-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸ੍ਰੀ ਮੁਕਤਸਰ ਸਾਹਿਬ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਮੂਹਿਕ ਸ਼ਹਾਦਤ, ਅਸਾਵੀਂ ਟੱਕਰ ਅਤੇ ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ। ਇਸ ਜੰਗ ਵਿਚ ਮੁੱਠੀ ਭਰ ਸਿੰਘਾਂ ਨੇ ੫੦੦ ਸਾਲ ਪੁਰਾਣੇ ਸਾਮਰਾਜ ਦੇ ਭਾਰੀ ਗਿਣਤੀ ਵਿਚ ਮੁਲਖਈਏ ਦਾ ਰਾਹ ਰੋਕ ਲਿਆ ਅਤੇ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਣ ਦਿੱਤਾ। ਅਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਤੁਰੰਤ ਬਾਅਦ ਮੁਗ਼ਲਾਂ ਅਤੇ ਵਿਰੋਧੀ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਅਤੇ ਕਿਰਦਾਰ ਤੋੜ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨੂੰ ਖ਼ਤਮ ਕਰਨ ਦੀ ਠਾਣ ਲਈ। ਸਰਸਾ ਨਦੀ ਵਿਚ ਮੁਠਭੇੜ ਤੋਂ ਬਾਅਦ ਚਮਕੌਰ ਦੀ ਜੰਗ ਉਪ੍ਰੰਤ ਸੂਬਾ ਸਰਹਿੰਦ ਵਜ਼ੀਰ ਖਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਤਮ ਕਰਨ ਲਈ ਮਾਲਵੇ ਦੇਸ਼ ਵਿਚ ਫ਼ੌਜ ਲੈ ਕੇ ਚੜ੍ਹਾਈ ਕੀਤੀ। ਖਿਦਰਾਣੇ ਦੀ ਢਾਬ ਕੋਲ ਪੱਛਮੀ ਪਾਸੇ ਗੁਰੂ ਜੀ ਨੇ ਇਸ ਫ਼ੌਜ ਨਾਲ ਯੁੱਧ ਕਰਨ ਦੀ ਯੋਜਨਾ ਬਣਾਈ ਸੀ। ਮਾਝੇ ਤੋਂ ਆਏ ਸਿੰਘਾਂ ਦਾ ਜਥਾ ਵੀ ਇਸੇ ਸਮੇਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਹੋਇਆ ਸੀ। ਇਸ ਜਥੇ ਨੇ ਜਦੋਂ ਸ਼ਾਹੀ ਲਸ਼ਕਰ ਵੇਖਿਆ ਤਾਂ ਢਾਬ ਦੇ ਪੂਰਬੀ ਪਾਸੇ ਮੋਰਚੇ ਲਾ ਲਏ। ਜਿਸ ਯੁੱਧ ਵਿਚ ੪੦ ਸਿੰਘ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸ਼ਾਹੀ ਫ਼ੌਜ ਨੂੰ ਦਮੋਂ ਕੱਢ ਦਿੱਤਾ। ਸ਼ਾਹੀ ਫ਼ੌਜ ਦੋ ਕਿਲੋਮੀਟਰ ਵੀ ਅੱਗੇ ਵੱਧ ਕੇ ਗੁਰੂ ਸਾਹਿਬ ਦੇ ਸਾਹਮਣੇ ਨਾ ਹੋ ਸਕੀ। ਸਿੰਘਾਂ ਦੇ ਇਕ ਛੋਟੇ ਜਿਹੇ ਜਥੇ ਨੇ ਸ਼ਾਹੀ ਫ਼ੌਜ ਦਾ ਹਮਲਾ ਨਾਕਾਮ ਕਰ ਦਿੱਤਾ ਸੀ। ਸੂਰਬੀਰਤਾ ਦੀ ਇਹ ਅਦੁੱਤੀ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਆਦਰਸ਼ਾਂ ਅਤੇ ਅਮਲੀ ਪ੍ਰੇਰਨਾ ਦਾ ਸਿੱਟਾ ਸੀ। ਅਕਾਲ ਪੁਰਖ ਦੇ ਹੁਕਮਾਂ ਦੀ ਪਾਲਣਾ ਦੇ ਉਦੇਸ਼ ਲਈ ਗੁਰੂ ਜੀ ਨੇ ਖ਼ਾਲਸੇ ਦੀ ਸਾਜਨਾ ਕੀਤੀ ਸੀ। ਸਿੱਖੀ ਦੇ ਮਾਰਗ ‘ਤੇ ਚੱਲਣ ਲਈ ਸਿਰ ਤਲੀ ਧਰਨ ਦੀ ਅਤੇ ਕਿਸੇ ਕਿਸਮ ਦੀ ਕੋਈ ਝਿਜਕ ਨਾ ਰੱਖਣ ਦੀ ਸ਼ਰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਲਾਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੋ ਆਦਰਸ਼ ਖ਼ਾਲਸੇ ਦੇ ਸਾਹਮਣੇ ਰੱਖਿਆ ਸੀ।

ਸਿੰਘਾਂ ਨੇ ਗੁਰੂ ਮਾਰਗ ‘ਤੇ ਆਪਣੇ ਸੀਸ ਭੇਟ ਕਰਕੇ ਸਿੱਖ ਧਰਮ ਦੀ ਅਗੰਮੀ ਸੂਰਬੀਰਤਾ ਅਤੇ ਆਤਮ ਬਲੀਦਾਨ ਦੀ ਇਨਕਲਾਬੀ  ਭਾਵਨਾ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ। ਗੁਰਮਤਿ ਵਿਚ ਪਰਮਾਤਮਾ ਨੂੰ ਪਾਉਣ ਲਈ ਗੁਰੂ ਨੂੰ ਆਪਣਾ ਤਨ, ਮਨ, ਧਨ ਸੌਂਪਣ ਦਾ ਹੁਕਮ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਪੰਨਾ ੯੧੮)

ਸ਼ਹਾਦਤ ਇਸ ਅੰਦਰਲੀ ਕਿਰਿਆ ਦਾ ਬਾਹਰੀ ਰੂਪ ਹੀ ਹੁੰਦਾ ਹੈ। ਆਤਮ ਬਲੀਦਾਨ ਦੀ ਭਾਵਨਾ ਸਿੱਖੀ ਦੀ ਹੀ ਦੇਣ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਤਮ ਬਲੀਦਾਨ ਦੇ ਕੇ ਇਸ ਪ੍ਰਥਾ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਨਕਸ਼ਿ-ਕਦਮਾਂ ‘ਤੇ ਚਲਦੇ ਹੋਏ ਅਨਗਿਣਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਆਪਣੇ ਖ਼ੂਨ ਨਾਲ ਇਸ ਧਰਤੀ ਤੋਂ ਜ਼ੁਲਮ ਤੇ ਪਾਪ ਨੂੰ ਸਾਫ਼ ਕੀਤਾ।

ਗੁਰੂ ਸਾਹਿਬ ਜੀ ਦੇ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਮੁਕਤਸਰ ਦੀ ਧਰਤੀ ‘ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਬਹੁਤ ਮਹਾਨ ਕਾਰਜ ਕੀਤਾ ਸੀ। ਇਹ ਸਿੱਖ ਭਾਵੇਂ ਕਿਸੇ ਵੇਲੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਜਦੋਂ ਮੁੜ ਉਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਵਿਚ ਆਪਣਾ ਸੀਸ ਭੇਟ ਕਰ ਦਿੱਤਾ, ਤਦ ਗੁਰੂ ਸਾਹਿਬ ਦੇ ਦਿਲ ਵਿਚ ਉਨ੍ਹਾਂ ਲਈ ਅਥਾਹ ਪਿਆਰ ਜਾਗ ਉੱਠਿਆ। ਉਹ ਜੰਗ ਦੀ ਥਾਂ ‘ਤੇ ਆਏ ਅਤੇ ਇਕ-ਇਕ ਸਿੰਘ ਨੂੰ ਗੋਦ ਵਿਚ ਲੈ ਕੇ ਪਿਆਰ ਕੀਤਾ। ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ, ਇਕੋ ਜਥੇਦਾਰ ਭਾਈ ਮਹਾਂ ਸਿੰਘ ਅਜੇ ਸਹਿਕ ਰਿਹਾ ਸੀ। ਗੁਰੂ ਸਾਹਿਬ ਨੇ ਜਦੋਂ ਭਾਈ ਮਹਾਂ ਸਿੰਘ ਦਾ ਸਿਰ ਗੋਦ ਵਿਚ ਲਿਆ ਤਾਂ ਕੁਝ ਮੰਗਣ ਲਈ ਕਿਹਾ। ਭਾਈ ਮਹਾਂ ਸਿੰਘ ਨੂੰ ਗੁਰੂ ਦਾ ਦਰਸ਼ਨ ਹੋ ਚੁੱਕੇ ਸੀ। ਉਸ ਨੇ ਹੋਰ ਕੀ ਮੰਗਣਾ ਸੀ। ਉਸਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜ ਦੇਣ ਦੀ ਬੇਨਤੀ ਕੀਤੀ। ਸਿੱਖ ਲਈ ਗੁਰੂ ਦੀ ਕਿਰਪਾ ਪ੍ਰਸੰਨਤਾ ਬਹੁਤ ਵੱਡੀ ਦੌਲਤ ਹੈ, ਜੋ ਸਿਰ ਦੇ ਕੇ ਵੀ ਮਿਲਦੀ ਹੋਵੇ ਤਾਂ ਮਹਿੰਗੀ ਨਹੀਂ ਹੈ ਜਿਵੇਂ ਕਿ ਮਹਾਂ ਵਾਕ ਹੈ:

ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ॥
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ॥ (ਪੰਨਾ ੧੦੯੪)

ਇਹ ਸਿੱਖ ਚਾਹੁੰਦੇ ਤਾਂ ਜੰਗ ਤੋਂ ਡਰਦੇ ਕਿਧਰੇ ਪਾਸੇ ਵੀ ਹੋ ਸਕਦੇ ਸੀ। ਇਨ੍ਹਾਂ ਨੂੰ ਕਿਸੇ ਮਜਬੂਰੀ ਵੱਸ ਜੰਗ ਨਹੀਂ ਸੀ ਲੜਨਾ ਪਿਆ। ਇਨ੍ਹਾਂ ਨੇ ਗੁਰੂ ਦੀ ਸੇਵਾ ਵਿਚ ਧਰਮ ਦੇ ਕਾਰਜ ਲਈ ਆਪਣੀ ਮਰਜ਼ੀ ਨਾਲ ਸ਼ਹੀਦੀ ਦਿੱਤੀ ਸੀ। ਇਹ ਸਿੱਖ ਸਿੱਖੀ ਦੀ ਪ੍ਰੀਖਿਆ ਵਿਚ ਪੂਰੀ ਤਰ੍ਹਾਂ ਪਾਸ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਮੁਕਤੀ ਪ੍ਰਦਾਨ ਕੀਤੀ ਅਤੇ ਅਮਰ ਪਦਵੀ ਬਖ਼ਸ਼ੀ। ਇਨ੍ਹਾਂ ਦੇ ਮੁਕਤਿ ਪਦਵੀ ਪ੍ਰਾਪਤ ਕਰਨ ਕਰਕੇ ਇਹ ਥਾਂ ਬਹੁਤ ਪਵਿੱਤਰ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਥਾਂ ਦਾ ਨਾਂ ਆਪ ‘ਮੁਕਤਸਰ’ ਰੱਖਿਆ ਅਤੇ ਹੁਕਮ ਕੀਤਾ ਕਿ ਇਸ ਨੂੰ ਕੋਈ ਖਿਦਰਾਣਾ ਨਾ ਆਖੇ :

ਅਬ ਤੇ ਨਾਮ ਮੁਕਤਿਸਰ ਹੋਇ।
ਖਿਦਰਾਣਾ ਇਸ ਕਹੇ ਨ ਕੋਇ।
ਇਸ ਥਾਨ ਮੁਕਤਿ ਹੋਇ ਚਾਲੀ।
ਜੋ ਨਿਸ਼ਪਾਪ ਘਾਲ ਬਹੁ ਘਾਲੀ।

ਸਿੱਖ ਇਤਿਹਾਸ ਵਿਚ ਇਸ ਅਸਥਾਨ ਦਾ ਭਾਰੀ ਇਤਿਹਾਸਕ ਅਤੇ ਅਧਿਆਤਮਕ ਮਹੱਤਵ ਹੈ। ਇਨ੍ਹਾਂ ੪੦ ਮੁਕਤਿਆਂ ਦੀ ਯਾਦ ਸਿੱਖੀ ਸਿਦਕ ਦੀ ਪ੍ਰੇਰਨਾ ਦਾ ਅਥਾਹ ਸੋਮਾ ਹੈ। ਇਸ ਅਸਥਾਨ ਦੀ ਛੋਹ ਪਾ ਕੇ ਮਾਇਆ ਦੇ ਬੰਧਨ ਟੁੱਟਦੇ ਹਨ ਅਤੇ ਤਨ, ਮਨ ਨਿਰਮਲ ਹੁੰਦਾ ਹੈ। ਸ਼ਹੀਦਾਂ ਦਾ ਅਸਥਾਨ ਕਿੰਨਾ ਸਤਿਕਾਰਯੋਗ ਹੁੰਦਾ ਹੈ, ਇਸ ਬਾਰੇ ਇਕ ਸ਼ਾਇਰ ਨੇ ਲਿਖਿਆ ਹੈ:

ਸ਼ਹੀਦੋਂ ਕੀ ਕਲਤਗਾਹ ਸਿ ਕਿਆ ਬਿਹਤਰ ਹੈ ਕਾਅਬਾ,
ਸ਼ਹੀਦੋਂ ਕੀ ਖਾਕ ਪਿਤੋ ਖੁਦਾ ਭੀ ਕੁਰਬਾਨ ਹੋਤਾ ਹੈ।

ਇਸਤਰੀ ਜਾਤੀ ਦਾ ਗੁਰਮਤਿ ਵਿਚ ਬਹੁਤ ਸਤਿਕਾਰ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਗੁਰਬਾਣੀ ਅੰਦਰ ਵੱਡੀ ਵਡਿਆਈ ਦਿੱਤੀ ਹੈ। ਸਿੱਖ ਧਰਮ ਵਿਚ ਇਸਤਰੀ ਤੇ ਮਰਦ ਦਾ ਇਕੋ ਜਿਹਾ ਦਰਜਾ ਹੈ। ਪ੍ਰੰਪਰਾਗਤ ਭਾਰਤੀ ਦਰਸ਼ਨ ਵਿਚ ਇਸਤਰੀ ਨੂੰ ਬਰਾਬਰੀ ਦਾ ਹੱਕ ਨਹੀਂ ਸੀ ਦਿੱਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿਚ ਅਤੇ ਖ਼ਾਲਸੇ ਦੀ ਜਥੇਬੰਦੀ ਵਿਚ ਇਸਤਰੀਆਂ ਦਾ ਸਨਮਾਨ ਕੀਤਾ ਹੈ। ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸੇ ਦੀ ਮਾਤਾ ਹੋਣ ਦੀ ਉਪਾਧੀ ਦਿੱਤੀ। ਮੁਕਤਸਰ ਦੇ ਸਿੰਘਾਂ ਨੂੰ ਪ੍ਰੇਰ ਕੇ ਲਿਆਉਣ ਵਾਲੀ ਵੀ ਇਕ ਇਸਤਰੀ ਸੀ ਮਾਤਾ ਭਾਗੋ ਜੀ। ਮਾਤਾ ਜੀ ਨੂੰ ਜਦੋਂ ਸਿੰਘਾਂ ਦੇ ਬੇਦਾਵਾ ਲਿਖਕੇ ਚਲੇ ਆਉਣ ਦਾ ਪਤਾ ਲੱਗਿਆ ਤਾਂ ਆਪ ਨੇ ਉਨ੍ਹਾਂ ਨੂੰ ਸੋਝੀ ਦਿੱਤੀ ਕਿ ਇਸ ਲੋਕ-ਪ੍ਰਲੋਕ ਵਿਚ ਗੁਰੂ ਬਿਨਾਂ ਕੋਈ ਸਹਾਰਾ ਨਹੀਂ। ਇਹ ਸਰੀਰ ਤਾਂ ਬਿਨਸਨਹਾਰ ਹੈ, ਇਸ ਨੂੰ ਕਿੰਨਾ ਕੁ ਚਿਰ ਬਚਾਉਂਦੇ ਫਿਰੋਗੇ। ਮਾਤਾ ਭਾਗੋ ਜੀ ਸਿੰਘਾਂ ਨੂੰ ਗੁਰੂ ਦੇ ਸਨਮੁੱਖ ਕਰਨ ਲਈ ਲੈ ਕੇ ਆਏ ਸਨ। ਮਾਤਾ ਜੀ ਜੰਗ ਵਿਚ ਸਿੰਘਾਂ ਦੇ ਨਾਲ ਹੀ ਰਹੇ ਤੇ ਮਰਦਾਵੇਂ ਭੇਸ ਵਿਚ ਵੈਰੀ ਨਾਲ ਯੁੱਧ ਵਿਚ ਹਿੱਸਾ ਲਿਆ। ਬਾਅਦ ਵਿਚ ਆਪ ਸਦਾ ਲਈ ਗੁਰੂ ਸੇਵਾ ਵਿਚ ਹੀ ਰਹੇ ਤੇ ਦੱਖਣ ਵੱਲ ਗੁਰੂ ਜੀ ਦੇ ਨਾਲ ਗਏ। ਗੁਰੂ ਜੀ ਤੋਂ ਪਿੱਛੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖੀ ਪ੍ਰਚਾਰ ਕਰਦੇ ਰਹੇ। ਮਾਤਾ ਭਾਗੋ ਜੀ ਦਾ ਇਹ ਕਿਰਦਾਰ ਭਾਰਤੀ ਸੰਸਕ੍ਰਿਤੀ ਦੇ ਉਲਟ ਇਕ ਬਹੁਤ ਵੱਡੀ ਕ੍ਰਾਂਤੀ ਦਾ ਸਿਖ਼ਰ ਸੀ। ਇਸਤਰੀ ਨੂੰ ਉਸ ਵੇਲੇ ਨਿਰਬਲ ਜਾਣ ਕੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਗੁਰਮਤਿ ਦੇ ਪ੍ਰਚਾਰ ਨੇ ਇਸਤਰੀ ਨੂੰ ਸ਼ਕਤੀ ਤੇ ਮਰਦਾਂ ਦੇ ਨਾਲ ਬਰਾਬਰੀ ਪ੍ਰਦਾਨ ਕਰਕੇ ਸਮਾਜ ਵਿਚ ਉਸਦਾ ਸਨਮਾਨ ਥਾਂ ਬਣਾਇਆ।

ਮੁਕਤਾ ਦੀ ਧਰਤੀ ਇਸ ਪੱਖ ਤੋਂ ਵੀ ਮਹੱਤਵਪੂਰਨ ਹੈ ਕਿ ਇਥੇ ਸਿੱਖਾਂ ਦੀ ਗੁਰੂ ਨਾਲ ਟੁੱਟੀ ਗੰਢੀ ਗਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਦੇ ਅਨੰਦਪੁਰ ਸਾਹਿਬ ਵਿਚ ਦਿੱਤੇ ਬੇਦਾਵੇ ਨੂੰ ਪਾੜਕੇ ਉਨ੍ਹਾਂ ਨੂੰ ਮੁੜ ਆਪਣੇ ਸਿੱਖ ਪ੍ਰਵਾਨ ਕਰਕੇ ਗਲ਼ੇ ਨਾਲ ਲਾਇਆ। ਇਹ ਗੁਰੂ ਦੀ ਵਡਿਆਈ ਹੈ ਕਿ ਜੋ ਸਿੱਖ ਗ਼ਲਤੀ ਵੀ ਕਰਦਾ ਹੈ, ਉਹ ਗੁਰੂ ਦੀ ਸ਼ਰਨ ਵਿਚ ਜਾਵੇ, ਗੁਰੂ ਉਸ ਨੂੰ ਬਖ਼ਸ਼ ਦਿੰਦਾ ਹੈ:

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ (ਪੰਨਾ ੫੪੪)

ਇਸ ਤਰ੍ਹਾਂ ਇਹ ਜੰਗ ਸਿਰਫ਼ ਦੁਨਿਆਵੀ ਵਾਕਿਆ ਹੀ ਨਹੀਂ ਸੀ, ਇਸ ਦਾ ਅਧਿਆਤਮਕ ਮਹੱਤਵ ਵੀ ਸੀ। ਸੰਸਾਰਿਕ ਪੱਧਰ ‘ਤੇ ਇਹ ਸ਼ਹੀਦ ਸਿੱਖੀ ਸਿਦਕ ਦ੍ਰਿੜ੍ਹ ਕਰਵਾ ਰਹੇ ਹਨ। ਦੈਵੀ ਪੱਧਰ ‘ਤੇ ਉਹ ਹਉਮੈ ਦੀ ਕੰਧ ਤੋੜਕੇ ਸਚਿਆਰ ਬਣ ਕੇ ਪਰਮਾਤਮਾ ਦੇ ਘਰ ਵਿਚ ਪ੍ਰਵੇਸ਼ ਕਰ ਰਹੇ ਸਨ।

ਅਕਾਲ ਪੁਰਖ ਦੀ ਸ਼ਕਤੀ ਕਰਕੇ ਹੀ ਥੋੜ੍ਹੀ ਗਿਣਤੀ ਵਿਚ ਹੋਣ ਦੇ ਬਾਵਜੂਦ ਸਿੱਖਾਂ ਨੇ ਵੱਡੀ ਗਿਣਤੀ ਵਿਚ ਆਈ ਫ਼ੌਜ ਨਾਲ ਯੁੱਧ ਕੀਤਾ। ਉਨ੍ਹਾਂ ਨੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਨਮੁੱਖ ਹੋ ਕੇ ਜੰਗ ਲੜੀ। ਇਕ ਪਾਸੇ ੪੦ ਬੰਦੇ ਹੋਣ ਤੇ ਦੂਜੇ ਪਾਸੇ ਮੁਲਖਈਆ ਹੋਵੇ, ਉਸ ਵੇਲੇ ਦਲ੍ਹੇਰੀ ਨਾਲ ਕੋਈ ਵਿਰਲਾ ਹੀ ਲੜ ਸਕਦਾ ਹੈ। ਚਮਕੌਰ ਦੀ ਜੰਗ ਅਤੇ ਮੁਕਤਸਰ ਦੀ ਜੰਗ ਅਜਿਹੀਆਂ ਅਸਾਵੀਆਂ ਜੰਗਾਂ ਸਨ। ਇਸ ਵੇਲੇ ਸਿੱਖਾਂ ਦੇ ਮੁਕਾਬਲੇ ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਸ ਵੇਲੇ ਵੀ ਖ਼ਾਲਸੇ ਨੇ ਜਿਸ ਦਲੇਰੀ ਅਤੇ ਸਾਬਿਤ ਕਦਮੀ ਨਾਲ ਦੁਸ਼ਮਣ ਦੇ ਆਹੂ ਲਾਹੇ ਉਸਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿਚ ਨਹੀਂ ਮਿਲਦੀ।

ਅਜਿਹੀ ਵਿਲੱਖਣ ਅਤੇ ਅਲੌਕਿਕ ਵਿਰਾਸਤ ਦੀ ਮਾਲਕ ਸਿੱਖ ਕੌਮ ਅੰਦਰ ਅੱਜ ਜੋ ਅਚਾਰ, ਵਿਹਾਰ, ਸੰਜਮ ਅਤੇ ਸਭਿਆਚਾਰਕ ਪੱਧਰ ਉੱਤੇ ਆ ਰਿਹਾ ਨਿਘਾਰ ਅਤਿ ਚਿੰਤਾ ਦਾ ਵਿਸ਼ਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਆਪਣੀ ਮਹਾਨ ਵਿਰਾਸਤ ਤੋਂ ਜਾਣੂ ਹੋਈਏ ਅਤੇ ਗੁਰਮਤਿ ਸਿਧਾਂਤ ਤੋਂ ਸੇਧ ਲੈ ਕੇ ਖ਼ਾਲਸਾਈ ਰੂਪ ਵਿਚ ਵਿਚਰੀਏ! ਇਸ ਮਹਾਨ ਕਾਰਜ ਲਈ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਬੁੱਧੀਜੀਵੀਆਂ, ਮਹਾਂਪੁਰਖਾਂ ਅਤੇ ਖ਼ਾਸ ਕਰਕੇ ਮਾਪਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਹੰਭਲਾ ਮਾਰਨਾ ਹੋਵੇਗਾ। ਆਓ! ਅੱਜ ਉਨ੍ਹਾਂ ਮਹਾਨ ੪੦ ਮੁਕਤਿਆਂ ਨੂੰ ਪੂਰੀ ਸ਼ਰਧਾ ਸਤਿਕਾਰ ਅਤੇ ਸਨਮਾਨ ਨਾਲ ਸੀਸ ਝੁਕਾਈਏ ਅਤੇ ਸਤਿਗੁਰ ਦੇ ਦੱਸੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ।