ਇਤਿਹਾਸ

ਧੰਨ ਧੰਨ ਗੁਰੂ ਰਾਮ ਦਾਸ ਵੱਲੋਂ ਵਰਸੋਈ ਪਾਵਨ, ਪਵਿੱਤਰ, ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਧਰਤ ਸੁਹਾਵੀ ‘ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਸਨਮੁਖ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 1606 ਈ: ਵਿਚ ਸਿਰਜਤ, ਸੁਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਦੀ ਪ੍ਰਭੂਸੱਤਾ ਸੰਪੰਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਸੁਭਾਇਮਾਨ ਹੈ। ਵੱਡ ਯੋਧੇ ਬਹੁ ਪਰਉਪਕਾਰੀ ਸਤਿਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ, ਜਿਸਦੀ ਉਸਾਰੀ ਵਿੱਚ “ਕਿਸੀ ਰਾਜ ਨਹਿ ਹਾਥ ਲਗਾਇਉ-ਬੁਢੇ ਓ ਗੁਰਦਾਸ ਬਨਾਇਓ” ਦੇ ਪਾਵਨ ਵਾਕ ਅਨੁਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾਂ ਨਾਲ ਉਸਾਰੀ ਕੀਤੀ। ਰਾਜਨੀਤੀ ਤੇ ਧਰਮ, ਜਿਸਨੂੰ ਸਿੱਖ ਸ਼ਬਦਾਵਲੀ ਵਿੱਚ ਮੀਰੀ-ਪੀਰੀ, ਭਗਤੀ-ਸ਼ਕਤੀ ਦਾ ਨਾਮ ਦਿੱਤਾ ਗਿਆ ਹੈ, ਦੇ ਦੈਵੀ ਸੁਮੇਲ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖ਼ਤ ਸਾਹਿਬ। ਸ੍ਰੀ ਅਕਾਲ ਤਖ਼ਤ ਸਾਹਿਬ ਮਨੁੱਖੀ ਸਵੈਮਾਣ ਤੇ ਅਜ਼ਾਦੀ ਦੇ ਮੌਲਿਕ ਗੁਰਮਤਿ ਵਿਚਾਰਾਂ ਅਤੇ ਨਿਰੈਭਤਾ ਦਾ ਜਜ਼ਬਾ ਲੋਕਾਈ ਵਿਚ ਉਜਾਗਰ ਕਰਨ ਲਈ ‘ਹਰਿ ਸਚੇ’ ਨੇ ਇਹ ਦੈਵੀ ਸੱਚੇ ਤਖ਼ਤ ਦੀ ਸਥਾਪਨਾ ਕੀਤੀ ਤਾਂ ਜੋ ਕੋਈ ਮਨੁੱਖ ਕਿਸੇ ਮਨੁੱਖ ਨੂੰ, ਕੋਈ ਜਾਤ ਕਿਸੇ ਜਾਤ ਨੂੰ, ਕੋਈ ਮਜ਼ਹਬ ਕਿਸੇ ਮਜ਼ਹਬ ਨੂੰ, ਕੋਈ ਦੇਸ਼ ਕਿਸੇ ਦੇਸ਼ ਨੂੰ ਆਪਣਾ ਦੁਬੇਲ ਨਾ ਬਣਾ ਸਕੇ ਅਤੇ ਹਰੇਕ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਜੀਵਨ ਜੀਉਣ ਦਾ ਹੱਕ ਸੁਤੰਤਰ ਬਣਾਇਆ ਜਾ ਸਕੇ। ਇਸ ਪਾਵਨ ਸਥਾਨ ਤੋਂ ਗੁਰਸਿੱਖਾਂ ਨੂੰ ਸ਼ਸਤਰ ਬੱਧ ਹੋਣ, ਗੁਰੂ ਦਰਬਾਰ ਵਿਚ ਵਧੀਆ ਸ਼ਸਤਰ ਤੇ ਜੁਆਨੀਆਂ ਭੇਂਟ ਕਰਨ ਦਾ ਪਹਲਿਾ ਹੁਕਮਨਾਮਾ ਜਾਰੀ ਹੋਇਆ, ਸੰਧਿਆ ਸਮੇਂ ਬੀਰਰਸੀ ਵਾਰਾਂ ਦਾ ਗਇਨ ਕਰਵਾਇਆ ਜਾਂਦਾ ਤਾਂ ਜੋ ਕੌਮ ਵਿਚ ਜਬਰ-ਜ਼ੁਲਮ ਦੇ ਵਿਰੁੱਧ ਲੜਨ ਲਈ ਜੋਸ਼ ਪੈਦਾ ਹੋ ਸਕੇ। ਸਿੱਖ, ਮੁਗਲ ਅਤੇ ਅਫਗਾਨ ਸੰਘਰਸ਼ ਕਾਲ ਦੌਰਾਨ ਗੁਰਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਨਾ, ਉਤਸ਼ਾਹ ਅਤੇ ਅਗਵਾਈ ਪ੍ਰਾਪਤ ਕਰਦੇ ਰਹੇ। ਹੰਨੇ-ਹੰਨੇ ਦੀ ਮੀਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਇੱਕਸੁਰਤਾ ਅਤੇ ਇੱਕਸਾਰਤਾ ਬਖਸ਼ੀ। ਇਤਿਹਾਸ ਸਾਖੀ ਹੈ ਕਿ ਉਪਰੋਕਤ ਮੰਤਵਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਆਰੰਭ ਹੋਈ ਜਦੋ ਜਹਿਦ ਨਿਰੰਤਰ ਜਾਰੀ ਹੈ। ਜਦੋਂ ਜਦੋਂ ਵੀ ਮਨੁੱਖੀ ਅਜ਼ਾਦੀ ਤੇ ਸਵੈ-ਮਾਣ ਖਤਰੇ ਵਿੱਚ ਪਏ ਤਾਂ ਸੱਚੇ ਧਰਮ ਦਾ ਜ਼ਜ਼ਬਾ ਲੈ ਕੇ ਉਸਦੀ ਰਾਖੀ ਲਈ ‘ਗੁਰੂ ਕੇ ਸਿੱਖਾਂ’ ਨੇ ਸਦਾ ਪ੍ਰੇਰਣਾ-ਅਗਵਾਈ ਇਥੋਂ ਪ੍ਰਾਪਤ ਕੀਤੀ। ‘ਖ਼ਾਲਸਾ ਜੀ ਕੇ ਬੋਲਬਾਲੇ ਤੇ ਰਾਜ ਕਰੇਗਾ ਖਾਲਸਾ’ ਦੇ ਬੋਲਿਆਂ ਦੀ ਗੂੰਜ ਵੀ ਇਥੋਂ ਹੀ ਪੈਂਦੀ ਹੈ। ਸਮੇਂ ਦੀਆਂ ਸਰਕਾਰਾਂ ਇਸ ਅਵਾਜ਼ ਤੋਂ ਹਮੇਸ਼ਾਂ ਡਰਦੀਆਂ ਤੇ ਤ੍ਰੱਬਕਦੀਆਂ ਰਹੀਆਂ। ਇਸੇ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ, ਆਦਰਸ਼ਾਂ, ਜਜ਼ਬਿਆਂ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ ਗਿਆ ਪਰ ਸਮੇਂ ਦੀਆਂ ਸਰਕਾਰਾਂ ਮਿਟ ਜਾਂਦੀਆਂ ਰਹੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੇਸਰੀ ਪਰਚਮ ਝੂਲਦੇ ਰਹੇ। , 84 ਦੇ ਘੱਲੂਘਾਰੇ ਦੌਰਾਨ ਸਮੇਂ ਦੀ ਜਾਬਰ ਸਰਕਾਰ ਨੇ ਇਸ ਪਵਨ ਅਸਥਾਨ ਦੀ ਪਾਵਨ ਪਵਿੱਤਰ ਇਤਿਹਾਸਿਕ ਇਮਾਰਤ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ, ਤਾਂ ਕਿ ਸੁਤੰਤਰ ਸਿੱਖ ਸੋਚ ਦੇ ਪ੍ਰੇਰਨਾ ਸਰੋਤ ਦੀ ਹੋਂਦ ਹਸਤੀ ਖਤਮ ਹੋ ਸਕੇ। ਹਮਲਾਵਰਾਂ ਦੀ ਹੋਂਦ ਹਸਤੀ ਤਾਂ ਖਤਮ ਹੋ ਗਈ ਪਰ ਭਗਤੀ-ਸ਼ਕਤੀ ਦਾ ਕੇਂਦਰੀ ਅਸਥਾਨ ਹਮੇਸ਼ਾਂ ਗੁਰਸਿੱਖਾਂ ਲਈ ਪ੍ਰੇਰਨਾ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਕਰਦਾ ਰਹੇਗਾ। ‘ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ’ ਅਤੇ ਪੰਥ ਦੀ ਚੜ੍ਹਦੀ ਕਲਾ, ਹਰ ਰੋਜ਼ ਹਰ ਗੁਰਸਿੱਖ ਮੰਗਦਾ ਹੈ। ਉਸ ਦਾ ਜ਼ਾਮਨ ਵੀ ਸ੍ਰੀ ਅਕਾਲ ਤਖ਼ਤ ਹੀ ਹੈ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹਰ ਹੁਕਮ ਨੂੰ ਰਾਜਾ-ਰੰਕ, ਅਮੀਰ-ਗਰੀਬ, ਹਰ ਗੁਰਸਿੱਖ, ਗੁਰੂ-ਪੰਥ ਦਾ ਹੁਕਮ ਜਾਣ ਸੀਸ ਝੁਕਾ, ਪ੍ਰਵਾਨ ਚੜ੍ਹਾਉਂਦਾ ਹੋਇਆ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।