ਅੰਮ੍ਰਿਤਸਰ, 17 ਜਨਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਅਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 19 ਅਤੇ 20 ਜਨਵਰੀ 2019 ਨੂੰ ਉੜੀਸਾ ਦੇ ਸ਼ਹਿਰ ਕੱਟਕ ਵਿਖੇ ਨਗਰ ਕੀਰਤਨ ਤੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੀ ਜੌੜਾਸਿੰਘਾ ਨੇ ਇਸ ਸਬੰਧੀ ਜਾਣਕਾਰੀ ਦੇਂਦਿਆ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਸਹਿਯੋਗ ਨਾਲ 19 ਜਨਵਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬਾਉਲੀ ਸਾਹਿਬ ਜਗਨਨਾਥ ਪੁਰੀ (ਉੜੀਸਾ) ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਭੁਵਨੇਸ਼ਵਰ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਦਾਤਣ ਸਾਹਿਬ, ਕੱਟਕ (ਉੜੀਸਾ) ਵਿਖੇ ਪੁੱਜੇਗਾ।

ਧਰਮ ਪ੍ਰਚਾਰ ਕਮੇਟੀ ਸਕੱਤਰ ਨੇ ਦੱਸਿਆ ਕਿ 20 ਜਨਵਰੀ ਨੂੰ ਇਕ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਾਤਣ ਸਾਹਿਬ ਕੱਟਕ ਵਿਖੇ ਕਰਵਾਇਆ ਜਾਵੇਗਾ। ਇਨ੍ਹਾਂ ਸਮਾਗਮਾਂ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ(ਬਿਹਾਰ) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਤੇ ਭਾਈ ਸੁਖਜਿੰਦਰ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਧਾਰਮਿਕ, ਸਮਾਜਿਕ ਸਖਸ਼ੀਅਤਾਂ ਅਤੇ ਸੰਤ ਮਹਾਂਪੁਰਸ਼ ਉਚੇਚੇ ਤੌਰ ਤੇ ਸਿ਼ਰਕਤ ਕਰ ਰਹੇ ਹਨ।