ਅੰਮ੍ਰਿਤਸਰ, 27 ਮਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ 2019 ਵਿਚ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੱਦਾ ਦਿੱਤਾ ਹੈ। ਭਾਈ ਲੌਂਗੋਵਾਲ ਜੋ ਇਕ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਲਈ ਗੋਆ ਪੁੱਜੇ ਹੋਏ ਹਨ, ਨੇ ਅੱਜ ਗੋਆ ਦੀ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਸੱਦਾ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੌਕੇ ਗੋਆ ਦੀ ਰਾਜਪਾਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੇਤਮ ਦੇ ਪ੍ਰਧਾਨ ਸ. ਹਰਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਸ. ਗੁਰਦੀਪ ਸਿੰਘ ਭਾਟੀਆ, ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ, ਝਾੜਖੰਡ ਤੋਂ ਸ. ਸਲਿੰਦਰ ਸਿੰਘ ਅਤੇ ਸ. ਜਸਵੀਰ ਸਿੰਘ ਮੁੰਬਈ ਸਮੇਤ ਵੱਖ-ਵੱਖ ਰਾਜਾਂ ਦੇ ਸਿੱਖ ਆਗੂ ਮੌਜੂਦ ਸਨ। ਮੁਲਾਕਾਤ ਦੌਰਾਨ ਭਾਈ ਲੌਂਗੋਵਾਲ ਨੇ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਦੱਸਿਆ ਕਿ ਮਨੁੱਖਤਾ ਦੇ ਰਹਿਬਰ ਅਤੇ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਜਗਤ ਵੱਲੋਂ ਕੌਮਾਂਤਰੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਰਾਜਪਾਲ ਨੂੰ ਨਵੰਬਰ 2019 ਵਿਚ ਹੋਣ ਵਾਲੇ ਸਮਾਗਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਮੌਕੇ ਪੂਰੇ ਵਿਸ਼ਵ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇਸ ਦੌਰਾਨ ਰਾਜਪਾਲ ਸਾਹਿਬਾ ਨੇ ਇਨ੍ਹਾਂ ਸਮਾਗਮਾਂ ਵਿਚ ਸ਼ਮੂਲੀਅਤ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਦਰਸ਼ਨ ਸਿੰਘ ਨਿੱਜੀ ਸਹਾਇਕ, ਸ. ਨਵਇੰਦਰ ਸਿੰਘ ਆਦਿ ਮੌਜੂਦ ਸਨ।