ਸਿਮਰੌ ਸ੍ਰੀ ਹਰਿ ਰਾਇ

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਆਪ ਸ੍ਰੀ  ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਆਪ ਜੀ ਦਾ ਪ੍ਰਕਾਸ਼ ਮਾਘ ਸੁਦੀ ੨ ਸੰਮਤ ੧੬੮੬ ਬਿ: ੧੩ ਜਨਵਰੀ, ੧੬੩੦ ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ ਸੁਭਾਅ ਅਤੇ ਪਰਮੇਸ਼ਰ ਦੀ ਭਜਨ-ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਪ੍ਰੇਮ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿੱਚ ਰਹਿੰਦੇ ਸਨ।
ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। ੧੬੪੪ ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿਛੋਂ ਗੁਰੂ ਗੱਦੀ ਦੀ ਪੂਰੀ ਜਿੰਮੇਵਾਰੀ ਆਪ ਨੇ ਸੰਭਾਲੀ। ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ ੨੨੦੦ ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁੱਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ, ਪਰ ਉਹ ਲੜਾਈ ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਇਥੇ ਇਹ ਵੀ ਵਰਨਣਯੋਗ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਹਮਲਾਵਰ ਦਾ ਮੁੰਹ ਜਰੂਰ ਮੋੜਿਆ ਅਤੇ ਉਸਨੂੰ ਧੂਲ ਚੱਟਾ ਦਿਤੀ। ਆਪ ਜੀ ਦਾ ਬਹੁਤ ਸਮਾਂ ਪਰਮੇਸਰ ਦੀ ਭਗਤੀ ਵਿੱਚ ਹੀ ਬਤੀਤ ਹੁੰਦਾ। ਗੁਰੂ ਜੀ ਦਿਆਲੂ ਵੀ ਬਹੁਤ ਸਨ। ਕਿਸੇ ਸਵਾਲੀ ਜਾਂ ਸ਼ਰਣ ਆਏ ਨੂੰ ਕਦੇ ਜਵਾਬ ਨਹੀਂ ਸਨ ਦਿੰਦੇ। ਗੁਰੂ ਜੀ ਦੇ ਖਜਾਨੇ ਵਿੱਚ ਬਹੁਤ ਦੁਰਲੱਭ ਅਤੇ ਕੀਮਤੀ ਚੀਜਾਂ ਜਮ੍ਹਾਂ ਹੋ ਗਈਆਂ ਸਨ। ਸੰਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸੇਸ਼ ਤੌਰ ‘ਤੇ ਸੰਭਾਲੇ ਜਾਂਦੇ ਸਨ ਕਿਉਂ ਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ। ਇਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾਸ਼ਿਕੋਹ ਬਹੁਤ ਬਿਮਾਰ ਹੋ ਗਿਆ। ਹਕੀਮਾਂ ਨੇ ਦੱਸਿਆ ਕਿ ਇਹਦੇ ਰਾਜ਼ੀ ਕਰਨ ਲਈ ਦਸ ਤੋਲੇ ਦੀ ਹਰੜ ਅਤੇ ਮਾਸੇ ਦਾ ਲੋਂਗ ਚਾਹੀਦੇ ਹਨ। ਇਹ ਚੀਜਾਂ ਕਿਤੋਂ ਨਾ ਲੱਭੀਆਂ ਤਾਂ ਪੀਰ ਹਸਨ ਅਲੀ ਅਤੇ ਸ਼ੇਖ ਅਲੀ ਗੰਗੋਹੀ ਨੇ ਦੱਸਿਆ ਕਿ ਇਹ ਦੁਰਲੱਭ ਚੀਜਾਂ ਉਨ੍ਹਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਖਜਾਨੇ ਵਿੱਚ ਵੇਖੀਆਂ ਹਨ। ਸ਼ਾਹ ਜਹਾਨ ਨੇ ਆਕਲ ਖਾਂ ਅਤੇ ਗੁਲਬੇਲ ਖਾਂ ਨੂੰ ਗੁਰੂ ਜੀ ਪਾਸੋਂ ਇਹ ਅਮੋਲਕ ਪਦਾਰਥ ਲੈਣ ਲਈ ਭੇਜਿਆ। ਉਹਨਾਂ ਨੇ ਗੁਰੂ ਜੀ ਨੂੰ ਆਕੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਇਹ ਦੋਵੇਂ ਚੀਜਾਂ ਮੰਗਵਾਕੇ ਦਿੱਤੀਆਂ। ਜਿਸ ਤੋਂ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। ੧੭੦੭ ਬਿ: ਵਿੱਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਬਾਦਸ਼ਾਹ ਨਾਲ ਭਾਵੇਂ ਗੁਰੂ ਘਰ ਦੇ ਸਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇਕੇ ਸ਼ਹੀਦ ਕੀਤਾ ਸੀ। ਪਰਤੂੰ ਗੁਰੂ ਘਰ ਦਾ ਬਿਰਦ ਹੈ, ‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥’ ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਚਾਲੂ ਪਰੰਪਰਾਵਾਂ ਅਨੁਸਾਰ ਗੁਰੂ ਘਰ ਵਿੱਚ ਆਤਮਕ ਉਪਦੇਸ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ, ‘ਮੇਰਾ ਬੈਦੁ ਗੁਰੂ ਗੋਵਿੰਦਾ॥’ ਅਤੇ ‘ਸਤਿਗੁਰੂ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੈ’ ਗੁਰੂ ਜੀ ਦੀ ਮਹਿਮਾ ਹੈ। ਨੋਜੁਆਨਾਂ ਨੂੰ ਸਿਹਤਯਾਬ, ਰਿਸਟ-ਪੁਸਟ ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਅਰੰਭਤਾ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ ਜਸ ਸੁਣਕੇ ਗੁਰੂ ਜੀ ਦੀ ਸਰਣ ਵਿੱਚ ਆਇਆ। ਉਹ ਝੋਲੇ ਦਾ ਮਰੀਜ ਸੀ। ਉਹ ਪਾਲਕੀ ਵਿੱਚ ਬੈਠਕੇ ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋਕੇ ਘਰ ਗਿਆ।
ਗੁਰੂ ਸਾਹਿਬ ਜੀ ਦੇ ਜੀਵਨ ਦੇ ਹੋਰ ਪੱਖਾਂ ਵਿੱਚ ਉਨ੍ਹਾਂ ਦਾ ਨਰਮ ਅਤੇ ਕੋਮਲ ਸੁਭਾਅ ਪਰਤੂੰ ਗੁਰਮਤਿ ਸਿਧਾਂਤਾਂ ਦੀ ਪਾਲਣਾ ਵਿੱਚ ਪੱਕੇ ਤੌਰ ਤੇ ਅਚੱਲ ਦ੍ਰਿੜ ਇਰਾਦਾ ਸੀ। ਸਿਧਾਂਤ ਅਤੇ ਮਰਿਆਦਾ ਦੇ ਮਸਲੇ ਵਿੱਚ ਗੁਰੂ ਜੀ ਕਦੇ ਵੀ ਕਿਸੇ ਕਿਸਮ ਦੀ ਢਿੱਲ ਨੂੰ ਪਸੰਦ ਨਹੀਂ ਕਰਦੇ ਸਨ। ਦੁਸਟ ਲੋਕਾਂ ਦੇ ਸਿਖਾਏ ਹੋਏ ਔਰੰਗਜੇਬ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਨੇ ਚੋਣਵੇਂ ਗੁਰਸਿੱਖਾਂ ਦੀ ਰਾਇ ਅਨੁਸਾਰ ਆਪਣੀ ਥਾਂ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜੇਬ ਪਾਸ ਭੇਜ ਦਿੱਤਾ। ਬਾਬਾ ਰਾਮ ਰਾਇ ਜੀ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਆਗਿਆ ਦੇ ਉਲਟ ਬਹੁਤ ਸਾਰੀਆਂ ਕਰਾਮਾਤਾਂ ਦਿਖਾਕੇ ਔਰੰਗਜੇਬ ਨੂੰ ਖੁਸ਼ ਕਰਨ ਦੀ ਕੋਸ਼ਿਸ ਕੀਤੀ ਪਰ ਔਰੰਗਜੇਬ ਵੀ ਪੱਕਾ ਜਨੂੰਨੀ ਸੀ। ਉਹ ਵੀ ਵਾਰ-ਵਾਰ ਬਾਬਾ ਰਾਮ ਰਾਇ ਦੀ ਪ੍ਰੀਖਿਆ ਲੈਂਦਾ ਹੀ ਰਿਹਾ। ਇਕ ਦਿਨ ਉਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਤੁੱਕ ਪੜੀ, ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ@ਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥’ ਤਾਂ ਬਾਬਾ ਰਾਮ ਰਾਇ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿੱਟੀ ਬੇਈਮਾਨ ਕੀ ਕਿਹਾ ਹੈ। ਕਿਸੇ ਲਿਖਾਰੀ ਨੇ ਗਲਤੀ ਨਾਲ ਮੁਸਲਮਾਨ ਲਿੱਖ ਦਿੱਤਾ ਹੋਵੇਗਾ। ਸ੍ਰੀ ਗੁਰੂ ਹਰਿ ਰਾਇ ਜੀ ਨੂੰ ਜਦੋਂ ਇਸ ਗੱਲ ਦੀ ਖ਼ਬਰ ਮਿੱਲੀ ਤਾਂ ਉਹ ਬਹੁਤ ਨਰਾਜ ਹੋਏ ਅਤੇ ਕਿਹਾ ਕਿ ਰਾਮ ਰਾਇ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਬੱਦਲਿਆ ਹੈ। ਇਸ ਲਈ ਸਾਨੂੰ ਆਪਣੀ ਸ਼ਕਲ ਨਾ ਦਿਖਾਏ। ਉਹਨਾਂ ਸਿੱਖ ਸੰਗਤਾਂ ਨੂੰ ਬਾਬਾ ਰਾਮ ਰਾਇ ਨਾਲ ਮੇਲ ਨਾ ਰੱਖਣ ਲਈ ਹੁਕਮਨਾਮੇ ਭੇਜ ਦਿੱਤੇ।
ਰਾਮ ਰਾਇ ਪਿਤਾ ਦੀ ਨਰਾਜਗੀ ਤੋਂ ਫਿਕਰਮੰਦ ਹੋਇਆ-ਹੋਇਆ ਦਿੱਲੀ ਤੋਂ ਚੱਲਕੇ ਕੀਰਤਪੁਰ ਸਾਹਿਬ ਆਇਆ ਤਾਂ ਗੁਰੂ ਜੀ ਨੇ ਦਰਵਾਜੇ ਬੰਦ ਕਰਵਾ ਦਿੱਤੇ ਅਤੇ ਅੰਦਰ ਨਾ ਵੜਨ ਦਿੱਤਾ। ਬਾਬਾ ਰਾਮ ਰਾਇ ਇਧਰ-ਉਧਰ ਫਿਰਦਾ ਰਿਹਾ ਕਿਸੇ ਨੇ ਉਸ ਨੂੰ ਮੂੰਹ ਨਾ ਲਾਇਆ। ਉਹ ਕੁਝ ਦੇਰ ਧੀਰ ਮੱਲ ਕੋਲ ਰਿਹਾ। ਫਿਰ ਲਾਹੌਰ ਮੀਆਂ ਮੀਰ ਕੋਲ ਚੱਲਾ ਗਿਆ ਅਤੇ ਗੱਦੀ ਪ੍ਰਾਪਤ ਕਰਨ ਦੇ ਯਤਨ ਕੀਤੇ ਪਰ ਸਾਈਂ ਮੀਆ ਮੀਰ ਜੀ ਨੇ ਕੋਈ ਮਦੱਦ ਨਾ ਕੀਤੀ ਕਿਉਂ ਕਿ ਉਸਦੇ ਮਨ ਵਿੱਚ ਗੁਰੂ ਅਤੇ ਗੁਰੂ ਘਰ ਪ੍ਰਤੀ ਬਹੁਤ ਸਤਿਕਾਰ ਸੀ ਅਤੇ ਉਸ ਨੂੰ ਗੁਰੂ ਘਰ ਦੀ ਰਵਾਇਤ ਅਤੇ ਪਰੰਪਰਾ ਬਾਰੇ ਬਾਖੂਬੀ ਜਾਣਕਾਰੀ ਸੀ। ਅੰਤ ਪੰਜਾਬ ਵਿਚੋਂ ਨਰਾਸ ਹੋਕੇ ਦਿੱਲੀ ਨੂੰ ਤੁਰ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈਕੇ ਇਹ ਗੁਰੂ ਘਰ ਦੀ ਪਰੰਪਰਾ ਰਹੀ ਹੈ ਕਿ ਪੁੱਤਰਾਂ ਨਾਲੋਂ ਪਰਮੇਸਰ ਦੀ ਮਰਜੀ ਅਤੇ ਸਿਧਾਂਤ ਨੂੰ ਪ੍ਰਮੁੱਖ ਸਮਝਿਆ ਜਾਂਦਾ ਹੈ। ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਉੱਤੇ ਬਿਠਾਉਣ ਦੀ ਰਸਮ ਅਦਾ ਕੀਤੀ ਅਤੇ ਆਪ ਜੀ ਕੱਤਕਵਦੀ ੯ ਸੰਮਤ ੧੭੧੮ ਬਿਕਰਮੀ ਨੂੰ ਜੋਤੀ-ਜੋਤਿ ਸਮਾ ਗਏ।
ਭਾਈ ਨੰਦ ਲਾਲ ਜੀ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਸਿਫਤ ਕਰਦੇ ਹੋਏ ਲਿਖਿਆ ਹੈ:-
ਸ਼ਾਹਨ ਸ਼ਹਿ ਹਕ ਨਸਕ ਗੁਰੂ ਕਰਤਾ ਹਰ ਰਾਇ।
ਫਰਮਾਂ ਦੇਹ ਨੋਹ ਤਥਕ ਗੁਰੂ ਕਰਤਾ ਹਰ ਰਾਇ।
ਗਰਦਨ ਜ਼ਨਿ ਸਰਕਸ਼ਾਂ ਗੁਰੂ ਕਰਤਾ ਹਰ ਰਾਇ।
ਯਾਰਿ ਮੁਤਜ਼ਰ ਆਂ ਗੁਰੂ ਕਰਤਾ ਹਰ ਰਾਇ।
ਭਾਵ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਾਹਿਗੁਰੂ ਦੀ ਸੋਝੀ ਦੇਣ ਵਾਲੇ ਸ਼ਹਿਨਸ਼ਾਹ ਹਨ ਅਤੇ ਨੌਂ ਅਕਾਸ਼ਾਂ ਦੇ ਮਾਲਕ ਹਨ। ਉਹ ਨਿੰਦਕਾਂ ਦਾ ਨਾਸ਼ ਕਰਨ ਵਾਲੇ ਹਨ ਅਤੇ ਨਿਰਮਾਣ ਸੇਵਕਾਂ ਦੀ ਸਹਾਇਤਾ ਕਰਦੇ ਹਨ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਅਤੇ ਗੁਰਮਤਿ ਸਿਧਾਂਤ ਦੇ ਮਿਸਾਲੀ ਪਹਿਰੇਦਾਰ ਹੋਣ ਬਾਰੇ ਉਕਤ ਚਰਚਾ ਸਾਡੇ ਸਾਰਿਆਂ ਲਈ ਇਕ ਚਾਨਣ-ਮੁਨਾਰੇ ਦਾ ਕਾਰਜ ਕਰਦੀ ਹੈ। ਅੱਜ ਜਦੋਂ ਮਨੁੱਖੀ ਰਿਸਤੇ ਤਾਰ-ਤਾਰ ਹੋ ਰਹੇ ਹਨ। ਨਿਜੀ ਸੁਆਰਥਾਂ ਅਤੇ ਔਲਾਦ ਦੇ ਮੋਹ ਕਰਕੇ ਆਪਣੇ ਮਹਾਨ ਸਿਧਾਂਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੌਮੀ ਨੁਕਸਾਨ ਕੀਤਾ ਜਾ ਰਿਹਾ ਹੈ। ਦੇਸ਼ ਦਾ ਸਭ ਕੁਝ ਦਾਅ ਉਤੇ ਲਾਇਆ ਜਾ ਰਿਹਾ ਹੈ। ਧਾਰਮਿਕ ਸਿਧਾਂਤ ਅਤੇ ਮਰਿਆਦਾ ਲੀਰੋ-ਲੀਰ ਕੀਤੀ ਜਾ ਰਹੀ ਹੈ। ਸਮਾਜਿਕ ਸਿਸਟਮ ਤਹਿਸ-ਨਹਿਸ ਹੋ ਰਿਹਾ ਹੈ। ਅਸੀਂ ਆਪਣੇ ਮਹਾਨ ਅਤੇ ਉੱਤਮ ਸਭਿਆਚਾਰ ਨੂੰ ਤਿਲਾਂਜਲੀ ਦੇਕੇ ਦੂਜਿਆਂ ਦੇ ਸਭਿਆਚਾਰ ਨੂੰ ਅਪਣਾ ਰਹੇ ਹਾਂ। ਉਸ ਨਾਲ ‘ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥’ ਤਥਾ ‘ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥’ ਵਾਲੀ ਸਾਡੀ ਹਾਲਤ ਹੋ ਰਹੀ ਹੈ, ਜੋ ਘਾਤਕ ਹੈ। ਸਾਨੂੰ ਆਪਣੇ ਸਰੋਤ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ ਅਤੇ ਆਪਣੇ ਸਭਿਆਚਾਰ ਨਾਲ ਜੁੜਨਾ ਹੋਵੇਗਾ। ਅਸਲ ਵਿੱਚ ਵਿਗਿਆਨਕ ਤਰੱਕੀ ਪਰਤੂੰ ਅਧਿਆਤਮਕ ਅਤੇ ਸਭਿਆਚਾਰਕ ਅਧੋਗਤੀ ਦੇ ਵਰਤਮਾਨ ਦੌਰ ਦੌਰਾਨ ਸਾਡੇ ਲਈ ਸਹੀ ਰਸਤਾ ਆਪਣੇ ਪਿਛੋਕੜ ਨਾਲ ਜੁੜਦਿਆਂ ਹੋਇਆ ਆਪਣੇ ਵਰਤਮਾਨ ਵਿਚ ਸੁਚੇਤ ਹੋਕੇ ਵਿਚਰਦਿਆਂ ਭਵਿੱਖਮੁੱਖੀ ਹੋਣਾ ਹੋਵੇਗਾ ਤਥਾ ਸਾਡੇ ਪੈਰ ਸਾਡੀ ਜਮੀਨ ਉਤੇ ਪੱਕੇ ਤੌਰ ਉਤੇ ਟਿਕੇ ਰਹਿਣ ਅਤੇ ਵਰਤਮਾਨ ਵਿਚ ਕਿਰਿਆਸ਼ੀਲ ਹੁੰਦਿਆ ਸਾਡੇ ਸਿਰ ਅਤੇ ਸੋਚ ਦਾ ਅਸਮਾਨ ਵਿਚ ਹੋਣਾ ਹੀ ਯੋਗ ਹੋਵੇਗਾ।
ਇਸ ਦੇ ਨਾਲ ਹੀ ਇਹ ਤੱਥ ਵੀ ਸਪੱਸਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ, ਸੰਤਾ-ਮਹਾਪੁਰਸਾਂ, ਭੱਟਾਂ ਅਤੇ ਗੁਰਸਿੱਖਾਂ ਵੱਲੋਂ ਉਚਾਰੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜਿਸ ਦਾ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਅਤੇ ਜਿਸ ਦੀ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਗਈ, ਉਸ ਵਿਚ ਕਿਸੇ ਇਕ ਵਿਅਕਤੀ ਜਾਂ ਸੰਸਾਰ ਭਰ ਵਿਚ ਵਸ ਰਹੇ ਸਮੁੱਚੇ ਸਿੱਖ ਜਗਤ ਜਾਂ ਕਿਸੇ ਵੀ ਸੰਸਥਾ ਜਾਂ ਵਿਅਕਤੀ ਭਾਵੇਂ ਉਹ ਕਿਤਨਾਂ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨਾਲ ਛੇੜ-ਛਾੜ ਕਰਨ, ਤਬਦੀਲੀ ਕਰਨ, ਇਥੋਂ ਤੀਕ ਕਿ ਗੁਰਬਾਣੀ ਦੀ ਲਗ, ਮਾਤਰ ਵਿਚ ਤਬਦੀਲੀ ਕਰਨ ਦਾ ਵੀ ਅਧਿਕਾਰ ਨਹੀਂ ਹੈ, ਇਹ ਵੀ ਇਕ ਸੱਚਾਈ ਹੀ ਹੈ ਕਿ ਮੁੱਢ ਤੋਂ ਹੀ ਪੰਥ ਦੋਖੀ ਅਤੇ ਗੁਰਮਤਿ ਵਿਰੋਧੀ ਸ਼ਕਤੀਆਂ ਗੁਰਬਾਣੀ ਨਾਲ ਛੇੜ-ਛਾੜ ਕਰਨ ਲਈ ਯਤਨਸ਼ੀਲ ਰਹੀਆਂ ਹਨ ਭਾਵੇਂ ਉਹਨਾਂ ਨੂੰ ਹਮੇਸ਼ਾ ਹੀ ਮੂੰਹ ਦੀ ਖਾਣੀ ਪਈ ਹੈ। ਆਧੁਨਿਕ ਸਮੇਂ ਦੇ ਕੁਝ ਨਕਲੀ ਅਭਿਮਾਨੀ ਵਿਦਵਾਨ, ਅਖੌਤੀ ਵਿਗਿਆਨੀ, ਖੋਜੀ, ਤਰੱਕ ਰਹਿਤ ਤਰਕਸ਼ੀਲ ਅਤੇ ਡੇਰੇਦਾਰ ਮਨਮਤ ਅਤੇ ਹਉਮੇ ਦੇ ਸ਼ਿਕਾਰ ਹੋਕੇ ਅਜਿਹੇ ਸੜਿਆਂਤਰ ਰਚ ਰਹੇ ਹਨ ਪਰਤੂੰ ਉਹਨਾਂ ਨੂੰ ਕਦੀ ਵੀ ਸਫਲਤਾ ਨਹੀਂ ਮਿਲੇਗੀ ਪਰਤੂੰ ਇਸ ਦੇ ਨਾਲ ਹੀ ਸਿੱਖ ਪੰਥ ਨੂੰ ਵੀ ਸੁਚੇਤ ਰਹਿਣਾ ਹੋਵੇਗਾ ਕਿਉਂ ਕਿ ਚੋਰਾਂ ਅਤੇ ਡਾਕੂਆਂ ਨੇ ਆਪਣੇ ਕੰਮ ਵਿਚ ਲੱਗੇ ਰਹਿਣਾ ਹੈ ਪਰਤੂੰ ਘਰ ਦੇ ਵਾਰਸਾਂ ਨੂੰ ਸੁਜੱਗ ਹੋਕੇ ਉਸਦੀ ਰਾਖੀ ਕਰਨੀ ਹੀ ਹੋਵੇਗੀ। ਘਰ ਹਮੇਸ਼ਾ ਹੀ ਸੁੱਤਿਆਂ ਜਾਂ ਅਵੇਸਲਿਆਂ ਦੇ ਹੀ ਲੁੱਟੇ ਜਾਂਦੇ ਹਨ ਪਰਤੂੰ ਜਾਗਦਿਆਂ ਵੱਲ ਤਾਂ ਕੋਈ ਤੱਕਣ ਦਾ ਹੌਸਲਾਂ ਜਾਂ ਜੁਅਰਤ ਨਹੀਂ ਕਰਦਾ। ਇਸ ਲਈ ਖਾਲਸਾ ਪੰਥ ਨੂੰ ਸਦ ਜਾਗਤ ਹੀ ਰਹਿਣਾ ਹੋਵੇਗਾ। ਇਹ ਘਾਤਕ ਅਤੇ ਕੌਹਝੇ ਯਤਨ ਵੱਖ-ਵੱਖ ਪੱਧਰਾ ਉੱਤੇ ਹੋ ਰਹੇ ਹਨ ਜਿਵੇਂ ਰਾਜਨੀਤਕ ਲੋਕਾਂ ਵੱਲੋਂ ਆਪਣੇ ਸੋੜੇ ਰਾਜਨੀਤਕ ਲਾਭਾਂ ਹਿੱਤ ਆਪਣੇ ਸਿਧਾਂਤ ਨਾਲ ਸਮਝੋਤਾ ਕਰਨ ਅਤੇ ਦੂਸਰੇ ਆਪਣੇ ਸਿਧਾਂਤ ਨੂੰ ਸਿੱਖ ਸਿਧਾਂਤ ਨਾਲੋਂ ਉੱਤਮ ਦੱਸਣ ਵਾਲਿਆਂ ਵੱਲੋਂ, ਆਪਣੇ ਨਿਜੀ ਸੁਆਰਥਾਂ ਹਿੱਤ ਵੱਖ-ਵੱਖ ਭੇਖਾਂ ਵਿੱਚ ਵਿਚਰ ਰਹੇ ਲੋਕਾਂ ਵੱਲੋਂ ਇਹ ਯਤਨ ਜਾਰੀ ਰਹੇ ਹਨ ਅਤੇ ਅੱਜ ਵੀ ਜਾਰੀ ਹਨ। ਸਭ ਨਾਲੋਂ ਖਤਰਨਾਕ ਗੱਲ ਉਨ੍ਹਾਂ ਦੀ ਹੈ ਜੋ ਆਪਣੇ ਨਿਜੀ ਸੁਆਰਥਾਂ ਲਈ ਸਿੱਖੀ ਭੇਸ ਵਿੱਚ ਵਿਚਰਦਿਆਂ ਵਿਰੋਧੀਆਂ, ਈਰਖਾਲੂਆਂ, ਪੰਥ ਦੋਖੀਆਂ ਦੇ ਹੱਥ ਠੋਕੇ ਬਣਕੇ ਗੁਰਮਤਿ ਸਿਧਾਂਤ ਉੱਤੇ ਵਾਰ-ਵਾਰ ਹਮਲੇ ਕਰ ਰਹੇ ਹਨ। ਇਹ ਹਮਲੇ ਅੱਜ ਵੀ ਜਾਰੀ ਹਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਕਿਉਂ ਕਿ ਬਦੀ ਹਮੇਸ਼ਾ ਹੀ ਨੇਕੀ ਨਾਲ ਟੱਕਰਾਉਂਦੀ ਆਈ ਹੈ। ਭਾਵੇਂ ਅੰਤ ਨੂੰ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥’ ਅਨੁਸਾਰ ਫ਼ਤਿਹ ਸੱਚ ਅਤੇ ਨੇਕੀ ਦੀ ਹੀ ਹੋਈ ਹੈ ਪਰਤੂੰ ਇਸ ਫ਼ਤਿਹ ਦੀ ਪ੍ਰਾਪਤੀ ਲਈ ਢੇਰ ਕੁਰਬਾਨੀਆਂ ਦੇਣੀਆਂ ਪਈਆਂ ਹਨ ਅਤੇ ਭਵਿੱਖ ਵਿੱਚ ਵੀ ਦੇਣੀਆਂ ਪੈਣਗੀਆਂ। ਇਸ ਲਈ ਖਾਲਸਾ ਪੰਥ ਨੂੰ ਸਮੇਂ ਦੀਆਂ ਚਣੌਤੀਆਂ ਨੂੰ ਸਮਝਣਾ ਹੋਵੇਗਾ ਅਤੇ ਉਹਨਾਂ ਚਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਣਾ ਹੋਵੇਗਾ ਭਾਵ ਸਮੇਂ ਦਾ ਹਾਣੀ ਹੋਣਾ ਹੋਵੇਗਾ। ਨਿਰਸੰਦੇਹ! ‘ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ।’
ਇੱਥੇ ਇਹ ਵੀ ਉਲੇਖਯੋਗ ਹੈ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਦਾ ਮੁਬਾਰਕ ਸੰਦੇਸ਼ ਦੇ ਕੇ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਸੁਚੇਤ ਕੀਤਾ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਇਸ ਅਦੁੱਤੀ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਵਾਤਾਵਰਣ ਦੀ ਸ਼ੁੱਧਤਾ ਅਤੇ ਸਰੀਰਕ ਦੁੱਖਾਂ-ਰੋਗਾਂ ਦੇ ਇਲਾਜ (ਨਿਵਰਤੀ) ਲਈ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਭਿੰਨ-ਭਿੰਨ ਬੇਸਕੀਮਤੀ ਜੜ੍ਹੀ-ਬੂਟੀਆਂ ਦਾ ਬਗੀਚਾ ਅਤੇ ਬਾਗ ਲਗਵਾਇਆ ਸੀ। ਅੱਜ ਅਸੀਂ ਆਪਣੇ ਹੀ ਵਿਨਾਸ਼ ਹਿਤ ਇਨ੍ਹਾਂ ਜੜ੍ਹੀ-ਬੂਟੀਆਂ ਤਥਾ ਬਾਗ-ਬਗੀਚਿਆਂ ਅਤੇ ਜੰਗਲ-ਬੇਲਿਆਂ ਨੂੰ ਬੜੀ ਬੇਦਰਦੀ ਨਾਲ ਤਬਾਹ ਕਰ ਰਹੇ ਹਾਂ। ਅੱਜ ਪਾਣੀ, ਹਵਾ ਅਤੇ ਧਰਤੀ ਬੁਰੀ ਤਰ੍ਹਾਂ ਪ੍ਰਦੂਸ਼ਤ ਕਰ ਦਿਤੀ ਗਈ ਹੈ। ਅਜਿਹੇ ਵਾਤਾਵਰਣ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਮਨੁੱਖ-ਮਾਤਰ ਤੇ ਪਸ਼ੂ-ਪੰਛੀਆਂ ਨੂੰ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜੋਕੀ ਲੋੜ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸਰਕਾਰੀ, ਗੈਰ ਸਰਕਾਰੀ, ਸਵੈ-ਸੇਵੀ ਸੰਸਥਾ ਵੱਲੋਂ ਛੋਟੇ ਜਾਂ ਵੱਡੇ ਰੂਪ ਵਿਚ ਵਾਤਾਵਰਣ ਦੀ ਸੰਭਾਲ ਅਤੇ ਸ਼ੁੱਧਤਾ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਤਕ ਸੁਦੀ ੧੫ ਭਾਵ ੧੪ ਨਵੰਬਰ ੨੦੧੬ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਹੋਰ ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਵਾਤਾਵਰਣ ਦੀ ਸ਼ੁੱਧਤਾ ਲਈ ਵੱਡੀ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ। ਫਿਰ ੧੦ ਦਸੰਬਰ ੨੦੧੬ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਤਕਰੀਬਨ ੧੦੦੦ ਵਾਤਾਵਰਣ ਪ੍ਰੇਮੀਆਂ ਦਾ ਵਿਸ਼ਾਲ ਇਕੱਠ ਕਰਕੇ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸੇ ਕਾਰਜ ਨੂੰ ਵਿਧੀਵਤ ਤਰੀਕੇ ਨਾਲ ਨਿਰੰਤਰ ਚਲਾਉਣ ਲਈ ਇਕ ਅਲੱਗ ਵਿਭਾਗ ਖੋਲ੍ਹ ਦਿਤਾ ਗਿਆ ਹੈ। ਗੁਰਦੁਆਰਾ ਸਾਹਿਬਾਨ ਵਿਚ ਗੁਰੂ ਸ਼ਬਦ ਅਤੇ ਗੁਰੂ ਇਤਿਹਾਸ ਦੀ ਕਥਾ ਦੇ ਨਾਲ-ਨਾਲ ਕਥਾਵਾਚਕ ਸਾਹਿਬਾਨ ਵਾਤਾਵਰਣ ਦੀ ਸਰਬਪੱਖੀ ਸ਼ੁੱਧਤਾ ਬਾਰੇ ਸੰਗਤਾਂ ਨੂੰ ਪ੍ਰੇਰਤ ਕਰਦੇ ਹਨ। ਇਸੇ ਲੜੀ ਵਿਚ ਵਾਤਾਵਰਣ ਦੀ ਸਰਬਪੱਖੀ ਸ਼ੁੱਧਤਾ ਦੀ ਲਹਿਰ ਦੇ ਬਾਨੀ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ੨੬ ਮਾਰਚ ੨੦੧੭ ਨੂੰ ਗੁਰਤਾਗੱਦੀ ਪੁਰਬ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਉੱਤੇ ਵਾਤਾਵਰਣ-ਸ਼ੁੱਧਤਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਆਓ! ਸਾਰੇ ਰਲਕੇ ਮਨੁੱਖਤਾ ਦੀ ਭਲਾਈ ਲਈ ਚਲਾਈ ਜਾ ਰਹੀ ਇਸ ਲਹਿਰ ਵਿਚ ਸ਼ਾਮਲ ਹੋਈਏ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਣ ਦਾ ਅਨਮੋਲ ਤੋਹਫਾ ਦੇ ਕੇ ਆਪਣਾ ਫਰਜ਼-ਏ-ਅਵੱਲ ਨਿਭਾਈਏ।
ਅੰਤ ਵਿਚ ਕਹਾਂਗਾ ਕਿ ਆਓ! ਸ੍ਰੀ ਗੁਰੂ ਹਰਿ ਰਾਇ ਸਾਹਿਬ ਵੱਲੋਂ ਦਰਸਾਏ ਅਦੁੱਤੀ ਅਤੇ ਵਿਲੱਖਣ ਮਾਰਗ ਦੇ ਪਾਂਧੀ ਹੋਈਏ। ਧਰਮ ਨਾਲੋਂ ਧੜੇ ਨੂੰ ਬਿਹਤਰ ਨਾ ਸਮਝੀਏ। ਜਿਹਨਾਂ ਮਹਾਨ ਗੁਰਮੁੱਖ ਜਿਉੜਿਆਂ ਨੇ ਧਰਮ, ਹੱਕ, ਸੱਚ ਅਤੇ ਸਿਧਾਂਤ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹਨਾਂ ਦੀਆਂ ਜੀਵਨੀਆਂ ਨੂੰ ਆਪਣਾ ਪੱਥ-ਪ੍ਰਦਰਸ਼ਕ ਮੰਨੀਏ, ‘ਧਰ ਪਈਏ ਧਰਮ ਨ ਛੋੜੀਏ’ ਦੇ ਸਿਧਾਂਤ ਦੇ ਰਹੱਸ ਨੂੰ ਸਮਝੀਏ ਅਤੇ ਆਪਣੇ ਜੀਵਨ ਵਿਚ ਢਾਲੀਏ। ਅਕਾਲ ਪੁਰਖ ਅੰਗ-ਸੰਗ।