ਅੰਮ੍ਰਿਤਸਰ, 19 ਮਈ – ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਭੇਜਿਆ ਜਾਣ ਵਾਲਾ ਜਥਾ ਇਸ ਵਾਰ ਨਹੀਂ ਜਾ ਸਕੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਦੱਸਿਆ ਕਿ ਸ਼ਹੀਦੀ ਪੁਰਬ ਮੌਕੇ 21 ਮਈ ਨੂੰ ਜਾਣ ਵਾਲਾ ਜਥਾ ਪਾਕਿਸਤਾਨ ਅੰਬੈਸੀ, ਨਵੀਂ ਦਿੱਲੀ ਵੱਲੋਂ ਵੀਜ਼ੇ ਜਾਰੀ ਨਾ ਕਰਨ ਕਰਕੇ ਨਹੀਂ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਅੰਬੈਸੀ ਵਿਖੇ ਭੇਜੇ ਗਏ ਨੁਮਾਇੰਦੇ ਸ. ਮਹਿੰਦਰ ਸਿੰਘ ਮੀਤ ਸਕੱਤਰ ਨੇ ਆਪਣੀ ਰਿਪੋਰਟ ਦਿੱਤੀ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਮਨਜ਼ੂਰੀ ਨਾ ਦੇਣ ਕਾਰਨ ਵੀਜ਼ੇ ਪ੍ਰਾਪਤ ਨਹੀਂ ਹੋਏ।

ਮੁੱਖ ਸਕੱਤਰ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿਉਂਕਿ ਸੰਗਤ ਦੀਆਂ ਭਾਵਨਾਵਾਂ ਪਾਕਿਸਤਾਨ ਸਥਿਤ ਗੁਰਧਾਮਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਹਰੇਕ ਸਿੱਖ ਉਥੋਂ ਦੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨਾ ਲੋਚਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਇਸ ਪ੍ਰਤੀ ਸ਼੍ਰੋਮਣੀ ਕਮੇਟੀ ਆਪਣਾ ਰੋਸ ਵੀ ਪ੍ਰਗਟ ਕਰੇਗੀ।