ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ

-ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਅੰਮ੍ਰਿਤਸਰ।

ਸਾਕਾ ਸਰਹਿੰਦ ਦੀ ਇਤਿਹਾਸਕ ਗਾਥਾ ਰੌਂਗਟੇ ਖੜ੍ਹੇ ਕਰਨ ਵਾਲੀ ਹੈ, ਜਿਸ ਨੂੰ ਪੜ੍ਹ-ਸੁਣ ਕੇ ਕਠੋਰ ਤੋਂ ਕਠੋਰ ਹਿਰਦਾ ਵੀ ਕੰਬ ਜਾਂਦਾ ਹੈ। ਇਹ ਇਤਿਹਾਸ ਦਾ ਉਹ ਪੰਨਾ ਹੈ ਜੋ ਵਕਤ ਦੀ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਨੂੰ ਪ੍ਰਗਟ ਕਰਦਾ ਹੈ ਕਿਉਂਕਿ ਸਮੇਂ ਦੀ ਹਕੂਮਤ ਨੇ ਇਸ ਸਾਕੇ ਦੌਰਾਨ ਜ਼ੁਲਮ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਸਨ। ਇਤਿਹਾਸ ਅਨੁਸਾਰ ਮੁਗਲ ਹਕੂਮਤ ਦੀਆਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ, ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ, ਪਰ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਸਿੰਘ ਫਿਰ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵਲੋਂ ਇਹ ਵਿਸ਼ਵਾਸ ਦਿਵਾਏ ਜਾਣ ‘ਤੇ ਕਿ ਜੇਕਰ ਗੁਰੂ ਸਾਹਿਬ ਜੀ ਕਿਲ੍ਹਾ ਛੱਡ ਦੇਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ। ਇਸ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੇ ਸਲਾਹ-ਮਸ਼ਵਰੇ ਨਾਲ ਪਹਾੜੀ ਰਾਜਿਆਂ ਦੇ ਕੌਲ-ਕਰਾਰ ‘ਤੇ ਯਕੀਨ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਲਿਆ ਪਰ ਇਸ ਮਗਰੋਂ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਕਸਮਾਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡ-ਮੁੱਲਾ ਸਾਹਿਤ, ਕੀਮਤੀ ਸਾਜੋ-ਸਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਵੀ ਗੁਰੂ ਸਾਹਿਬ ਜੀ ਤੋਂ ਵਿੱਛੜ ਗਏ। ਇਤਿਹਾਸ ਅਨੁਸਾਰ ਉਨ੍ਹਾਂ ਨੂੰ ਗੰਗੂ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਮਾਤਾ ਜੀ ਕੋਲ ਸੋਨੇ ਦੀਆਂ ਮੁਹਰਾਂ ਵੇਖ ਤੇ ਸਰਕਾਰੀ ਇਨਾਮ ਦੇ ਲਾਲਚ ਨੇ ਗੰਗੂ ਦਾ ਮਨ ਡੁਲਾ ਦਿੱਤਾ। ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੂਹ ਮੋਰਿੰਡੇ ਥਾਣੇ ਦੇ ਦਿੱਤੀ, ਜਿਸ ‘ਤੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਬੰਦੀ ਬਣਾ ਪਹਿਲਾਂ ਮੁਰਿੰਡੇ ਦੀ ਕੋਤਵਾਲੀ ਪਹੁੰਚਾਇਆ ਗਿਆ ਤੇ ਫਿਰ ਸਰਹਿੰਦ ਲਿਜਾਇਆ ਗਿਆ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ। ਕਹਿਰ ਦੀ ਠੰਡ ਵਿਚ ਭੁੱਖੇ-ਭਾਣੇ ਸਾਰੀ ਰਾਤ ਦਾਦੀ ਮਾਂ ਦੀ ਗੋਦ ਵਿਚ ਬੈਠੇ ਸਾਹਿਬਜ਼ਾਦੇ ਦਾਦੀ ਮਾਂ ਪਾਸੋਂ ਪਿਤਾ ਦੀ ਸੂਰਮਗਤੀ, ਦਾਦੇ-ਪੜਦਾਦੇ ਦੀ ਕੁਰਬਾਨੀ ਦੀਆਂ ਬਾਤਾਂ ਸੁਣਦੇ, ਸਿੱਖੀ ਅਸੂਲਾਂ ‘ਤੇ ਦ੍ਰਿੜ੍ਹ ਰਹਿਣ ਦੀ ਸਿੱਖਿਆ ਲੈਂਦੇ ਰਹੇ।
ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ‘ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦਿਆਂ ਨੂੰ ਕਚਹਿਰੀ ‘ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਸਲਾਮ ਧਰਮ ਧਾਰਨ ਕਰਨ ਲਈ ਧਨ, ਦੌਲਤ, ਜਗੀਰਾਂ ਅਤੇ ਸ਼ਾਹੀ ਡੋਲਿਆਂ ਦੇ ਲਾਲਚ ਦਿੱਤੇ ਗਏ। ਲਗਾਤਾਰ ਦੋ ਦਿਨ ਲਾਲਚ, ਡਰਾਵੇ, ਧਮਕੀਆਂ ਚੱਲਦੀਆਂ ਰਹੀਆਂ, ਪਰ ਸਾਹਿਬਜ਼ਾਦਿਆਂ ਨੇ ਅਡੋਲ ਰਹਿੰਦਿਆਂ ਜੋਸ਼ੀਲੇ ਜਵਾਬ ਦਿੱਤੇ। ਮੁੱਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ। ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਸੱਦਿਆ ਗਿਆ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਲੈ ਲਵੇ। ਪਰ ਸ਼ੇਰ ਮੁਹੰਮਦ ਖਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਰਾਹੀਂ ਬਦਲਾ ਲੈਣਾ ਪਾਪ ਹੈ, ਖੁਦਾ ਦਾ ਕਹਿਰ ਹੈ। ਇਸ ਲਈ ਰੱਬ ਸਾਨੂੰ ਇਸ ਕਹਿਰ ਤੋਂ ਬਚਾ ਲਵੇ। ਸ਼ੇਰ ਮੁਹੰਮਦ ਖਾਂ ਨੇ ਯੋਗੀ ਅੱਲ੍ਹਾ ਯਾਰ ਖਾਂ ਦੀ ਜ਼ਬਾਨੀ ਇੰਜ ਆਖਿਆ:
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ।
ਅਖੀਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਉੱਤੇ ਸਜ਼ਾ ਦਾ ਭੋਰਾ ਵੀ ਗ਼ਮ ਨਹੀਂ ਸੀ ਅਤੇ ਉਹ ਜੈਕਾਰੇ ਲਾਉਂਦੇ ਹੋਏ ਸ਼ਹੀਦ ਹੋ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹੋਏ ਠੰਡੇ ਬੁਰਜ ਵਿਚ ਗੁਰਪੁਰੀ ਸਿਧਾਰ ਗਏ। ਗੁਰੂ ਘਰ ਦੇ ਅਨਿੰਨ ਪ੍ਰੇਮੀ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦੀ ਜ਼ਮੀਨ ਉੱਤੇ ਕੀਤਾ, ਇਹ ਜ਼ਮੀਨ ਸੰਸਾਰ ‘ਤੇ ਸਭ ਤੋਂ ਮਹਿੰਗੀ ਜ਼ਮੀਨ ਵਜੋਂ ਜਾਣੀ ਜਾਂਦੀ ਹੈ। ਇਸੇ ਸਥਾਨ ਪੁਰ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੀਆਂ ਜਿੰਦਾਂ ਦਾ ਵੱਡਾ ਸਾਕਾ ਹੈ। ਉਨ੍ਹਾਂ ਨੇ ਉਮਰ ਦੇ ਬੰਧਨ ਤੋੜ ਕੇ ਜਿਸ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਸੀ, aੁਹ ਲਾਸਾਨੀ ਹੈ। ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਸਾਹਸ ਨੇ ਜੋ ਸੁਹਿਰੀ ਇਤਿਹਾਸ ਸਿਰਜਿਆ, ਉਹ ਅੱਜ ਵੀ ਕੌਮ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਸਿੱਖ ਕੌਮ ਨੂੰ ਮੇਰੀ ਅਪੀਲ ਹੈ ਕਿ ਸਾਨੂੰ ਇਸ ਅਦੁੱਤੀ ਸਾਕੇ ਤੋਂ ਵਰਤਮਾਨ ਵੰਗਾਰਾਂ ਨਾਲ ਸਿੱਝਣ ਵਾਸਤੇ ਪ੍ਰੇਰਨਾ ਹਾਸਲ ਕਰਨੀ ਚਾਹੀਦੀ ਹੈ। ਸੋ ਆਓ! ਮਹਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਉਨ੍ਹਾਂ ਵਲੋਂ ਵਿਖਾਏ ਸੱਚ ਤੇ ਧਰਮ ਦੇ ਮਾਰਗ ਉਤੇ ਚੱਲਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ।