ਸੂਰਬੀਰਤਾ ਦੀ ਗੌਰਵਮਈ ਦਾਸਤਾਨ: ਸਾਕਾ ਚਮਕੌਰ ਸਾਹਿਬ

ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

‘ਸ਼ਹਾਦਤ’ ਸ਼ਬਦ ਨੂੰ ਜੋ ਜੀਵਤ ਅਰਥ ਸਿੱਖ ਧਰਮ ਅੰਦਰ ਮਿਲੇ ਹਨ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਏ। ਹੱਕ-ਸੱਚ, ਨਿਆਂ, ਸਵੈ-ਮਾਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਦੁਨੀਆ ਦੇ ਧਾਰਮਿਕ ਇਤਿਹਾਸ ਦਾ ਮਾਣ ਹਨ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖ ਕੌਮ ਵੱਲੋਂ ਕੁਰਬਾਨੀਆਂ ਦੀ ਇੱਕ ਲੰਮੀ ਲੜੀ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਉਹ ਦਾਸਤਾਨ ਹੈ ਜਿਸ ਦਾ ਹਰ ਅੱਖਰ ਸੁਨਹਿਰੀ ਹੈ। ਸਿੱਖੀ ਅੰਦਰ ਸ਼ਹਾਦਤ ਜਾਂ ਕੁਰਬਾਨੀ ਦਾ ਮੁੱਢ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ। ਆਪ ਜੀ ਨੇ ਆਪਣੀ ਪਾਵਨ ਬਾਣੀ ਅੰਦਰ ‘ਜਉ ਤਉ ਪ੍ਰੇਮ ਖੇਲਣ ਕਾ ਚਾਉੁ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਅਤੇ ਇਸ ਦੇ ਅਮਲ ਨੂੰ ‘ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਦੇ ਉਪਦੇਸ਼ ਰਾਹੀਂ ਦਰਸਾਇਆ। ਸਿੱਖੀ ਅੰਦਰ ਸ਼ਹਾਦਤ ਦੇ ਸ਼ਾਬਦਕ ਅਰਥ ਗਵਾਹੀ ਜਾਂ ਸ਼ਾਹਦੀ ਤੋਂ ਅੱਗੇ ਜਾਈਏ ਤਾਂ ਇਹ ਆਪਣੇ ਆਪ ਵਿਚ ਇੱਕ ਸਮਰਪਣ ਵੀ ਹੈ। ਉਹ ਸਮਰਪਣ ਜਿਹੜਾ ਆਪਣੇ ਪਰਮ ਪਿਆਰੇ ਪਰਮਾਤਮਾ, ਗੁਰੂ, ਧਰਮ ਜਾਂ ਸੰਗਤ ਦੇ ਪਿਆਰ ਵਿਚ ਰੰਗਿਆ ਹੋਇਆ ਹੈ।
ਉਂਜ ਤਾਂ ਸਾਰਾ ਸਿੱਖ ਇਤਿਹਾਸ ਹੀ ਸ਼ਹਾਦਤਾਂ ਦੀ ਕਹਾਣੀ ਬਿਆਨਦਾ ਹੈ ਪਰੰਤੂ ਅਸੀਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਗਾਥਾ ਪੜ੍ਹ ਕੇ ਜਿਸ ਮਾਣ ਦੇ ਸਨਮੁੱਖ ਹੁੰਦੇ ਹਾਂ ਉਹ ਆਪਣੇ ਆਪ ਵਿਚ ਲਾਸਾਨੀ ਹੈ, ਗੌਰਵਮਈ ਹੈ। ਗੁਰੂ ਸਾਹਿਬ ਜੀ ਦੇ ਮਹਾਨ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਜੋਕੇ ਨੌਜਵਾਨਾਂ ਤੇ ਬੱਚਿਆਂ ਲਈ ਪ੍ਰੇਰਨਾ ਦਾ ਸੋਮਾ ਹਨ, ਜਿਸ ਤੋਂ ਆਗਵਾਈ ਲੈ ਕੇ ਜਬਰ-ਜ਼ੁਲਮ ਲਈ ਵੰਗਾਰ ਅਤੇ ਮਨੁੱਖੀ ਹੱਕਾਂ ਲਈ ਢਾਲ ਬਣਿਆ ਜਾ ਸਕਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਅਨੇਕਾਂ ਸਿੰਘਾਂ ਦੀ ਸ਼ਹਾਦਤ ਨਾਲ ਸਬੰਧਤ ਸਾਕਾ ਸ੍ਰੀ ਚਮਕੌਰ ਸਾਹਿਬ ਦੁਨੀਆਂ ਦੀ ਉਹ ਅਸਾਵੀਂ ਜੰਗ ਹੈ ਜਿਸ ਵਿਚ ਚਾਲੀ ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੁਸ਼ਮਣ ਦਾ ਬਹਾਦਰੀ ਨਾਲ ਮੁਕਾਬਲਾ ਕਰ ਕੇ ਅਨੋਖਾ ਇਤਿਹਾਸ ਸਿਰਜਿਆ। ਇਤਿਹਾਸ ਦੇ ਪੰਨਿਆਂ ‘ਤੇ ਝਾਤ ਮਾਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ ਛੱਡਣ ਮਗਰੋਂ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਨੇ ਸਭ ਕਸਮਾਂ ਵਾਅਦੇ ਤੋੜ ਕੇ ਸਰਸਾ ਨਦੀ ‘ਤੇ ਗੁਰੂ ਸਾਹਿਬ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ। ਇਥੇ ਹੀ ਗੁਰੂ ਸਾਹਿਬ ਜੀ ਦਾ ਪਰਿਵਾਰ ਅਤੇ ਪਿਆਰੇ ਸਿੰਘ ਵਿਛੜ ਗਏ। ਗੁਰੂ ਜੀ ਵੱਡੇ ਸ਼ਾਹਿਬਜ਼ਾਦੇ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਵੱਲ ਚਲੇ ਗਏ ਜਦਕਿ ਮਾਤਾ ਗੁਜ਼ਰੀ ਜੀ ਛੋਟੇ ਸ਼ਾਹਿਬਜਾਦਿਆਂ ਨਾਲ ਵੱਖ ਹੋ ਗਏ। ਦਸਮੇਸ਼ ਪਿਤਾ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਵਿਚ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਪੁਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਚਮਕੌਰ ਦੀ ਇਸ ਜੰਗ ਅੰਦਰ ਗੁਰੂ ਜੀ ਦੀ ਆਗਿਆ ਅਨੁਸਾਰ ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਸਾਹਿਬ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਜਾਂਦੇ ਹੀ ਮੁਗ਼ਲ ਫੌਜ ਨੂੰ ਭਾਜੜ ਪਾ ਦਿੱਤੀ ਅਤੇ ਸ਼ਸਤਰ-ਬਾਜ਼ੀ ਦੇ ਉਹ ਜੌਹਰ ਵਿਖਾਏ ਕਿ ਕਹਿੰਦੇ-ਕਹਾਉਂਦੇ ਤਲਵਾਰ ਦੇ ਧਨੀ ਤੇ ਤੀਰ-ਅੰਦਾਜ਼ ਭੱਜਣ ਦਾ ਰਾਹ ਲੱਭਣ ਲੱਗੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਵੀ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਅੱਲ੍ਹਾ ਯਾਰ ਖਾਂ ਜੋਗੀ ਅਨੁਸਾਰ ਇਹ ਪਲ ਬੇਹੱਦ ਭਾਵੁਕ ਸਨ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਨੂੰ ਵੱਡੇ ਵੀਰ ਜਿੰਨਾ ਜੰਗ-ਯੁੱਧ ਕਰਨ ਦਾ ਗਿਆਨ ਨਹੀਂ ਹੈ, ਪਰੰਤੂ ਮਰਨਾ ਤਾਂ ਮੈਨੂੰ ਵੀ ਆਉਂਦਾ ਹੀ ਹੈ। ਅਲ੍ਹਾ ਯਾਰ ਖਾਂ ਜੋਗੀ ਨੇ ਇਸ ਸਮੇਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ।
(ਗੰਜਿ ਸ਼ਹੀਦਾਂ)
ਸਤਿਗੁਰਾਂ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿਚ ਜੂਝਣ ਲਈ ਤੋਰਿਆ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਗਿਆ। ਚਮਕੌਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਤਿਹਾਸ ਵਿਚ ਇਸ ਦਾ ਵਿਲੱਖਣ ਸਥਾਨ ਹੈ। ਇਹੋ ਕਾਰਨ ਹੈ ਕਿ ਅੱਜ ਇਹ ਧਰਤੀ ਪੂਜਣ ਯੋਗ ਹੈ ਦੁਨੀਆਂ ਭਰ ਤੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਇਥੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੁੰਦੀਆਂ ਹਨ ਅਤੇ ਪਵਿੱਤਰ ਚਰਨ ਧੂੜੀ ਮੱਥੇ ਨੂੰ ਲਾ ਕੇ ਧੰਨ-ਧੰਨ ਹੁੰਦੀਆਂ ਹਨ। ਸਿੱਖ ਇਤਿਹਾਸ ‘ਚ ‘ਸਾਕਾ ਚਮਕੌਰ’ ਸੂਰਬੀਰਤਾ ਦੀ ਅਨੋਖੀ ਦਾਸਤਾਨ ਹੈ ਜੋ ਕੌਮੀ ਅਣਖ ‘ਤੇ ਪਹਿਰਾ ਦਿੰਦਿਆਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ।
ਚਮਕੌਰ ਦੀ ਕੱਚੀ ਗੜ੍ਹੀ ਵਿਚ ਜਿਸ ਸੂਰਮਤਾਈ ਨਾਲ ਚਾਲੀ ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਟਾਕਰਾ ਕੀਤਾ, ਸਿੰਘਾਂ ਨੂੰ ਜੂਝਦੇ ਵੇਖ ਕੇ ਜਿਵੇਂ ਸਾਹਿਬਜ਼ਾਦਿਆਂ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ, ਜਿਸ ਕਦਰ ਸਤਿਗੁਰੂ ਜੀ ਨੇ ਆਪਣੇ ਹੱਥੀਂ ਸ਼ਸਤਰ ਸਜਾ ਕੇ ਦੁਲਾਰਿਆਂ ਨੂੰ ਜੰਗ ਵਿਚ ਲੜਨ ਲਈ ਤੋਰਿਆ, ਸਰੀਰ ਛਲਨੀ-ਛਲਨੀ ਹੁੰਦੇ ਤੱਕੇ, ਸ਼ਹੀਦੀ ਉਪਰੰਤ ਫ਼ਤਹਿ ਦੇ ਜੈਕਾਰੇ ਗਜਾਏ ਤੇ ਅਕਾਲ ਪੁਰਖ ਦਾ ਕੋਟਾਨ-ਕੋਟ ਸ਼ੁਕਰਾਨਾ ਕੀਤਾ, ਅਜਿਹਾ ਦੁਨੀਆਂ ਨੇ ਨਾ ਤਾਂ ਕਦੇ ਪਹਿਲਾਂ ਵੇਖਿਆ ਸੀ ਅਤੇ ਸ਼ਾਇਦ ਅੱਗੇ ਵੀ ਨਾ ਵੇਖ ਸਕੇ। ਇਹ ਬਿਲਕੁਲ ਸੱਚ ਹੈ ਅਤੇ ਇਤਿਹਾਸ ਇਸ ਨੂੰ ਸਦਾ ਸ਼ਾਨ ਨਾਲ ਪੇਸ਼ ਕਰਦਾ ਰਹੇਗਾ।