੱਚ ਤੋਂ ਮੂੰਹ ਮੋੜੀ ਬੈਠਾ ਹੈ। ਨਸ਼ੇ, ਭਰੂਣ ਹੱਤਿਆ, ਫਜੂਲ ਖਰਚੀ ਆਦਿ ਜਿਹੇ ਚਲਨ ਨੇ ਸਮਾਜ ਨੂੰ ਕਈ ਚੁਣੌਤੀਆਂ ਦੇ ਰੂਬਰੂ ਕਰਵਾਇਆ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਮਾਜ ਨੂੰ ਘੁਣ ਵਾਂਗ ਖਾਂ ਰਹੀਆਂ ਅਜਿਹੀਆਂ ਅਲਾਮਤਾਂ ਦੀ ਗੁਲਾਮੀ ਦਾ ਜੂਲਾ ਗਜੋਂ ਲਾਹ ਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਨੁਸਾਰੀ ਜੀਵਨ ਦੇ ਧਾਰਨੀ ਬਣੀਏ। ਇਹੀ ਬੰਦੀਛੋੜ ਦਿਵਸ ਦਾ ਸੁਨੇਹਾ ਹੈ।