Historical Days - ਬੰਦੀ ਛੋੜ ਦਿਵਸ (ਦੀਵਾਲੀ) - 3 ਕੱਤਕ (19-10-17) | ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - 5 ਕੱਤਕ (21-10-17) | ਜਨਮ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ - 5 ਕੱਤਕ (21-10-17) | ਜਨਮ ਬਾਬਾ ਬੁੱਢਾ ਜੀ (ਕੱਥੂਨੰਗਲ) - 7 ਕੱਤਕ (23-10-17) | ਜੋਤੀ-ਜੋਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ - 9 ਕੱਤਕ (25-10-17) | ਸਥਾਪਨਾ ਚੀਫ਼ ਖਾਲਸਾ ਦੀਵਾਨ - 14 ਕੱਤਕ (30-10-17) | ਸਾਕਾ ਪੰਜਾ ਸਾਹਿਬ - 14 ਕੱਤਕ (30-10-17) | ਜਨਮ ਭਗਤ ਨਾਮਦੇਵ ਜੀ - 15 ਕੱਤਕ (31-10-17) | ਪੰਜਾਬੀ ਸੂਬਾ ਦਿਵਸ - 16 ਕੱਤਕ (01-11-17) | ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ 19 ਕੱਤਕ (04-11-17) | ਸ਼ਹੀਦੀ ਬਾਬਾ ਦੀਪ ਸਿੰਘ ਜੀ ਸ਼ਹੀਦ 30 ਕੱਤਕ (15-11-17)
 
Sarai Booking Kirtan Player Kirtan Player Kirtan Player
 

ਸ੍ਰੀ ਹਰਿਮੰਦਰ ਸਾਹਿਬ 3D Virtual Tour

3D View
 
 

Follow us on Facebook

 

29 ਮਈ ਸ਼ਹੀਦੀ ਦਿਵਸ ਤੇ ਵਿਸ਼ੇਸ਼ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖ ਧਰਮ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸ਼ਹਾਦਤ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੇ ਸਿੱਖ ਧਰਮ ਦੇ ਵਿਰੁੱਧ ਸੋਚਿਆ-ਸਮਝਿਆ ਹਮਲਾ ਸੀ। ਇਸ ਸ਼ਹਾਦਤ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਸਿਧਾਂਤਾਂ ਦੀ ਵਿਲੱਖਣਤਾ ਅਤੇ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ ਪ੍ਰਸਥਿਤੀਆਂ ‘ਤੇ ਝਾਤੀ ਮਾਰਨੀ ਜ਼ਰੂਰੀ ਹੋਵੇਗੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਧਰਮ ਦਾ ਜੋ ਨਵਾਂ ਮਾਰਗ ਸੰਸਾਰ ਨੂੰ ਵਿਖਾਇਆ ਇਹ ਮਾਰਗ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪੱਖ ਤੋਂ ਬਹੁਤ ਕ੍ਰਾਂਤੀਕਾਰੀ ਸੀ। ਗੁਰੂ ਜੀ ਦੇ ਸਮੇਂ ਇਨ੍ਹਾਂ ਸਾਰੇ ਖੇਤਰਾਂ ਵਿਚ ਬਹੁਤ ਗਿਰਾਵਟ ਆ ਚੁੱਕੀ ਸੀ। ਸਮਾਜ ਵਿਚ ਅਨਪੜ੍ਹਤਾ ਅਤੇ ਅਗਿਆਨਤਾ ਸਿਖਰ ‘ਤੇ ਸੀ। ਲੋਕਾਈ ਨੂੰ ਕੋਈ ਸੱਚ ਦਾ ਮਾਰਗ ਦਿਖਾਉਣ ਵਾਲਾ ਨਹੀਂ ਸੀ। ਧਰਮ ਦੇ ਖੇਤਰ ਵਿਚ ਚਾਰੇ ਪਾਸੇ ਝੂਠ ਪਸਰਿਆ ਹੋਇਆ ਸੀ। ਧਾਰਮਿਕ ਵਿਅਕਤੀ ਕਪਟੀ ਤੇ ਪਾਖੰਡੀ ਸਨ। ਉਹ ਲੋਕਾਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦੀ ਲੁੱਟ-ਖਸੁੱਟ ਕਰਨ ਵਿਚ ਲੱਗੇ ਹੋਏ ਸਨ। ਸਾਧਾਰਨ ਤੌਰ ‘ਤੇ ਵੀ ਸ਼ਾਸਕ ਵਰਗ ਦਾ ਪਰਜਾ ਪ੍ਰਤੀ ਵਰਤਾਉ ਨਿਖੇਧਾਤਮਕ ਸੀ। ਰਾਜੇ ਤੋਂ ਲੈ ਕੇ ਉੱਪਰ ਤੋਂ ਥੱਲੇ ਤਕ ਸਭ ਅਹਿਲਕਾਰ ਅਤੇ ਅਧਿਕਾਰੀ ਪਰਜਾ ਦਾ ਖ਼ੂਨ ਪੀਣ ‘ਤੇ ਲੱਗੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਲੋਕਾਂ ਦੇ ਕਿਰਦਾਰ ਦੀ ਨੀਚਤਾ ਨੂੰ ਬਿਆਨ ਕਰਨ ਵਿਚ ਨਾ ਤਾਂ ਕੋਈ ਕਸਰ ਛੱਡੀ ਹੈ ਤੇ ਨਾ ਕੋਈ ਲੁਕਾਅ ਰੱਖਿਆ ਹੈ। ਇਨ੍ਹਾਂ ਨੂੰ ਘਟੀਆ ਤੋਂ ਘਟੀਆ ਲੋਕ ਕਹਿ ਕੇ ਨਕਾਰਿਆ ਹੈ:

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ ੧੨੮੮)

ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਨਿਰਭੈ ਹੋ ਕੇ ‘ਸਚ ਕੀ ਬਾਣੀ’ ਸੁਣਾਈ ਸੀ ਅਤੇ ਆਖਿਆ ਸੀ; ਸਚੁ ਸੁਣਾਇਸੀ ਸਚ ਕੀ ਬੇਲਾ॥ (ਪੰਨਾ ੭੨੩) ਉਸ ਵੇਲੇ ਕੂੜ ਪ੍ਰਧਾਨ ਸੀ। ਗੁਰੂ ਜੀ ਨੂੰ ਇਹ ਪਤਾ ਸੀ ਕਿ ਕੂੜ ਦੀਆਂ ਸ਼ਕਤੀਆਂ ‘ਸਚ ਕੀ ਬਾਣੀ’ ਨੂੰ ਬਰਦਾਸ਼ਤ ਨਹੀਂ ਕਰ ਸਕਣਗੀਆਂ। ਇਸ ਸੱਚ ਧਰਮ ਨੂੰ ਸਥਾਪਤ ਕਰਨ ਲਈ ਸੰਘਰਸ਼ ਕਰਨਾ ਹੋਵੇਗਾ। ਕੂੜ ਸੱਚ ਨੂੰ ਮਿਟਾਉਣ ਲਈ ਹਰ ਸੰਭਵ ਯਤਨ ਕਰੇਗਾ।

ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਵੇਖ ਕੇ ਲੋਕੀਂ ਧੜਾ-ਧੜ ਸਿੱਖ ਧਰਮ ਨੂੰ ਅਪਣਾਉਣ ਲੱਗੇ। ਗੁਰੂ ਸਾਹਿਬਾਨ ਦੀ ਬਾਣੀ ਘਰ-ਘਰ ਪੜ੍ਹੀ ਜਾਣ ਲੱਗੀ। ਲੋਕਾਂ ਦੇ ਮਨਾਂ ਉੱਤੋਂ ਭਰਮ ਉਤਰਨ ਲੱਗਾ। ਗੁਰਬਾਣੀ ਦੇ ਸੁਣਨ ਨਾਲ ਉਨ੍ਹਾਂ ਦੇ ਮਨਾਂ ਵਿਚ ਪ੍ਰਕਾਸ਼ ਹੋਣ ਲੱਗਾ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤਕ ਸਿੱਖ ਧਰਮ ਦਾ ਕਾਫੀ ਪ੍ਰਚਾਰ ਹੋ ਗਿਆ ਸੀ। ਹਿੰਦੂ ਮੁਸਲਮਾਨਾਂ ਨੂੰ ਇਸ ਧਰਮ ਦੇ ਨਿਯਮਾਂ ਦੀ ਜਾਣਕਾਰੀ ਹੋ ਚੁੱਕੀ ਸੀ। ਕੁਝ ਲੋਕ ਇਸ ਲਹਿਰ ਤੋਂ ਅੰਦਰੋਂ-ਅੰਦਰ ਕੁਝ ਔਖੇ ਸਨ। ਪਰ ਸਿੱਖ ਧਰਮ ਨੂੰ ਅਜੇ ਸੰਤਾਂ-ਮਹਾਤਮਾਵਾਂ ਦਾ ਇਕ ਫਿਰਕਾ ਹੀ ਸਮਝਿਆ ਜਾਂਦਾ ਸੀ। ਇਸ ਲਈ ਰਾਜ-ਸ਼ਕਤੀ ਵੱਲੋਂ ਇਸ ਦਾ ਬਹੁਤਾ ਵਿਰੋਧ ਨਹੀਂ ਸੀ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਆਪਣੇ ਵੱਖਰੇ ਤੇ ਪੂਰੇ ਜਲੌ ਵਿਚ ਉਭਰ ਕੇ ਸਾਹਮਣੇ ਆਇਆ। ੧੫੮੮ ਈ: ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ। ਇਸ ਦੇ ਮੁਕੰਮਲ ਹੋਣ ਨਾਲ ਸਿੱਖ ਧਰਮ ਦਾ ਇਕ ਕੇਂਦਰੀ ਅਸਥਾਨ ਬਣ ਚੁੱਕਾ ਸੀ। ਇਥੇ ਸਭ ਨੂੰ ਆਉਣ-ਜਾਣ ਦੀ ਖੁੱਲ੍ਹ ਸੀ। ਇਥੇ ਵੱਡੀ ਗਿਣਤੀ ਵਿਚ ਹਿੰਦੂ ਮੁਸਲਮਾਨ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ। ਗੁਰੂ ਜੀ ਨੇ ੧੬੦੪ ਈ: ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰ ਦਿੱਤਾ। ਇਸ ਦਾ ਪ੍ਰਕਾਸ਼ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਚ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਹਿੰਦੁਸਤਾਨ ਦੇ ਹੋਰ ਸੱਚ ਧਰਮ ਨਾਲ ਜੁੜੇ ਸੰਤਾਂਮਹਾਤਮਾਵਾਂ ਤੇ ਫਕੀਰਾਂ ਦੀ ਬਾਣੀ ਸ਼ਾਮਲ ਕੀਤੀ ਗਈ ਸੀ। ਹੁਣ ਤਕ ਦੇ ਗ੍ਰੰਥਾਂ ਦੀ ਤੁਲਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੀ ਕਿਸਮ ਦਾ ਇਕ ਵਿਲੱਖਣ ਤੇ ਵੱਡਾ ਕਾਰਜ ਸੀ। ਗੁਰੂ ਜੀ ਦੇ ਇਨ੍ਹਾਂ ਦੋਵਾਂ ਮਹਾਨ ਕਾਰਜਾਂ ਨਾਲ ਸਿੱਖ ਧਰਮ ਹੁਣ ਅਹਿਲ-ਏ-ਮੁਕਾਮ ‘ਤੇ ਸੀ। ਇਹ ਇਕ ਨਵੇਂ-ਨਵੇਲੇ ਧਰਮ ਦੇ ਰੂਪ ਵਿਚ ਪ੍ਰਗਟ ਹੋ ਗਿਆ ਸੀ। ਗੁਰਬਾਣੀ ਦਾ ਸਿਧਾਂਤ ਹੁਣ ਲਿਖਤੀ ਰੂਪ ਵਿਚ ਲੋਕਾਂ ਦੇ ਸਾਹਮਣੇ ਪ੍ਰਤੱਖ ਸੀ। ਸਿੱਖ ਧਰਮ ਦੇ ਪ੍ਰਚਾਰ ਨਾਲ ਬ੍ਰਾਹਮਣਾਂ, ਕਾਜ਼ੀਆਂ ਤੇ ਰਾਜਨੀਤਿਕ ਹਸਤੀਆਂ ਦਾ ਸਾਰਾ ਪਾਜ ਹੀ ਉਘੜ ਗਿਆ ਸੀ। ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਦਾ ਸਤਿਕਾਰ ਅਤੇ ਉੱਚਤਾ ਦੀ ਭਾਵਨਾ ਘਟ ਰਹੀ ਸੀ। ਇਸ ਕਰਕੇ ਇਹ ਸਾਰੇ ਵਰਗ ਸਿੱਖ ਧਰਮ ਦੇ ਵਿਕਾਸ ਤੋਂ ਤਿਲਮਿਲਾ ਉਠੇ ਸਨ। ਇਨ੍ਹਾਂ ਦੀ ਵੈਰ ਭਾਵਨਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਿਨਾਂ ਕਿਸੇ ਦੋਸ਼ ਦੇ ਸ਼ਹੀਦੀ ਦੇਣੀ ਪਈ। ੧੬੦੬ ਈ: ਵਿਚ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਬੁਲਾਇਆ। ਉਨ੍ਹਾਂ ਨੂੰ ੨ ਲੱਖ ਰੁਪਇਆ ਜ਼ੁਰਮਾਨਾ ਭਰਨ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸ਼ਾਮਲ ਕਰਨ ਲਈ ਆਖਿਆ ਗਿਆ। ਪਰ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਪੂਰਨ ਸੰਤ ਰੂਪ ਹੋਣ ਦੇ ਨਾਲ ਵੱਡੇ ਸੂਰਮੇ ਵੀ ਸਨ। ਉਨ੍ਹਾਂ ਨੂੰ ਮੌਤ ਦਾ ਭੈ ਨਹੀਂ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇਣੀ ਠੀਕ ਸਮਝੀ ਪਰ ਉਹ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟੇ। ਗੁਰੂ ਜੀ ਨੂੰ ਸ਼ਹੀਦ ਕਰਨ ਲਈ ਚੰਦੂ ਨੇ ਵੀ ਬਲਦੀ ‘ਤੇ ਤੇਲ ਪਾਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਖੁਦ ਜਹਾਂਗੀਰ ਨੇ ਜਾਰੀ ਕੀਤਾ ਸੀ। ‘ਤੁਜ਼ਕਿ ਜਹਾਂਗੀਰੀ’ ਵਿਚ ਦਿੱਤਾ ਹਵਾਲਾ ਜਹਾਂਗੀਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਇਸ ਵਿਚ ਦਰਜ ਹੈ, ‘ਉਸ ਨੂੰ ਲੋਕ ਗੁਰੂ ਆਖਦੇ ਸਨ। ਹਰ ਪਾਸਿਓਂ ਮੂਰਖ ਅਤੇ ਮੂਰਖਾਂ ਦੇ ਪੁਜਾਰੀ ਉਸ ਵੱਲ ਧਾਹ ਕੇ ਆਉਂਦੇ ਸਨ ਅਤੇ ਉਸ ਉੱਤੇ ਪੂਰਾ ਈਮਾਨ ਲਿਆਉਂਦੇ ਸਨ। ਤਿੰਨ-ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਮੁੱਦਤਾਂ ਤੋਂ ਮੇਰੇ ਮਨ ਵਿਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਲਿਆਂਦਾ ਜਾਵੇ।’ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਅਤਿ ਸ਼ਾਂਤਮਈ ਸੀ। ਉਨ੍ਹਾਂ ਦੀ ਬਾਣੀ ਵਿਚ ਸੁਖ-ਸ਼ਾਂਤੀ ਦੇ ਵਿਸ਼ੇ ਹੀ ਪ੍ਰਧਾਨ ਹਨ। ਇਸ ਦੇ ਬਾਵਜੂਦ ਗੁਰੂ ਜੀ ਨੂੰ ਯਾਸਾ ਦੇ ਅਧੀਨ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਾ ਹੁਕਮ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਿੱਖ ਧਰਮ ਦੇ ਵਿਕਾਸ ਨੂੰ ਰੋਕਣਾ ਅਤੇ ਗੁਰੂ ਸਾਹਿਬਾਨ ਤੋਂ ਲੋਕਾਂ ਦੇ ਵਿਸ਼ਵਾਸ ਨੂੰ ਖ਼ਤਮ ਕਰਨਾ ਸੀ। ਇਸ ਹੁਕਮ ਪਿੱਛੇ ਇਸਲਾਮ ਦੇ ਅਖੌਤੀ ਧਾਰਮਿਕ ਲੋਕਾਂ ਦੀ ਸੰਮਤੀ ਵੀ ਨਾਲ ਸੀ। ਇਸ ਵਿਚ ਕਾਜ਼ੀਆਂ ਮੁੱਲਾਂ ਤੋਂ ਇਲਾਵਾ ਨਕਸ਼ਬੰਦੀ ਫਿਰਕੇ ਦੇ ਮੁਖੀ ਸ਼ੇਖ ਅਹਿਮਦ ਸਰਹੰਦੀ ਵਰਗੀਆਂ ਇਸਲਾਮੀ ਧਾਰਮਿਕ ਹਸਤੀਆਂ ਦਾ ਵੀ ਹੱਥ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਨੂੰ ਅਤਿ ਕਸ਼ਟਦਾਇਕ ਤਸੀਹੇ ਦਿੱਤੇ ਗਏ। ਸਾਂਈਂ ਮੀਆਂ ਮੀਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਗਏ ਤਸੀਹਿਆਂ ਨੂੰ ਦੇਖ ਕੇ ਬਹੁਤ ਦੁਖੀ ਹੋਏ। ਉਨ੍ਹਾਂ ਨੇ ਗੁਰੂ ਜੀ ਤੋਂ ਦਿੱਲੀ ਸਰਕਾਰ ਅੱਗੇ ਰੋਸ ਪ੍ਰਗਟ ਕਰਨ ਦੀ ਮੰਗ ਕੀਤੀ। ਗੁਰੂ ਜੀ ਤੱਤੀ ਤਵੀ ‘ਤੇ ਬੈਠ ਕੇ ਵੀ ਸ਼ਾਂਤ-ਚਿੱਤ ਅਤੇ ਅਡੋਲ ਸਨ। ਉਨ੍ਹਾਂ ਨੇ ਸਾਂਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਇਹ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਹੈ। ਭਾਣੇ ਵਿਚ ਰਹਿਣਾ ਹੀ ਪਰਮਾਤਮਾ ਦੀ ਖੁਸ਼ੀ ਹੈ। ਉਨ੍ਹਾਂ ਨੇ ਸੰਸਾਰ ਨੂੰ ਭਾਣੇ ਵਿਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਪ੍ਰਤੱਖ ਰੂਪ ਵਿਚ ਭਾਣਾ ਮੰਨ ਕੇ ਗੁਰਮੁਖ ਦੇ ਆਦਰਸ਼ ਨੂੰ ਸਾਕਾਰ ਕੀਤਾ:

ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ ੩੯੪)

ਭਾਰਤੀ ਪਰੰਪਰਾ ਵਿਚ ਇਹ ਪਹਿਲੀ ਸ਼ਹਾਦਤ ਸੀ, ਜੋ ਕਿਸੇ ਮਹਾਂਪੁਰਖ ਨੇ ਧਰਮ ਦੀ ਖ਼ਾਤਰ ਦਿੱਤੀ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਆਖਿਆ ਜਾਂਦਾ ਹੈ। ਪੰਚਮ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਆਓ! ਮਨੁੱਖੀ ਅਧਿਕਾਰਾਂ ਦੀ ਅਜ਼ਾਦੀ ਲਈ ਚੇਤੰਨ ਹੋ ਕੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ ਅਤੇ ਦਸਮ ਪਿਤਾ ਵੱਲੋਂ ਬਖਸ਼ਿਸ਼ ਖੰਡੇ-ਬਾਟੇ ਦਾ ਅੰਮ੍ਰਿਤ ਪਾਨ ਕਰ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ।

 
 
 

Important Links

tenders recruitments results education
 
 

Online Payment Gateway

payment gateway
 
 

Contacts

Professor Kirpal Singh, President, S.G.P.C.
+91-183-2553950 (O)
info@sgpc.net

S.G.P.C. Officials (Full List)

Shiromani Gurdwara Parbandhak Committee,
Teja Singh Samundri Hall,
Sri Harmandir Sahib Complex,
Sri Amritsar.
EPBX No. (0183-2553957-58-59)