ਇਤਿਹਾਸਿਕ ਦਿਹਾੜੇ - ਅਰੰਭਤਾ ਸੰਮਤ ਨਾਨਕਸ਼ਾਹੀ 551 - 1 ਚੇਤ (14 ਮਾਰਚ 2019) | ਸ. ਬਘੇਲ ਸਿੰਘ ਵੱਲੋਂ ਦਿੱਲੀ ਫ਼ਤਿਹ - 2 ਚੇਤ (15 ਮਾਰਚ 2019) | ਹੋਲਾ ਮਹੱਲਾ - 8 ਚੇਤ (21 ਮਾਰਚ 2019) | ਸ਼ਹੀਦੀ ਸਰਦਾਰ ਭਗਤ ਸਿੰਘ - 10 ਚੇਤ (23 ਮਾਰਚ 2019) | ਸ਼ਹੀਦੀ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ - 12 ਚੇਤ (25 ਮਾਰਚ 2019) |
 

Nanakshahi Calender

Nanakshahi Calender 551

 

Online Bheta

 
Sarai Booking
 
 

ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੋ / Follow us on Facebook

 

22 ਅਗਸਤ ਪਹਿਲੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼:- ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਲੱਖਣਤਾ

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸੰਸਾਰ ਵਿਚ ਜਿੰਨੇ ਵੀ ਮੁੱਖ ਧਰਮ ਹਨ ਉਨ੍ਹਾਂ ਦਾ ਆਪੋ-ਆਪਣਾ ਧਰਮ ਗੰ੍ਰਥ ਹੈ। ਇਨ੍ਹਾਂ ਗ੍ਰੰਥਾਂ ਉੱਤੇ ਉਸ ਧਰਮ ਦੇ ਸਿਧਾਂਤ ਤੇ ਨਿਯਮ ਆਦਿ ਆਧਾਰਤ ਹੁੰਦੇ ਹਨ। ਸਿੱਖ ਧਰਮ ਦਾ ਮੂਲ ਗ੍ਰੰਥ ਸ੍ਰੀ ਗੁਰੂ ਗੰ੍ਰਥ ਸਾਹਿਬ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਕਈ ਵਿਸ਼ੇਸ਼ਤਾਈਆਂ ਕਾਰਨ ਦੂਜੇ ਧਰਮ ਗ੍ਰੰਥਾਂ ਨਾਲੋਂ ਵਿਲੱਖਣ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਇੱਕੋ-ਇਕ ਧਰਮ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਆਪ ਤਿਆਰ ਕਰਵਾਇਆ ਹੈ। ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਇਹ ਉਸ ਧਰਮ ਦੇ ਬਾਨੀਆਂ ਨੇ ਆਪਣੀ ਮੌਜੂਦਗੀ ਵਿਚ ਤਿਆਰ ਨਹੀਂ ਕਰਵਾਏ। ਵੇਦਾਂ ਉਪਨਿਸ਼ਦਾਂ ਦੇ ਰਚਨਕਾਰਾਂ ਦੀ ਕੋਈ ਜਾਣਕਾਰੀ ਵੀ ਪ੍ਰਾਪਤ ਨਹੀਂ ਹੈ। ਚਾਰ ਕਤੇਬਾਂ, ਤੌਰੇਤ, ਜੰਬੂਰ, ਇੰਜੀਲ ਤੇ ਕੁਰਾਨ, ਬੁਧ ਧਰਮ ਦਾ ਗ੍ਰੰਥ ਧਮਪਦ ਅਤੇ ਜੈਨ ਧਰਮ ਦੇ ਗ੍ਰੰਥ ਇਨ੍ਹਾਂ ਧਰਮਾਂ ਦੇ ਬਾਨੀਆਂ ਤੋਂ ਪਿੱਛੋਂ ਇਨ੍ਹਾਂ ਦੇ ਪੈਰੋਕਾਰਾਂ ਵੱਲੋਂ ਤਿਆਰ ਕਰਵਾਏ ਗਏ ਹਨ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਉਸੇ ਮੂਲ ਰੂਪ ਵਿਚ ਕਾਇਮ ਰੱਖਿਆ ਗਿਆ ਹੈ। ਇਸ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਇਕ ਅਜਿਹਾ ਪ੍ਰਮਾਣਿਕ ਗ੍ਰੰਥ ਹੈ ਜਿਸ ਵਿਚ ਗੁਰੂ ਸਾਹਿਬਾਨ ਅਤੇ ਹੋਰ ਭਗਤ ਸਾਹਿਬਾਨ ਦੀ ਬਾਣੀ ਸ਼ੁਧ ਰੂਪ ਵਿਚ ਦਰਜ ਹੈ। ਇਹ ਪੂਰਨ ਗੁਰੂਆਂ ਦੀ ਪੂਰਨ ਕ੍ਰਿਤ ਹੈ। ਇਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ।
     ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ।    (ਵਾਰ ੨੬:੧੬)
ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ੬ ਗੁਰੂ ਸਾਹਿਬਾਨ, ੧੫ ਭਗਤ, ੧੧ ਭੱਟ, ਅਤੇ ਹੋਰ ਗੁਰਸਿੱਖਾਂ ਦੀ ਬਾਣੀ ਦਰਜ ਹੈ। ਇਸ ਦੇ ੧੪੩੦ ਪੰਨੇ ਹਨ। ਇਸ ਦੀ ਬਾਣੀ ਰਾਗਾਂ ਵਿਚ ਹੈ। ਇਸ ਪਵਿੱਤਰ ਗ੍ਰੰਥ ਦਾ ਸੰਪਾਦਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਇਸ ਵਿਚ ਆਪਣੇ ਸਮੇਤ ੫ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ। ਹਿੰਦੁਸਤਾਨ ਦੇ ਉਨ੍ਹਾਂ ਸੰਤਾਂ ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਜਿਨ੍ਹਾਂ ਦੀ ਬਾਣੀ ਦਾ ਸਿਧਾਂਤ ਅਤੇ ਪੱਧਰ ਗੁਰਬਾਣੀ ਨਾਲ ਮਿਲਦਾ ਜੁਲਦਾ ਸੀ। ਇਨ੍ਹਾਂ ਦੀ ਬਾਣੀ ਵਿਚ ਵੀ ਨਿਰੰਕਾਰ ਦੀ ਪੂਜਾ ਅਤੇ ਸਮਾਜਿਕ ਬਰਾਬਰੀ ਦਾ ਉਪਦੇਸ਼ ਦਿੱਤਾ ਗਿਆ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਸੰਮਤ ੧੬੬੧ ਬਿਕ੍ਰਮੀ ਨੂੰ ਕੀਤਾ ਗਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਇਹ ਸੁੰਦਰ ਭਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਹਰਿ ਮੰਦਰ ਵਜੋਂ ਜਗ ਅੰਦਰ ਜਾਣਿਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਤੇ ਸੁਖਾਸਣ ਕਰਨ ਦੀ ਮਰਯਾਦਾ ਬੰਨ੍ਹੀ। ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।
ਗੁਰਮਤਿ ਵਿਚ ਗੁਰਬਾਣੀ ਦਾ ਬਹੁਤ ਉੱਚਾ ਮਹੱਤਵ ਮੰਨਿਆ ਗਿਆ। ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਸ਼ਬਦ ਨੂੰ ਹੀ ਗੁਰੂ ਕਿਹਾ ਗਿਆ ਹੈ। ਇਸ ਤਰ੍ਹਾਂ ਦਾ ਅਦਬ-ਸਤਿਕਾਰ ਕਿਸੇ ਧਰਮ ਵਿਚ ਕਿਸੇ ਗ੍ਰੰਥ ਨੂੰ ਨਹੀਂ ਦਿੱਤਾ ਗਿਆ। ਇਹ ਗੁਰਮਤਿ ਹੀ ਹੈ ਜਿਸ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਪਰਮਾਤਮਾ ਦਾ ਰੂਪ ਮੰਨਿਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਪੋਥੀ ਨੂੰ ਪਰਮੇਸ਼ਰ ਦੀ ਥਾਂ ਕਿਹਾ ਗਿਆ ਹੈ:
ਪੋਥੀ ਪਰਮੇਸਰ ਕਾ ਥਾਨੁ॥
    ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥    (ਪੰਨਾ ੧੨੨੬)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਦਾ ਆਪ ਸੰਪਾਦਨ ਕੀਤਾ ਹੈ। ਗੁਰਬਾਣੀ ਦੀ ਰਾਗਾਂ ਅਨੁਸਾਰ ਵੰਡ ਕੀਤੀ ਗਈ ਹੈ। ਰਾਗਾਂ ਵਿਚ ਗੁਰੂ ਸਾਹਿਬਾਨ ਅਤੇ ਸਭ ਭਗਤ ਸਾਹਿਬਾਨ ਦੀ ਬਾਣੀ ਵੱਖਰੇ ਸਿਰਲੇਖਾਂ ਹੇਠ ਤਰਤੀਬਵਾਰ ਦਰਜ ਕੀਤੀ ਗਈ ਹੈ। ਸਿਧਾਂਤਕ ਪੱਖ ਤੋਂ ਜਿੱਥੇ ਸਪਸ਼ਟਤਾ ਦੀ ਲੋੜ ਸੀ, ਉੱਥੇ ਵੀ ਗੁਰੂ ਸਾਹਿਬਾਨ ਨੇ ਬਾਣੀ ਦੇ ਰੂਪ ਵਿਚ ਹੀ ਟਿੱਪਣੀਆਂ ਦਿੱਤੀਆਂ ਹਨ।
ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਵਿਚ ਸ਼ਬਦ ਗੁਰੂ ਦਾ ਮਹੱਤਵ ਸਭ ਤੋਂ ਉੱਪਰ ਮੰਨਿਆ ਗਿਆ ਹੈ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਇਸ ਦੀ ਪੁਸ਼ਟੀ ਕਰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਤਿਕਾਰ ਦੀ ਜੋ ਪਰੰਪਰਾ ਕਾਇਮ ਕੀਤੀ ਉਹ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ ਉਸੇ ਤਰ੍ਹਾਂ ਕਾਇਮ ਹੈ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਤੇ ਸ਼ਾਮ ਨੂੰ ਸੁਖਾਸਣ ਸਮੇਂ ਸੰਗਤਾਂ ਜੁੜਦੀਆਂ ਹਨ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਹੁਕਮ ਸੰਗਤਾਂ ਵੱਲੋਂ ਪੂਰੇ ਧਿਆਨ ਨਾਲ ਸ੍ਰਵਣ ਕੀਤਾ ਜਾਂਦਾ ਹੈ। ਸੰਗਤਾਂ ਦਾ ਇਹ ਉਮਾਹ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਅਲੌਕਿਕਤਾ ਦਾ ਪ੍ਰਤੱਖ ਪ੍ਰਮਾਣ ਹੈ ਜੋ ਬੇਮਿਸਾਲ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖਾਂ ਦੀ ਸ਼ਰਧਾ ਤੇ ਸਤਿਕਾਰ ਦਾ ਕੇਂਦਰ ਰਿਹਾ ਹੈ। ਗੁਰੂ ਸਾਹਿਬ ਨੇ ਵੀ ਸ਼ਬਦ-ਗੁਰੂ ਦੀ ਸ੍ਰੇਸ਼ਟਤਾ ਨੂੰ ਸਵੀਕਾਰ ਕੀਤਾ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
  ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥     (ਪੰਨਾ ੯੮੨)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੭੦੬ ਈ: ਵਿਚ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਵਾਇਆ। ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਸਨ। ਗੁਰੂ ਜੀ ਨੇ ਇਸ ਦੇ ਮੂਲ ਪ੍ਰਬੰਧ ਵਿਚ ਤੇ ਗੁਰਬਾਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਨੇ ਇਸ ਵਿਚ ਸਿਰਫ ਵਾਧਾ ਕੀਤਾ ਹੈ। ਆਪਣੇ ਪਿਤਾ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੋ ਉਨ੍ਹਾਂ ਕੋਲ ਮੌਜੂਦ ਸੀ ਉਸ ਬਾਣੀ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਸ਼ਾਮਲ ਕਰ ਦਿੱਤਾ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪ ਦਿੱਤਾ। ਉਨ੍ਹਾਂ ਨੇ ਆਪ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਖਾਲਸੇ ਨੂੰ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਗੁਰੂ ਗੰ੍ਰਥ ਸਾਹਿਬ ਹੋਇਆ। ਇਸ ਤਰ੍ਹਾਂ ਉਨ੍ਹਾਂ ਨੇ ਅੱਗੋਂ ਸਰੀਰਕ ਰੂਪ ਵਿਚ ਗੁਰਗੱਦੀ ਦੀ ਪਰੰਪਰਾ ਨੂੰ ਸਮਾਪਤ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ੇ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ:
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ॥
         ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗੰ੍ਰਥ॥       (ਭਾਈ ਪ੍ਰਹਿਲਾਦ ਸਿੰਘ)
ਸ੍ਰੀ ਗੁਰੂ ਗੰ੍ਰਥ ਸਾਹਿਬ ਆਪਣੀ ਸੰਰਚਨਾ ਅਤੇ ਪਦਵੀ ਕਰਕੇ ਤਾਂ ਵਿਲੱਖਣ ਹੈ ਹੀ ਇਸਦਾ ਵਿਸ਼ੇ ਵਸਤੂ ਵੀ ਦੂਜੇ ਧਰਮ ਗੰ੍ਰਥ ਤੋਂ ਨਿਆਰਾ ਹੈ। ਇਸ ਵਿਚ ਪਰਮਾਤਮਾ ਨੂੰ ਨਿਰੰਕਾਰ ਅਤੇ ਸਰਬ-ਵਿਆਪਕ ਮੰਨਿਆ ਗਿਆ। ਉਹ ਕੁਦਰਤ ਵਿਚ ਓਤਪੋਤ ਹੈ। ਉਹ ਦੂਰ-ਦੁਰਾਡੇ ਨਹੀਂ, ਸਦਾ ਮਨੁੱਖ ਦੇ ਅੰਗ-ਸੰਗ ਹੈ। ਉਹ ਕਿਤੇ ਬਾਹਰ ਨਹੀਂ, ਉਸ ਦੇ ਅੰਦਰ ਹੀ ਹੈ। ਉਸ ਨੂੰ ਪ੍ਰਸੰਨ ਕਰਨ ਦੀ ਲੋੜ ਨਹੀਂ ਉਸ ਦੀ ਪਛਾਣ ਹੀ ਕਰਨੀ ਹੈ। ਉਸ ਦੀ ਪ੍ਰਾਪਤੀ ਲਈ ਬਾਹਰੀ ਕਰਮ-ਕਾਂਡ ਤੇ ਭੇਖਾਂ ਦੀ ਕੋਈ ਲੋੜ ਨਹੀਂ। ਸਭਨਾਂ ਮਨੁੱਖਾਂ ਦੇ ਅੰਦਰ ਉਸ ਦਾ ਨਿਵਾਸ ਹੈ। ਹਰ ਕੋਈ ਇਸ ਜੋਤ ਰੂਪੀ ਹਰੀ ਨੂੰ ਪ੍ਰਾਪਤ ਕਰ ਸਕਦਾ ਹੈ:

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥
   ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥    (ਪੰਨਾ ੧੪੨੭)
ਸ੍ਰੀ ਗੁਰੂ ਗੰ੍ਰਥ ਸਾਹਿਬ ਹੀ ਇਕ ਅਜਿਹਾ ਸਰਬ ਸਾਂਝਾ ਗ੍ਰੰਥ ਹੈ ਜਿਸ ਵਿਚ ਸਿੱਖ ਧਰਮ ਦੇ ਬਾਨੀਆਂ ਦੀ ਬਾਣੀ ਦੇ ਨਾਲ ਹੋਰ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਇਸ ਦੇ ਬਾਣੀਕਾਰਾਂ ਦਾ ਘੇਰਾ ਸਮੇਂ ਤੇ ਸਥਾਨ ਕਰਕੇ ਵਿਆਪਕ ਹੈ। ਇਹ ਅਨੇਕ ਪੰਥਾਂ, ਖਿੱਤਿਆਂ ਅਤੇ ਵੱਖ-ਵੱਖ ਧਰਮਾਂ, ਵਰਗਾਂ ਅਤੇ ਜਾਤਾਂ ਦੇ ਸੰਤਾਂ-ਭਗਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਗੁਰਬਾਣੀ ਵਿਚ ਜਾਤਪਾਤ, ਵਰਣ-ਵੰਡ ਤੇ ਊਚ-ਨੀਚ ਦਾ ਖੰਡਨ ਕਰ ਕੇ ਮਨੁੱਖ ਨੂੰ ਇੱਕੋ ਭਾਈਚਾਰੇ ਦੇ ਵਿਅਕਤੀ ਅਤੇ ਇੱਕੋ ਜੋਤ ਤੋਂ ਪੈਦਾ ਹੋਏ ਮੰਨਿਆ ਗਿਆ ਹੈ:
-ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
     ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥    (ਪੰਨਾ ੧੩੪੯)
   -ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥      (ਪੰਨਾ ੬੧੧)
ਵਿਗਿਆਨ ਦੇ ਪੱਖੋਂ ਵੀ ਗੁਰਬਾਣੀ ਦਾ ਗਿਆਨ ਸਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਦੀ ਵਿਸ਼ਾਲਤਾ ਨੂੰ ਬੇਅੰਤ ਦੱਸਿਆ ਗਿਆ ਹੈ। ਲੱਖਾਂ ਹੀ ਪਤਾਲਾਂ, ਅਕਾਸ਼ਾਂ ਦਾ ਵਰਣਨ ਇਸ ਵਿਚ ਮਿਲਦਾ ਹੈ। ਵਿਗਿਆਨ ਦੀ ਤਰੱਕੀ ਨਾਲ ਗੁਰਬਾਣੀ ਦੇ ਵਾਕਾਂ ਦੀ ਸੱਚਾਈ ਸਿੱਧ ਹੋ ਰਹੀ ਹੈ। ਪਰਮਾਤਮਾ ਦੀ ਕੋਈ ਧਰਤੀ ਨਹੀਂ ਹੈ, ਉਹ ਕਰੋੜਾਂ ਬ੍ਰਹਿਮੰਡਾਂ ਦਾ ਸੁਆਮੀ ਹੈ:
   -ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥         (ਪੰਨਾ ੫)
-ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
       ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥        (ਪੰਨਾ ੬੯੫)
ਸ੍ਰਿਸ਼ਟੀ ਦੀ ਰਚਨਾ ਸਬੰਧੀ ਗੁਰਬਾਣੀ ਕੋਈ ਕਲਪਿਤ ਕਹਾਣੀਆਂ ਨਹੀਂ ਬਣਾਉਂਦੀ। ਇਸ ਬਾਰੇ ਤੱਥਾਂ ਦੇ ਆਧਾਰ ‘ਤੇ ਗਿਆਨ ਦਿੰਦੀ ਹੈ ਜੋ ਵਿਗਿਆਨ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਤੋਂ ਗੈਸਾਂ ਪੈਦਾ ਹੋਈਆਂ; ਫੇਰ ਜਲ ਅਤੇ ਜਲ ਤੋਂ ਸਾਰੀ ਬਨਸਪਤੀ ਤੇ ਜੀਵ-ਜੰਤੂ ਪੈਦਾ ਹੋਏ। ਇਹ ਇਕ ਵਿਗਿਆਨਕ ਸੱਚ ਹੈ ਕਿ ਜਿੱਥੇ ਜਲ ਹੈ, ਉੱਥੇ ਹੀ ਜੀਵਨ ਹੈ। ਗੁਰਵਾਕ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
     ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥       (ਪੰਨਾ ੧੯)
ਸਿਹਤ ਵਿਗਿਆਨ ਦੇ ਖੇਤਰ ਵਿਚ ਵੀ ਗੁਰਬਾਣੀ ਮਨੁੱਖ ਨੂੰ ਸਹੀ ਸੇਧ ਦਿੰਦੀ ਹੈ। ਸਰੀਰ ਦੇ ਬਹੁਤੇ ਰੋਗ ਕਾਮ ਅਤੇ ਕ੍ਰੋਧ ਦੋ ਵਿਕਾਰਾਂ ਤੋਂ ਹੀ ਉਤਪੰਨ ਹੁੰਦੇ ਹਨ। ਗੁਰਬਾਣੀ ਵਿਚ ਇਨ੍ਹਾਂ ਦੋਵਾਂ ਵਿਕਾਰਾਂ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਗਿਆ ਹੈ:
  ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥     (ਪੰਨਾ ੯੩੨)
ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ ਜੋ ਸਮਾਜ ਵਿੱਚੋਂ ਊਚ-ਨੀਚ ਅਤੇ ਬੇਇਨਸਾਫੀਆਂ ਦੂਰ ਕਰ ਕੇ ਇਕ ਸਮਾਜਿਕ ਭਾਈਚਾਰਾ ਸਥਾਪਿਤ ਕਰਨ ਦਾ ਮਾਰਗ ਦਿਖਾਉਂਦੀ ਹੈ। ਇਸ ਵਿਚ ਵਰਣ-ਵੰਡ, ਜਾਤ-ਪਾਤ, ਛੂਤ-ਛਾਤ, ਆਰਥਿਕ ਕਾਣੀ ਵੰਡ ਤੇ ਪੈਸੇ ਦੀ ਲੁੱਟ-ਖਸੁੱਟ ਦਾ ਸਖਤ ਖੰਡਨ ਕੀਤਾ ਗਿਆ ਹੈ। ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨਾ ਅਤੇ ਵੰਡ ਕੇ ਛਕਣਾ ਉੱਤਮ ਮੰਨਿਆ ਹੈ:
 ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥  (ਪੰਨਾ ੧੨੪੫)
ਰਾਜਨੀਤਕ ਖੇਤਰ ਵਿਚ ਵੀ ਗੁਰਬਾਣੀ ਮਨੁੱਖਤਾ ਦੀ ਸਹੀ ਅਗਵਾਈ ਕਰਦੀ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਇਕ ਹਲੇਮੀ ਰਾਜ ਦੀ ਸਥਾਪਤੀ ਦਾ ਸੰਕਲਪ ਦਿੱਤਾ ਗਿਆ ਹੈ। ਇਸ ਵਿਚ ਚੰਗਾ ਰਾਜਾ ਉਸੇ ਨੂੰ ਪ੍ਰਵਾਨ ਕੀਤਾ ਗਿਆ ਹੈ ਜੋ ਆਪ-ਹੁਦਰਾ ਨਹੀਂ ਤੇ ਲੋਕਾਂ ਦੀ ਸੰਮਤੀ ਨਾਲ ਰਾਜ ਚਲਾਉਂਦਾ ਹੈ ਤੇ ਗੁਣਾਂ ਨਾਲ ਭਰਪੂਰ ਹੈ:
       -ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥               (ਪੰਨਾ ੯੯੨)
-ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
    ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥              (ਪੰਨਾ ੧੦੮੮)
ਉਸ ਸਮੇਂ ਦੇ ਸਮਾਜ ਵਿਚ ਇਸਤਰੀ ਜਾਤੀ ਦਾ ਕੋਈ ਸਤਿਕਾਰ ਨਹੀਂ ਸੀ। ਦੇਸ਼ ਦੇ ਹਾਕਮਾਂ ਤੋਂ ਇਲਾਵਾ ਵਿਦੇਸ਼ੀ ਹਮਲਾਵਰ ਵੀ ਇਸਤਰੀਆਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਸਨ। ਸਮਾਜ ਵਿਚ ਵੀ ਇਸਤਰੀਆਂ ਨੂੰ ਕੋਈ ਸਨਮਾਨਯੋਗ ਦਰਜਾ ਨਹੀਂ ਸੀ ਦਿੱਤਾ ਜਾਂਦਾ। ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਇਸਤਰੀਆਂ ਨੂੰ ਮਰਦ ਦੇ ਬਰਾਬਰ ਸਮਝਿਆ ਗਿਆ ਹੈ। ਇਸਤਰੀ-ਪੁਰਸ਼ ਦੋਨੋਂ ਹੀ ਇਕ ਦੂਸਰੇ ਦੇ ਪੂਰਕ ਹਨ, ਦੋਵੇਂ ਰਲ ਕੇ ਸਮਾਜ ਦੀ ਉਤਪਤੀ ਤੇ ਵਿਕਾਸ ਕਰਦੇ ਹਨ:
  ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ॥     (ਪੰਨਾ ੧੨੫੨)
ਗੁਰੂ ਸਾਹਿਬ ਨੇ ਇਸਤਰੀ ਰੂਪ ਵਿਚ ਬਾਣੀ ਰਚ ਕੇ ਇਸਤਰੀ ਦੇ ਜਾਮੇ ਨੂੰ ਸਤਿਕਾਰ ਦਿੱਤਾ ਹੈ। ਗੁਰੂ ਜੀ ਨੇ ਆਪਣੇ ਸਮੇਂ ਦੇ ਲੋਕਾਂ ਨੂੰ ਸਪੱਸ਼ਟ ਆਖਿਆ ਹੈ:
  ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥      (ਪੰਨਾ ੪੭੩)
ਇਸ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਫ਼ਿਲਾਸਫ਼ੀ ਇਕ ਮੁਕੰਮਲ ਵਿਚਾਰਧਾਰਾ ਹੈ। ਇਹ ਮਨੁੱਖੀ ਸ਼ਖਸੀਅਤ ਦੀ ਸਮੁੱਚੀ ਉਸਾਰੀ ਤੇ ਪ੍ਰਫੁੱਲਤਾ ਦਾ ਇਕ ਅਦੁੱਤੀ ਸਿਧਾਂਤ ਹੈ। ਇਸ ਵਿਚ ਆਮ ਮਨੁੱਖ ਦੀ ਭਲਾਈ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਮਨੁੱਖਤਾ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਆਗਿਆ ਨਹੀਂ ਦਿੰਦਾ। ਇਸ ਵਿਚ ਸਮੁੱਚੀ ਮਨੁੱਖਤਾ ਨੂੰ ਇਕ ਸਮਾਜਿਕ ਭਾਈਚਾਰਾ ਸਮਝਿਆ ਗਿਆ ਹੈ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ:
-ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
    ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥               (ਪੰਨਾ ੮੫੩)
 ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਇਹ ਸਾਰਾ ਉਪਦੇਸ਼ ਉੱਚੇ ਕਾਵਿਕ ਗੁਣਾਂ ਨਾਲ ਭਰਪੂਰ ਹੈ। ਇਸ ਦੇ ਕਾਵਿ ਰੂਪ, ਛੰਦ, ਅਲੰਕਾਰ ਤੇ ਢੁੱਕਵੀਂ ਸ਼ਬਦਾਵਲੀ ਪਾਠਕ ਦੀ ਬੁੱਧੀ ਨੂੰ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਦੀ ਸੁਹਜ ਅਤੇ ਸੁੰਦਰਤਾ ਕੀਲ ਲੈਣ ਵਾਲੀ ਹੈ। ਕਿਸੇ ਜੀਵ ਦੀ ਸਾਹਿਤਕ ਰਚਨਾ ਵਿਚ ਅਜਿਹੇ ਗੁਣ ਨਹੀਂ ਹੋ ਸਕਦੇ। ਇਹ ਸਾਰੇ ਪੱਖ ਇਸ ਗੱਲ ਦਾ ਸਬੂਤ ਹਨ ਕਿ ਇਹ ਧੁਰ ਕੀ ਬਾਣੀ ਹੈ। ਗੁਰੂ ਸਾਹਿਬ ਦੀ ਜੋਤ ੧੦ ਜਾਮਿਆਂ ਵਿਚ ਅੱਗੇ ਤੋਂ ਅੱਗੇ ਤੁਰਦੀ ਰਹੀ ਹੈ। ਇਹ ਗੱਲ ਕਿਸੇ ਵੀ ਧਰਮ ਵਿਚ ਵੇਖਣ ਨੂੰ ਨਹੀਂ ਮਿਲਦੀ। ਕੋਈ ਪੈਗੰਬਰ, ਅਵਤਾਰ ਜਾਂ ਪੀਰ-ਫਕੀਰ ਆਪਣੇ ਬਰਾਬਰ ਦਾ ਰਹਿਬਰ ਪੈਦਾ ਨਹੀਂ ਕਰ ਸਕਿਆ। ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਰੂਪ ਵਿਚ ਇਕ ਸਦੀਵੀ ਰਹਿਬਰ ਮਨੁੱਖਤਾ ਨੂੰ ਪ੍ਰਾਪਤ ਹੈ ਜੋ ਸਦਾ ਸਭ ਦੇ ਸਾਹਮਣੇ ਹੈ। ਇਸ ਨਾਲ ਕੋਈ ਵੀ ਆਪਣਾ ਸਿੱਧਾ ਸੰਬੰਧ ਜੋੜ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਸਾਰੀ ਮਨੁੱਖਤਾ ਨੂੰ ਖੁਲ੍ਹ ਹੈ। ਇੱਥੇ ਕਿਸੇ ਲਈ ਰੋਕ-ਟੋਕ ਨਹੀਂ ਹੈ ਜਿਵੇਂ ਕਿ ਕਬੀਰ ਸਾਹਿਬ ਨੇ ਪਰਮਾਤਮਾ ਬਾਰੇ ਲਿਖਿਆ ਹੈ:
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ॥
  ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥               (ਪੰਨਾ ੧੩੬੭)
ਸ੍ਰੀ ਗੁਰੂ ਗੰ੍ਰਥ ਸਾਹਿਬ ਸਰਬ-ਗੁਣ ਸੰਪੰਨ, ਹਰ ਪੱਖੋਂ ਸੰਪੂਰਨ, ਅਲੌਕਿਕ ਤੇ ਸਰਬ ਸਮਰੱਥ ਹੈ। ਇਹ ਸਿੱਖ ਧਰਮ ਦਾ ਆਧਾਰ ਸਰੂਪ, ਸਿੱਖ ਸੱਭਿਆਚਾਰ ਦਾ ਮੂਲ ਸੋਮਾ, ਖਾਲਸਾ ਪੰਥ ਦੀ ਸੰਚਾਲਨ ਸ਼ਕਤੀ, ਖਾਲਸੇ ਦੇ ਦਲੇਰੀ ਤੇ ਚੜ੍ਹਦੀ ਕਲਾ ਦੇ ਜਜ਼ਬੇ ਦਾ ਆਧਾਰ, ਸਰਬ ਲੋਕਾਈ ਦਾ ਓਟ ਆਸਰਾ ਅਤੇ ਸੰਪੂਰਨ ਜੀਵਨ ਸਿਧਾਂਤ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਮਨੁੱਖ ਦੇ ਜੀਵਨ ਦਾ ਕੇਂਦਰ ਬਿੰਦੂ ਹੈ ਜੋ ਅਧਿਆਤਮਕ ਅਤੇ ਸਮਾਜਿਕ ਅਗਵਾਈ ਦੇ ਨਾਲ-ਨਾਲ ਵਿਸ਼ਵ-ਭਾਈਚਾਰੇ, ਅਮਨ-ਸ਼ਾਂਤੀ, ਸਾਂਝੀਵਾਲਤਾ, ਸਦਭਾਵਨਾ ਤੇ ਸਹਿਣਸ਼ੀਲਤਾ ਦਾ ਸਰਬ ਸ੍ਰੇਸ਼ਟ ਉਪਦੇਸ਼ ਦਿੰਦਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਧੁਰ ਕੀ ਬਾਣੀ ਦਾ ਪ੍ਰਤੱਖ ਸਰੂਪ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਗੁਰੁ-ਪਰਮੇਸਰ ਜੋਤਿ ਸਰੂਪ ਵਿਚ ਅਤੇ ਅੰਮ੍ਰਿਤ ਬਾਣੀ (ਸ਼ਬਦ) ਦੇ ਰੂਪ ਵਿਚ ਸਰਗੁਣ ਸਰੂਪ ਵਿਚ ਬਿਰਾਜਮਾਨ ਹੈ ਤੇ ਜ਼ਾਹਿਰਾ-ਜ਼ਹੂਰ, ਦਰਸ਼ਨ-ਦੀਦਾਰੇ ਬਖਸ਼ ਕੇ ਜਗਿਆਸੂਆਂ ਨੂੰ ਨਿਹਾਲ ਕਰ ਰਿਹਾ ਹੈ।
ਅੱਜ ਲੋੜ ਹੈ ਕਿ ਗੁਰਮਤਿ ਵਿਚਾਰਧਾਰਾ ਨੂੰ ਗ੍ਰਹਿਣ ਕਰੀਏ, ਆਪਣੇ ਅਨੁਭਵ ਵਿਚ ਲਿਆ ਕੇ ਆਪਣਾ ਜੀਵਨ ਇਸ ਅਨੁਸਾਰ ਢਾਲੀਏ ਅਤੇ ਗੁਰਮਤਿ ਮਾਰਗ ਦੇ ਪਾਂਧੀ ਬਣੀਏ ਅਤੇ ਜਗਤ-ਜਲੰਦੇ ਤੋਂ ਜੀਵਨ-ਮੁਕਤ ਹੋਈਏ। ਸੰਸਾਰੀਕਰਨ ਦੇ ਅਜੋਕੇ ਯੁੱਗ ਵਿਚ ਜਦੋਂ ਮਨੁੱਖ ਇਕੱਲਾ ਰਹਿ ਗਿਆ ਤੇ ਤਣਾਅ ਭਰਪੂਰ ਜ਼ਿੰਦਗੀ ਬਤੀਤ ਕਰ ਰਿਹਾ ਹੈ ਉਸ ਸਮੇਂ ਗੁਰਬਾਣੀ ਹੀ ਸੰਸਾਰ ਦੇ ਉੱਧਾਰ ਲਈ ਸਾਰੇ ਸੰਕਟਾਂ-ਕਲੇਸ਼ਾਂ ਦੇ ਹੱਲ ਲਈ ਇੱਕੋ-ਇੱਕ ਸਾਰਥਕ ਅਤੇ ਸੰਪੂਰਨ ਸਾਧਨ ਹੈ। “ਗੁਰਬਾਣੀ ਇਸੁ ਜਗ ਮਹਿ ਚਾਨਣੁ” ਨਾਲ ਆਪਣੀਆਂ ਜ਼ਿੰਦਗੀਆਂ ਰੋਸ਼ਨ ਕਰੀਏ ਅਤੇ “ਇਹ ਲੋਕ ਸੁਖੀਏ ਪਰਲੋਕ ਸੁਹੇਲੇ” ਹੋ ਨਿੱਬੜੀਏ।

 
 
 

ਮਹੱਤਵਪੂਰਨ ਲਿੰਕ / Important Links

tenders recruitments recruitments results education
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

 

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।

 

 
 
 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
error: Content is protected !!