ਅੰਮ੍ਰਿਤਸਰ, 22 ਮਈ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਕਣਕ ਅਤੇ ਹੋਰ ਰਸਦਾਂ ਭੇਟ ਕਰਨ ਵਾਲਿਆਂ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਇਲਾਵਾ ਦੇਸ਼ ਦੁਨੀਆਂ ਦੇ ਸ਼ਰਧਾਲੂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਮਾਇਆ ਭੇਜਕੇ ਵੀ ਸ਼ਰਧਾ ਪ੍ਰਗਟਾ ਰਹੇ ਹਨ। ਇਸੇ ਤਹਿਤ ਅੱਜ ਜਿਥੇ ਮੁੰਬਈ ਨਿਵਾਸੀ ਸ. ਭੁਪਿੰਦਰ ਸਿੰਘ ਮਿਨਹਾਸ ਵੱਲੋਂ ਗਿਆਰਾਂ ਲੱਖ ਰੁਪਏ ਲੰਗਰ ਲਈ ਭੇਜੇ ਗਏ ਉਥੇ ਹੀ ਵੱਖ-ਵੱਖ ਹਲਕਿਆਂ ਤੋਂ ਸੰਗਤਾਂ ਕਣਕ ਲੈ ਕੇ ਵੀ ਪੁੱਜੀਆਂ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਰਘਬੀਰ ਸਿੰਘ ਜਖੇਪਲ ਤੇ ਸ. ਬਲਦੇਵ ਸਿੰਘ ਮਾਨ ਸਾਬਕਾ ਵਿਧਾਇਕ ਦੀ ਅਗਵਾਈ ਵਿਚ ਸੰਗਤਾਂ ਨੇ ਤਿੰਨ ਟਰੱਕ ਕਣਕ ਭੇਟ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਤੋਂ ਸ. ਨਰਿੰਦਰ ਸਿੰਘ ਬਾੜਾ ਵੱਲੋਂ ਵੀ ਵੱਡੀ ਮਾਤਰਾ ਵਿਚ ਕਣਕ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਦੀ ਪ੍ਰੇਰਨਾ ਨਾਲ ਹਰਿਆਣਾ ਦੇ ਪਹੇਵਾ ਨਿਵਾਸੀ ਸ. ਖੁਸ਼ਵੰਤ ਸਿੰਘ ਅਤੇ ਅੰਮ੍ਰਿਤਸਰ ਵਾਸੀ ਸ. ਦਵਿੰਦਰ ਸਿੰਘ ਵੱਲੋਂ ਵੀ 90 ਕੁਇੰਟਲ ਕਣਕ ਦੀ ਸੇਵਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸੰਗਤ ਵੱਲੋਂ ਗੁਰੂ ਘਰ ਲਈ ਰਸਦਾਂ ਤੇ ਮਾਇਆ ਭੇਟ ਕਰਨ ਲਈ ਭਾਰੀ ਉੇਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਮੁਬੰਈ ਨਿਵਾਸੀ ਉੱਘੇ ਕਾਰੋਬਾਰੀ ਸ. ਭੁਪਿੰਦਰ ਸਿੰਘ ਮਿਨਹਾਸ ਵੱਲੋਂ ਗਿਆਰਾਂ ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸੰਗਤਾਂ ਨੇ ਸੇਵਾ ਭੇਜ ਕੇ ਸ਼ਰਧਾ ਪ੍ਰਗਟਾਈ ਹੈ। ਜੇ.ਆਈ.ਐਸ. ਯੂਨੀਵਰਸਿਟੀ ਦੇ ਮਾਲਿਕ ਸ. ਤਰਨਜੀਤ ਸਿੰਘ ਨਰੂਲਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ 21 ਲੱਖ ਰੁਪਏ ਭੇਜੇ ਗਏ ਸਨ। ਉਨ੍ਹਾਂ ਨੇ 11-11 ਲੱਖ ਰੁਪਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲੰਗਰਾਂ ਲਈ ਵੀ ਭੇਜੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਤਨ-ਮਨ ਧਨ ਨਾਲ ਗੁਰੂ ਘਰ ਲਈ ਸੇਵਾ ਭੇਜ ਰਹੀਆਂ ਹਨ। ਇਸੇ ਦੌਰਾਨ ਲੰਗਰ ਲਈ ਸੇਵਾ ਭੇਜਣ ਵਾਲੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਸੁਖਵਰਸ਼ ਸਿੰਘ ਪੰਨੂੰ, ਸਕੱਤਰ ਸ. ਮਨਜੀਤ ਸਿੰਘ ਬਾਠ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਮੁਖਤਾਰ ਸਿੰਘ, ਸ. ਸੁਖਬੀਰ ਸਿੰਘ ਵਧੀਕ ਮੈਨੇਜਰ, ਸ. ਮਲਕੀਤ ਸਿੰਘ ਬਹਿੜਵਾਲ, ਸ. ਨਿਰਮਲ ਸਿੰਘ, ਭਾਈ ਹਰਪਿੰਦਰ ਸਿੰਘ ਜੰਮੂ, ਸ. ਗੁਲਜ਼ਾਰ ਸਿੰਘ, ਸ. ਬਿਕਰ ਸਿੰਘ ਧਰਮਗੜ੍ਹ, ਕੈਪਟਨ ਅਮਰੀਕ ਸਿੰਘ, ਐਡਵੋਕੇਟ ਅਮਨਪ੍ਰੀਤ ਸਿੰਘ ਬਾੜਾ, ਗਿਆਨੀ ਗੁਰਜੰਟ ਸਿੰਘ, ਸ. ਸਤਬੀਰ ਸਿੰਘ, ਸ. ਗੁਰਮੇਲ ਸਿੰਘ ਫੌਜੀ, ਸ. ਸੁਬੇਗ ਸਿੰਘ ਆਦਿ ਮੌਜੂਦ ਸਨ।