ਅੰਮ੍ਰਿਤਸਰ, 19 ਜੁਲਾਈ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਸੰਗਤ ਤੱਕ ਪਹੰੁਚਾਉਣ ਲਈ ਕਾਰਜ ਆਰੰਭੇ ਗਏ ਹਨ। ਇਸ ਤਹਿਤ ਜਿਥੇ ਵਿਸ਼ੇਸ਼ ਕਿਤਾਬਾਂ ਪ੍ਰਕਾਸ਼ਤ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ, ਉਥੇ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਜਾਂਦੇ ਮਾਸਿਕ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ਦੇ ਵਿਸ਼ੇਸ਼ ਅੰਕ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਦਾ ਪਹਿਲਾ ਅੰਕ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਕੀਤਾ ਹੈ। ਜੁਲਾਈ 2019 ਦੇ ਇਸ ਵਿਸ਼ੇਸ਼ ਅੰਕ ਵਿਚ 25 ਖੋਜ ਭਰਪੂਰ ਲੇਖ ਸ਼ਾਮਲ ਹਨ।
ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੁਝ ਕਵਿਤਾਵਾਂ ਵੀ ਇਸ ਦਾ ਹਿੱਸਾ ਹਨ। ਪਹਿਲਾ ਵਿਸ਼ੇਸ਼ ਅੰਕ ਜਾਰੀ ਕਰਨ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ, ਉਨ੍ਹਾਂ ਦੀ ਵਿਚਾਰਧਾਰਾ ਅਤੇ ਉਨ੍ਹਾਂ ਨਾਲ ਸਬੰਧਤ ਹੋਰ ਸਰੋਕਾਰਾਂ ਸਬੰਧੀ ਖੋਜ ਕਾਰਜ ਕਰਵਾ ਕੇ ਸੰਗਤਾਂ ਤੱਕ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਵਿਸ਼ੇਸ਼ ਪੁਸਤਕਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਇਹ ਪੁਸਤਕਾਂ ਵੱਖ-ਵੱਖ ਭਸ਼ਾਵਾਂ ਵਿਚ ਹੋਣਗੀਆਂ। ਇਸ ਦੇ ਨਾਲ ਹੀ ਮਾਸਿਕ ਪਰਚੇ ‘ਗੁਰਮਤਿ ਪ੍ਰਕਾਸ਼’ ਦੇ ਕੁਝ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਕੇ ਸੰਗਤ ਤੱਕ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਅੰਕਾਂ ਦੀ ਸ਼ੁਰੂਆਤ ਜੁਲਾਈ ਮਹੀਨੇ ਤੋਂ ਕਰ ਦਿੱਤੀ ਗਈ ਹੈ ਅਤੇ ਅਗਲੇ ਮਹੀਨਿਆਂ ਦੌਰਾਨ ਇਸੇ ਲੜੀ ਤਹਿਤ ਹੋਰ ਵਿਸ਼ੇਸ਼ ਅੰਕ ਪਾਠਕਾਂ ਦੇ ਹੱਥਾਂ ਵਿਚ ਹੋਣਗੇ। 
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਜਾਰੀ ਕੀਤੇ ਗਏ ਵਿਸ਼ੇਸ਼ ਅੰਕ ਵਿਚ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹਰ ਪੱਖ ਨੂੰ ਉਭਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਚੇ ਦੇ ਸੰਪਾਦਕ ਸ. ਸਤਵਿੰਦਰ ਸਿੰਘ ਫੂਲਪੁਰ ਨੇ ਮਿਹਨਤ ਨਾਲ ਇਹ ਅੰਕ ਤਿਆਰ ਕੀਤਾ ਹੈ ਕਿਉਂਕਿ ਇਕ ਹੀ ਵਿਸ਼ੇ ’ਤੇ ਵੱਖ-ਵੱਖ ਵਿਦਵਾਨਾਂ ਪਾਸੋਂ ਖੋਜ ਕਾਰਜ ਕਰਵਾ ਕੇ ਸੰਗ੍ਰਹਿਤ ਕਰਨੇ ਕਠਨ ਕਾਰਜ ਹੁੰਦਾ ਹੈ। ਵਿਸ਼ੇਸ਼ ਅੰਕ ਜਾਰੀ ਕਰਨ ਸਮੇਂ ਹੋਰਨਾਂ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸੰਪਾਦਕ ਸ. ਸਤਵਿੰਦਰ ਸਿੰਘ ਫੂਲਪੁਰ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ. ਮੌਜੂਦ ਸਨ।