ਅੰਮ੍ਰਿਤਸਰ, 14 ਜੂਨ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੇ.ਆਈ.ਐਸ. ਯੂਨੀਵਰਸਿਟੀ ਕਲਕੱਤਾ ਵੱਲੋਂ ‘ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਫਿਲਾਸਫੀ’ ਵਿਸ਼ੇ ’ਤੇ ਭਲਕੇ ਇੱਕ ਸੈਮੀਨਾਰ ਨੈਸ਼ਨਲ ਲਾਇਬ੍ਰੇਰੀ, ਬੇਲਵੇਡਰੇ, ਅਲੀਪੋਰ (ਕੋਲਕਾਤਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿਚ ਕਾਲਜਾਂ, ਯੂਨੀਵਰਸਿਟੀਆਂ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਖੋਜ ਤੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਇਤਿਹਾਸ ਅਤੇ ਧਰਮ ਦੇ ਖੋਜਾਰਥੀਆਂ ਨੂੰ ਨਵੀਆਂ ਦਿਸ਼ਾਵਾਂ ਦਿਖਾਉਣ ਵਿਚ ਸਫਲ ਹੁੰਦੇ ਹਨ ਅਤੇ ਇਨ੍ਹਾਂ ਸੈਮੀਨਾਰਾਂ ਰਾਹੀਂ ਨਵੀਆਂ ਖੋਜਾਂ ਤੇ ਜਾਣਕਾਰੀਆਂ ਸਮਾਜ ਦੀ ਝੋਲੀ ਪੈਂਦੀਆਂ ਹਨ। ਇਸੇ ਲੜੀ ਤਹਿਤ ਕੋਲਕਾਤਾ ਵਿਖੇ ਕਰਵਾਏ ਜਾ ਰਹੇ ਇਸ ਸੈਮੀਨਾਰ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਤੇ ਸ਼੍ਰੋਮਣੀ ਸਿੱਖ ਚਿੰਤਕ ਡਾ. ਰੂਪ ਸਿੰਘ ਵੱਲੋਂ ਕੂੰਜੀਵਤ ਭਾਸ਼ਣ ਦਿੱਤਾ ਜਾਵੇਗਾ। ਇਸ ਸੈਮੀਨਾਰ ਵਿਚ ਜੇ.ਆਈ.ਐਸ. ਯੂਨੀਵਰਸਿਟੀ ਦੇ ਚਾਂਸਲਰ ਸ. ਤਰਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਡਾ. ਜਸਪਾਲ ਸਿੰਘ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ, ਜੇ.ਆਈ.ਐਸ. ਯੂਨੀਵਰਸਿਟੀ ਦੇ ਵੀ.ਸੀ. ਪ੍ਰੋ. ਬਿਮਲ ਚੰਦਰਾ ਮੱਲ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਆਪਣੇ ਬਹੁਮੁੱਲੇ ਤੇ ਖੋਜ ਭਰਪੂਰ ਵਿਚਾਰ ਪੇਸ਼ ਕਰਨਗੀਆਂ।