ਸਿੱਖ ਧਰਮ ਦੀ ਹੋਂਦ ਤੇ ਸ੍ਵੈਮਾਨ ਦਾ ਪ੍ਰਤੀਕ

ਸ੍ਰੀ ਅਕਾਲ ਤਖ਼ਤ ਸਾਹਿਬ

 

ਜਥੇ. ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ।

 

ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿਚ ਸਿੱਖ ਧਰਮ ਦਾ ਪ੍ਰਕਾਸ਼ ਸੰਸਾਰ ਦੇ ਚਿਤਰਪਟ ’ਤੇ ਹੋਣਾ ਇਕ ਅਦੁੱਤੀ ਘਟਨਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਸਥਾਪਿਤ ਕੀਤੇ ਧਰਮ ਦੇ ਮੁਢਲੇ ਅਸੂਲਾਂ ਵਿਚ ਧਰਮ ਦੀ ਸਥਾਪਤੀ ਅਤੇ ਜ਼ੁਲਮ ਤੇ ਅਨਿਆਂ ਵਿਰੁੱਧ ਸੰਘਰਸ਼ ਕਰਨਾ ਸ਼ਾਮਿਲ ਸੀ। ਗੁਰੂ ਬਾਬੇ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਵਰਤੀ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਬਦੀ ਦੀਆਂ ਤਾਕਤਾਂ ਵਿਰੁੱਧ ਲੜਨ ਲਈ ਸੰਕਲਪ ਉਸਾਰੇ, ਸਿਧਾਂਤ ਦਿੱਤੇ, ਸੰਸਥਾਵਾਂ ਬਣਾਈਆਂ, ਗੁਰਬਾਣੀ ਦੀ ਜੁਗਤ ਨਾਲ ਜੁੜੀਆਂ ਜਿਨ੍ਹਾਂ ਸੰਸਥਾਵਾਂ ਦੀ ਸਿਰਜਣਾ ਗੁਰੂ ਸਾਹਿਬਾਨ ਰਾਹੀਂ ਹੋਈ, ਉਨ੍ਹਾਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਸਭ ਲੋਕਾਈ ਦੇ ਸਾਹਮਣੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਬਿਨਾਂ ਸਿੱਖ ਰਹਿ ਨਹੀਂ ਸਕਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਓਟ ਸਿੱਖੀ ਦੇ ਸ੍ਵੈਮਾਨ ਦੀ ਜ਼ਾਮਨ ਹੈ। ਇਸੇ ਲਈ ਦੋਵੇਂ ਹੀ ਪਾਵਨ ਅਸਥਾਨ ਸਿੱਖਾਂ ਦੇ ਰੋਮ-ਰੋਮ ਵਿਚ ਵੱਸੇ ਹੋਏ ਹਨ।

 

ਗੁਰੂ ਸਾਹਿਬਾਨ ਦੀਆਂ ਰਹਿਮਤਾਂ ਸਦਕਾ ਸਿੱਖ ਧਰਮ ਦੇ ਸੂਰਜ ਦਾ ਪ੍ਰਕਾਸ਼ ਚੁਫੇਰੇ ਫੈਲਣ ਨਾਲ ਸਮੇਂ ਦੀਆਂ ਧਾਰਮਿਕ ਤੇ ਰਾਜਨੀਤਕ ਤਾਕਤਾਂ ਭੈ-ਭੀਤ ਹੋ ਗਈਆਂ ਅਤੇ ਇਹ ਸਭ ਤਾਕਤਾਂ ਸ੍ਰੀ ਗੁਰੂ ਅਰਜਨ ਸਾਹਿਬ ਵਿਰੁੱਧ ਖੜ੍ਹੀਆਂ ਹੋ ਗਈਆਂ, ਸਮੇਂ ਦੀ ਹਕੂਮਤ ਰਾਹੀਂ ਪਾਤਸ਼ਾਹ ਨੂੰ ਸ਼ਹੀਦ ਕਰਵਾ ਦਿੱਤਾ। ਸਿੱਖ ਇਤਿਹਾਸ ਦੇ ਪ੍ਰਸੰਗ ਅਨੁਸਾਰ ਸ਼ਹੀਦੀ ਸਮੇਂ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਦਿਆਂ ਹੋਇਆਂ ਪੰਚਮ ਪਾਤਸ਼ਾਹ ਜੀ ਨੇ ਇਹ ਸੰਦੇਸ਼ ਦਿੱਤਾ ਕਿ ਉਨ੍ਹਾਂ (ਗੁਰੂ ਜੀ) ਨੇ ਹੁਣ ਆਪਣੇ ਜੀਵਨ ਦਾ ਉਦੇਸ਼ ਪੂਰਾ ਕਰ ਲਿਆ ਹੈ। ਤੁਸੀਂ ਮੇਰੇ ਪੁੱਤਰ ਹਰਿਗੋਬਿੰਦ ਪਾਸ ਜਾਓ ਅਤੇ ਕਹਿਣਾ ਕਿ ਉਹ ਪੂਰੇ ਸ਼ਸਤਰਧਾਰੀ ਹੋ ਕੇ ਗੱਦੀ ਉੱਤੇ ਬੈਠਣ ਅਤੇ ਵੱਧ ਤੋਂ ਵੱਧ ਫੌਜ ਰੱਖਣ, ਬਾਬਾ ਬੁੱਢਾ ਜੀ ਦਾ ਸਤਿਕਾਰ ਕਰਨ ਅਤੇ ਸਿਵਾਏ ਸ਼ਸਤਰਧਾਰੀ ਹੋਣ ਦੇ ਬਾਕੀ ਸਾਰੀਆਂ ਰਹੁ-ਰੀਤਾਂ ਪਹਿਲੇ ਗੁਰੂ ਸਾਹਿਬਾਨ ਵਾਲੀਆਂ ਹੀ ਜਾਰੀ ਰੱਖਣ। ਗੁਰੂ ਸਾਹਿਬ ਭਾਣੇ ਵਿਚ ਰਹਿ ਕੇ ਅਸਹਿ ਕਸ਼ਟ ਆਪਣੇ ਸਰੀਰ ਉੱਤੇ ਝੱਲ ਕੇ ਸ਼ਹੀਦ ਹੋ ਗਏ, ਪਰ ਆਉਣ ਵਾਲੇ ਸਮਿਆਂ ਲਈ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਦਾ ਸੁਨੇਹਾ ਵੀ ਦੇ ਗਏ। ਇਸ ਗੱਲ ਦਾ ਸਿੱਧਾ ਅਸਰ ਉਦੋਂ ਵੇਖਣ ਵਿਚ ਆਇਆ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਕ ਦੀ ਬਜਾਏ ਦੋ ਤਲਵਾਰਾਂ ਪਹਿਨੀਆਂ ਅਤੇ ਐਲਾਨ ਕੀਤਾ ਕਿ ਇਨ੍ਹਾਂ ਵਿੱਚੋਂ ਇਕ ਮੀਰੀ ਲਈ ਹੈ ਅਤੇ ਇਕ ਪੀਰੀ ਲਈ। ਇਸ ਤੋਂ ਵੀ ਵੱਧ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਭਗਤੀ ਅਤੇ ਸ਼ਕਤੀ ਦਾ ਇਹ ਅਦੁੱਤੀ ਸੁਮੇਲ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਦੁਨੀਆਂ ਦੇ ਕਿਸੇ ਵੀ ਧਰਮ ਵਿਚ ਅਜਿਹੀ ਵਿਵਸਥਾ ਦਾ ਜ਼ਿਕਰ ਤਕ ਨਹੀਂ ਆਉਂਦਾ।

 

ਸਿੱਖ ਇਤਿਹਾਸਕ ਪ੍ਰਸੰਗਾਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ਪੋਥੀ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚੋਂ ਗੁਰਬਾਣੀ ਦਾ ਕੀਰਤਨ ਹੁੰਦਾ ਅਤੇ ਬਾਅਦ ’ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦਿੰਦੇ। ਦੁਪਹਿਰ ਮਗਰੋਂ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੌਜਵਾਨਾਂ ਨੂੰ ਸਰੀਰਿਕ ਕਸਰਤਾਂ ਕਰਵਾਉਂਦੇ ਅਤੇ ਖੁਦ ਵੀ ਹਿੱਸਾ ਲੈਂਦੇ। ਇਸ ਤੋਂ ਇਲਾਵਾ ਜੰਗੀ ਕਰਤਬਾਂ ਦੇ ਦਿਖਾਵੇ ਹੁੰਦੇ ਅਤੇ ਢਾਡੀ ਸੂਰਬੀਰਾਂ ਦੀਆਂ ਵਾਰਾਂ ਗਾਇਨ ਕਰਦੇ। ਇਹ ਸਭ ਕੁਝ ਸਿੱਖਾਂ ਦੇ ਮਨਾਂ ਅੰਦਰ ਸੂਰਬੀਰਤਾ ਅਤੇ ਬੀਰ-ਰਸ ਭਰਨ ਲਈ ਇਕ ਵਿਵਹਾਰਿਕ ਅਤੇ ਸਾਰਥਿਕ ਕਦਮ ਸੀ। ਗੁਰੂ ਸਾਹਿਬ ਰੋਜ਼ਾਨਾ ਬਾਹਰੋਂ ਆਉਣ ਵਾਲੇ ਸਿੱਖ ਸੇਵਕਾਂ ਨੂੰ ਮਿਲਦੇ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਦੇ। ਗੁਰੂ ਸਾਹਿਬ ਸਿੱਖਾਂ ਨੂੰ ਇਹੀ ਪ੍ਰੇਰਨਾ ਦਿੰਦੇ ਕਿ ਉਹ ਆਪਸੀ ਝਗੜੇ-ਝਮੇਲੇ ਸਰਕਾਰੀ ਕਚਹਿਰੀਆਂ ਵਿਚ ਲਿਜਾਣ ਦੀ ਥਾਵੇਂ, ਇਥੇ ਇਕੱਤਰ ਹੋ ਕੇ ਆਪਸੀ ਸਹਿਮਤੀ ਨਾਲ ਹੱਲ ਕਰਿਆ ਕਰਨ। ਗੁਰੂ ਸਾਹਿਬ ਦੇ ਇਸ ਹੁਕਮ ਨਾਲ ਸਿੱਖਾਂ ਵਿਚ ਆਪਸੀ ਭਾਈਚਾਰਾ ਅਤੇ ਏਕਤਾ ਹੋਰ ਵੀ ਮਜ਼ਬੂਤ ਹੋ ਗਈ। ਅਸੀਂ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਦੇਖਦੇ ਹਾਂ ਕਿ ਹਰ ਔਕੜ ਅਤੇ ਸੰਕਟ ਸਮੇਂ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਸਾਰੇ ਹੀ ਮੋਰਚੇ ਫ਼ਤਹਿ ਕੀਤੇ ਹਨ। ਸਿੱਖ ਪੰਥ ਵਾਸਤੇ ਇਹ ਚੜ੍ਹਦੀ ਕਲਾ ਅਤੇ ਜਿੱਤ ਦਾ ਪ੍ਰਤੀਕ ਵੀ ਹੈ।

 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਜਣਾ ਦੇ ਨਾਲ-ਨਾਲ ਗੁਰੂ ਸਾਹਿਬ ਨੇ ਖੁਦ ਸ਼ਾਹੀ ਪਦ ਅਤੇ ਵਸਤਰ ਧਾਰਨ ਕੀਤੇ, ਜਿਵੇਂ ਕਿ ਛਤਰ, ਕਲਗੀ, ਭਿੰਨ-ਭਿੰਨ ਪ੍ਰਕਾਰ ਦੇ ਸ਼ਸਤਰ ਅਤੇ ਬਾਜ਼। ਸਿੱਖ ਉਨ੍ਹਾਂ ਨੂੰ ਹੁਣ ‘ਸੱਚਾ ਪਾਤਸ਼ਾਹ’ ਕਹਿਣ ਲੱਗ ਪਏ ਸਨ, ਕਿਉਂਕਿ ਦਿੱਖ ਤੋਂ ਗੁਰੂ ਸਾਹਿਬ ਬਾਦਸ਼ਾਹ ਨਜ਼ਰ ਆਉਂਦੇ, ਸੂਰਬੀਰ ਯੋਧਾ ਨਜ਼ਰ ਆਉਂਦੇ, ਪਰ ਧਾਰਮਿਕਤਾ ਅਤੇ ਪਾਵਨਤਾ ਵਿਚ ਉਤਨੇ ਹੀ ਮਹਾਤਮਾ ਅਤੇ ਮਹਾਨ, ਜਿਤਨੇ ਉਨ੍ਹਾਂ ਤੋਂ ਪਹਿਲੇ ਪੰਜ ਗੁਰੂ ਸਾਹਿਬਾਨ ਸਨ। ਗੁਰੂ ਸਾਹਿਬ ਜੀ ਦੇ ਇਸ ਕੌਤਕ ਨੂੰ ਭਾਈ ਗੁਰਦਾਸ ਜੀ ਆਪਣੀ 34ਵੀਂ ਵਾਰ ਦੀ 13 ਵੀਂ ਪਉੜੀ ਵਿਚ ਇੰਜ ਬਿਆਨ ਕਰਦੇ ਹਨ: (ਅਰਥਾਂ ਵਿਚ) ਜਿਵੇਂ ਖੂਹ ਵਿੱਚੋਂ ਪਾਣੀ ਕੱਢਣ ਲਈ ਡੋਲ ਦੀ ਧੌਣ ਰੱਸੀ ਨਾਲ ਬੰਨ੍ਹਣੀ ਪੈਂਦੀ ਹੈ, ਜਿਵੇਂ ਮਣੀ ਪ੍ਰਾਪਤ ਕਰਨ ਲਈ ਸੱਪ ਨੂੰ ਮਾਰਨਾ ਪੈਂਦਾ ਹੈ, ਜਿਵੇਂ ਕਸਤੂਰੀ ਲਈ ਹਿਰਨ ਨੂੰ ਮਾਰਨਾ ਪੈਂਦਾ ਹੈ, ਜਿਵੇਂ ਤੇਲ ਵਾਸਤੇ ਤਿਲਾਂ ਨੂੰ ਪੀੜਨਾ ਪੈਂਦਾ ਹੈ, ਅਨਾਰ ਦੇ ਦਾਣੇ ਲੈਣ ਲਈ, ਅਨਾਰ ਨੂੰ ਭੰਨਣਾ ਜ਼ਰੂਰੀ ਹੈ, ਇਸੇ ਤਰ੍ਹਾਂ ਮੂਰਖਾਂ ਨੂੰ ਸੁਧਾਰਨ ਲਈ ਤਲਵਾਰ ਫੜਨੀ ਪੈਂਦੀ ਹੈ। ਇਸ ਲਈ ਧਰਮ ਦੀ ਰੱਖਿਆ ਲਈ ਹੁਣ ਸ਼ਕਤੀ ਦੀ ਜ਼ਰੂਰਤ ਸੀ ਅਤੇ ਹੁਣ ਇਸ ਦਾ ਪ੍ਰਯੋਗ ਹੋਣਾ ਸੀ।

 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੇ ਨਾਲ ਅਗਲੀ ਅਹਿਮ ਗੱਲ ਸਿੱਖਾਂ ਨੂੰ ਸ਼ਸਤਰਧਾਰੀ ਬਣਾਉਣਾ ਸੀ। ਗੁਰੂ ਸਾਹਿਬ ਹੁਣ ਹਰ ਆਉਣ ਜਾਣ ਵਾਲੇ ਸਿੱਖ ਸ਼ਰਧਾਲੂ ਪਾਸੋਂ ਮਾਇਆ ਦੀ ਥਾਵੇਂ ਵਧੀਆ ਸ਼ਸਤਰਾਂ ਅਤੇ ਘੋੜਿਆਂ ਦੀ ਮੰਗ ਕਰਦੇ। ਗੁਰੂ ਸਾਹਿਬ ਲਈ ਵਧੀਆ ਤੋਂ ਵਧੀਆ ਘੋੜੇ ਹਾਸਲ ਕਰਨ ਵਾਲੇ ਬਹਾਦਰ ਸੂਰਮੇ ਬਾਬਾ ਬਿਧੀ ਚੰਦ ਤੋਂ ਕਿਹੜਾ ਸਿੱਖ ਵਾਕਿਫ ਨਹੀਂ ਹੈ। ਸਿੱਖ ਇਤਿਹਾਸਕ ਸ੍ਰੋਤਾਂ ਮੁਤਾਬਕ ਗੁਰੂ ਸਾਹਿਬ ਪਾਸ ਪੰਜ ਸੌ ਦੇ ਕਰੀਬ ਸਿਰਲੱਥ ਜੋਧੇ ਮੌਜੂਦ ਸਨ ਜੋ ਪੰਜਾਬ ਦੇ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ਵਿੱਚੋਂ ਆਏ ਸਨ। ਇਨ੍ਹਾਂ ਨੇ ਗੁਰੂ ਸਾਹਿਬ ਪਾਸੋਂ ਕਿਸੇ ਤਰ੍ਹਾਂ ਦੀ ਤਨਖਾਹ ਆਦਿ ਦੀ ਮੰਗ ਨਹੀਂ ਕੀਤੀ, ਸਗੋਂ ਗੁਰੂ ਦੇ ਲੰਗਰ ਵਿੱਚੋਂ ਪਰਸ਼ਾਦਾ ਛਕ ਕੇ ਸੇਵਾ ਨਿਭਾਈ। ਇਨ੍ਹਾਂ ਵਿੱਚੋਂ ਭਾਈ ਬਿਧੀ ਚੰਦ, ਭਾਈ ਪਿਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ ਅਤੇ ਭਾਈ ਲੰਗਾਹ ਜੀ ਪ੍ਰਮੁੱਖ ਯੋਧੇ ਸਨ। ਸਿੱਖਾਂ ਦੀ ਜੰਗੀ ਸਮਰੱਥਾ ਵਧਾਉਣ ਖ਼ਾਤਰ ਗੁਰੂ ਸਾਹਿਬ ਨੇ ਸੈਂਕੜੇ ਪਠਾਣ ਵੀ ਭਰਤੀ ਕੀਤੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਛਤਰ-ਛਾਇਆ ਹੇਠ ਸੰਤ-ਸਿਪਾਹੀਆਂ ਦੀ ਇਕ ਅਜਿਹੀ ਛੋਟੀ ਜਿਹੀ ਫੌਜ ਤਿਆਰ ਸੀ, ਜਿਸ ਨੇ ਆਉਣ ਵਾਲੇ ਸਮਿਆਂ ਅੰਦਰ ਸਮਕਾਲੀ ਮੁਗ਼ਲ ਅਧਿਕਾਰੀਆਂ ਅਤੇ ਫੌਜਾਂ ਵਿਰੁੱਧ ਜਿਤਨੇ ਵੀ ਯੁੱਧ ਲੜੇ, ਸਾਰਿਆਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਧਰਮ ਦੀ ਰੱਖਿਆ ਵਾਸਤੇ ਸੰਤ-ਸਿਪਾਹੀਆਂ ਵੱਲੋਂ ਲੜੀਆਂ ਗਈਆਂ ਲੜਾਈਆਂ ਅਤੇ ਉਨ੍ਹਾਂ ਵਿਚ ਦਿੱਤੀਆਂ ਸ਼ਹੀਦੀਆਂ, ਸਿੱਖ ਸੂਰਬੀਰਤਾ ਦੇ ਇਤਿਹਾਸ ਨੂੰ ਸਦਾ ਵਾਸਤੇ ਦਿਸ਼ਾ-ਨਿਰਦੇਸ਼ ਦਿੰਦੀਆਂ ਰਹੀਆਂ ਹਨ ਅਤੇ ਦਿੰਦੀਆਂ ਰਹਿਣਗੀਆਂ।

 

ਸੰਤ-ਸਿਪਾਹੀਆਂ ਦੀ ਫੌਜ ਵਾਸਤੇ ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿਖੇ ਇਕ ‘ਲੋਹਗੜ੍ਹ’ ਨਾਂ ਦਾ ਛੋਟਾ ਜਿਹਾ ਕਿਲ੍ਹਾ ਵੀ ਬਣਵਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ‘ਸੱਚੇ ਪਾਤਸ਼ਾਹ’ ਰੋਜ਼ਾਨਾ ਬਿਰਾਜਮਾਨ ਹੁੰਦੇ। ਰੋਜ਼ਾਨਾ ਨਿਸ਼ਾਨ ਸਾਹਿਬ ਝੂਲਦਾ ਅਤੇ ਨਗਾਰਾ ਵਜਾਇਆ ਜਾਂਦਾ। ਇਹ ਸਾਰੀਆਂ ਚੀਜ਼ਾਂ ਪ੍ਰਭੂਸੱਤਾ ਦਾ ਪ੍ਰਤੀਕ ਸਨ। ਇਹ ਪ੍ਰਭੂਸੱਤਾ ਰੂਹਾਨੀ ਵੀ ਸੀ ਅਤੇ ਦੁਨਿਆਵੀ ਵੀ, ਕਿਉਂਕਿ ਇਸ ਦਾ ਕੇਂਦਰ-ਬਿੰਦੂ ਸ੍ਰੀ ਅਕਾਲ ਤਖ਼ਤ ਸਾਹਿਬ ਸੀ। ਆਉਣ ਵਾਲਾ ਸਿੱਖ ਇਤਿਹਾਸ ਅਤੇ ਇਸ ਦੇ ਖੂਨੀ ਪੱਤਰੇ ਇਸ ਤੱਥ ਦੀ ਗਵਾਹੀ ਭਰਦੇ ਹਨ। ਕਈ ਵਾਰ ਵਕਤ ਦੀਆਂ ਹਕੂਮਤਾਂ ਦੁਆਰਾ ਸਿੱਖਾਂ ਦੀ ਤਾਕਤ ਨੂੰ ਤਬਾਹ ਅਤੇ ਬਰਬਾਦ ਕਰਨ ਹਿੱਤ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੀਆਂ ਫੌਜਾਂ ਦੁਆਰਾ ਬਾਰੂਦ ਦਾ ਨਿਸ਼ਾਨਾ ਬਣਾਇਆ ਗਿਆ, ਪਰ ਹਰ ਵਾਰ ਸਿੱਖ ਕੌਮ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਇਸ ਨੂੰ ਫਿਰ ਤੋਂ ਉਸਾਰ ਲਿਆ ਕਿਉਂਕਿ ਇਹ ਨਿਰਾ ਇੱਟਾਂ ਅਤੇ ਗਾਰੇ-ਮਸਾਲੇ ਦਾ ਇਕ ਢਾਂਚਾ ਨਹੀਂ, ਸਗੋਂ ਇਕ ਐਸੀ ਸੰਸਥਾ ਬਣ ਚੁੱਕਾ ਹੈ ਜੋ ਸਿੱਖ ਕੌਮ ਦੇ ਦਿਲ ਵਿੱਚੋਂ ਕਦੇ ਵੀ ਮਿਟ ਨਹੀਂ ਸਕਦਾ।

 

ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਹੋਂਦ ਤੇ ਸ੍ਵੈਮਾਣ ਦਾ ਪ੍ਰਤੀਕ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਇਹ ਪਾਵਨ ਬਖਸ਼ਿਸ਼ ਧਰਮ ਦੀ ਸਥਾਪਤੀ ਅਤੇ ਜਬਰ, ਜ਼ੁਲਮ ਤੇ ਅਨਿਆਂ ਵਿਰੁੱਧ ਸੰਘਰਸ਼ ਲਈ ਪ੍ਰੇਰਨਾ-ਸ੍ਰੋਤ ਹੈ ਅਤੇ ਰਹੇਗੀ। ਸਿਰਜਣਾ ਦੇ ਦਿਨ ਤੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਹਰੇਕ ਸਿੱਖ ਦੇ ਹਿਰਦੇ ਵਿਚ ਸਰਵ-ਉੱਚ ਸਥਾਨ ਰੱਖਦਾ ਹੈ। ਸਮੇਂ-ਸਮੇਂ ਜਿਨ੍ਹਾਂ ਵੀ ਪੰਥ ਵਿਰੋਧੀ ਸ਼ਕਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ-ਉੱਚਤਾ ਨੂੰ ਵੰਗਾਰਨ ਦੀ ਹਿਮਾਕਤ ਕੀਤੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਤੇ ਇਮਾਰਤ ਨੂੰ ਮਿਟਾਉਣ ਦੇ ਨਾਪਾਕ ਯਤਨ ਕੀਤੇ, ਨੂੰ ਹਮੇਸ਼ਾਂ ਮੂੰਹ ਦੀ ਖਾਣੀ ਪਈ। ਵਰਤਮਾਨ ਸਮੇਂ ’ਚ ਵੀ ਕੁਝ ਪੰਥ ਦੋਖੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ-ਉੱਚਤਾ ਨੂੰ ਠੇਸ ਪਹੁੰਚਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਪਰ ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਨ ਜਾਂ ਮਿਟਾਉਣ ਦੇ ਮਨਸੂਬੇ ਬਣਾਉਣ ਵਾਲੇ ਆਪ ਹੀ ਮਿਟ ਜਾਂਦੇ ਰਹੇ, ਭਾਵੇਂ ਉਹ ਅਬਦਾਲੀ ਸੀ ਜਾਂ ਕੋਈ ਹੋਰ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਮਰਿਯਾਦਾ ਅਨੁਸਾਰ ਜਾਰੀ ਹੋਏ ਹਰ ਹੁਕਮ, ਆਦੇਸ਼, ਸੰਦੇਸ਼ ਅਤੇ ਗੁਰਮਤੇ ਨੂੰ ਸੰਸਾਰ ਦਾ ਹਰ ਸਿੱਖ ਆਪਣੇ ਲਈ ਇਲਾਹੀ ਹੁਕਮ ਸਮਝਦਾ ਹੈ ਅਤੇ ਉਸ ਨੂੰ ਖਿੜੇ-ਮੱਥੇ ਮੰਨਣ ਲਈ ਪਾਬੰਦ ਵੀ ਹੈ। ਆਓ! ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਹੋਏ, ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਕਰੀਏ।