ਆਸਾ ਮਹਲਾ ੪ ॥
ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥ ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥ ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥ ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥ ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥ ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥ ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥ ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥ ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥ ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥ ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥ ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥ ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥ ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥ ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥ ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥ ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥ ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥ ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥ ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥ ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥ ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥ ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥ ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥ ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥ ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥ ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥ ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥ ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥ ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥ ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥ ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥ ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥ ਜਿਨ ਸਰਧਾ ਰਾਮ ਨਾਮਿ ਲਗੀ ਤਿਨ@ ਦੂਜੈ ਚਿਤੁ ਨ ਲਾਇਆ ਰਾਮ ॥ ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥ ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥ ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥ ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥ ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥ ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥ ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥ ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥ ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥
ਬੁੱਧਵਾਰ, ੨੦ ਹਾੜ (ਸੰਮਤ ੫੫੦ ਨਾਨਕਸ਼ਾਹੀ) (ਅੰਗ : ੪੪੨)

ਪੰਜਾਬੀ ਵਿਆਖਿਆ:
ਆਸਾ ਮਹਲਾ ੪ ॥
ਹੇ ਭਾਈ! ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਢ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਦੇ ਹਿਰਦੇ ਦੀ ਧਰਤੀ ਉਤੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ ਤੇ ਉਸ ਨੂੰ ਆਤਮਕ ਸ਼ਾਂਤੀ ਬਖ਼ਸ਼ਦੀ ਹੈ। ਇਸ ਨਾਮ-ਵਰਖਾ ਦੀ ਬਰਕਤਿ ਨਾਲ ਗੁਰੂ ਦੇ ਸਨਮੁਖ ਰਹਿਣ ਵਾਲੇ ਉਸ ਵਡਭਾਗੀ ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ। ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ ਲੋਕ ਪਰਲੋਕ ਵਿਚ ਆਦਰ-ਮਾਣ ਮਿਲ ਜਾਂਦਾ ਹੈ। ਹੇ ਭਾਈ! ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ ਦਾ ਕੰਮ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ। ਹੇ ਨਾਨਕ! ਮੇਹਰ ਕਰਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।੧। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ। ਹੇ ਭਾਈ! ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ। ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ। ਹੇ ਭਾਈ! ਜਦੋਂ ਕਿਸੇ ਵਡ-ਭਾਗੀ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ ਦੇ ਹੜ ਵਿਚ ਡੁੱਬ ਰਹੀ ਉਸ ਦੀ ਜ਼ਿੰਦਗੀ ਦੀ ਬੇੜੀ ਬਾਹਰ ਨਿਕਲ ਆਈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ। ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਇਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤਿ ਦੇਂਦਾ ਹੈ।੨। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ, ਪਰਮਾਤਮਾ ਦੀ ਸਿਫ਼ਤਿ ਸਾਲਾਹ ਸੁਣੀ, ਉਸ ਨੂੰ ਮਨੁੱਖਾ ਜਨਮ-ਮਨੋਰਥ ਵਿਚ ਕਾਮਯਾਬੀ ਹਾਸਲ ਹੋ ਗਈ, ਉਸ ਦੇ ਸਾਰੇ ਕੰਮ ਸਫਲ ਹੋ ਗਏ। ਹੇ ਭਾਈ! ਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ‘ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ। ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਆਪਣੇ ਅੰਦਰੋਂ ਮਾਇਆ ਦੀ ਭੁੱਖ, ਤ੍ਰੇਹ ਦੂਰ ਕਰ ਲਈ। ਉਸ ਦਾ ਮਨ, ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸੁਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ। ਹੇ ਨਾਨਕ! ਆਖ- ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ।੩। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ। ਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ ਦੇ ਮੋਹ ਦੀ ਮੈਲ ਲੱਗੀ ਰਹਿੰਦੀ ਹੈ। ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ ਧਾਰਮਿਕ ਰਸਮਾਂ ਕਰਦੇ ਹਨ, ਵਧੀਕ ਅਹੰਕਾਰੀ ਹੁੰਦੇ ਜਾਂਦੇ ਹਨ। ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ ਸਗੋਂ ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ। ਜੀਵਨ-ਸਫ਼ਰ ਵਿਚ ਉਹ ਜਮਾਂ ਵਾਲਾ ਰਸਤਾ ਫੜੀ ਰੱਖਦੇ ਹਨ ਜੋ ਬੜਾ ਔਖਾ ਹੈ, ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ ਆਤਮਕ ਜੀਵਨ ਵੱਲੋਂ ਹਨੇਰਾ ਹੀ ਹਨੇਰਾ ਹੈ। ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਮਾਇਆ ਦੇ ਮੋਹ ਆਦਿਕ ਤੋਂ ਖਲਾਸੀ ਦਾ ਰਸਤਾ ਲੱਭ ਲੈਂਦਾ ਹੈ।੪। ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ, ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ। ਉਹ ਮਨੁੱਖ ਆਪਣੇ ਮਨ ਨੂੰ ਇਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ। ਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ, ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ ਔਖਿਆਈਆਂ ਤੋਂ ਬਚਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਏ। ਹੇ ਭਾਈ! ਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ। ਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ ਜਿਨ੍ਹਾਂ ਦੇ ਹਿਰਦੇ ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ।੫। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ, ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ। ਉਹ ਮਨ-ਇੱਛਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ। ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ। ਉਹਨਾਂ ਦਾ ਮਨੁੱਖਾ-ਜਨਮ ਕਾਮਯਾਬ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ,ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ। ਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆਂ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ।੬। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ ਹਰਿ-ਨਾਮ ਦਾ ਪਿਆਰ ਛੱਡ ਕੇ ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ। ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁੱਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ। ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਨਾਮ ਦੀ ਬਰਕਤਿ ਨਾਲ ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆਂ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ। ਉਹ ਸਦਾ ਪਰਮਾਤਮਾ ਦਾ ਨਾਮ-ਧਨ, ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ, ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ, ਨਾਹ ਗਵਾਚਦਾ ਹੈ। ਹੇ ਭਾਈ! ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਪਰਮਾਤਮਾ ਦਾ ਨਾਮ ਇਸ ਜਗਤ ਵਿਚ ਮਾਨੋ ਤੁਲਹਾ ਹੈ। ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀ ਢੁੱਕਦੀ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।੭। ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਪਰ ਉਹੀ ਮਨੁੱਖ ਸੇਵਕ ਬਣ ਕੇ ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ, ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ ਗੁਰੂ ਅੱਗੇ ਰੱਖ ਦਿੱਤਾ ਹੈ। ਜਿਸ ਮਨੁੱਖ ਨੇ ਆਪਣਾ ਮਨ, ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ। ਗੁਰੂ ਉਸ ਨੂੰ ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ, ਜੇਹੜਾ ਪ੍ਰੇਮ ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਗਰੀਬਾਂ ਦਾ ਖਸਮ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਪ੍ਰੇਮ ਦੀ ਬਰਕਤਿ ਨਾਲ ਗੁਰੂ ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਅਤੇ ਸਿੱਖ ਗੁਰੂ ਵਿਚ ਲੀਨ ਹੋ ਜਾਂਦਾ ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ ਦੀ ਲੜੀ ਨੂੰ ਅਗਾਂਹ ਤੋਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ, ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ ਵਸਾਣ ਲਈ ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ।੮।੨।੯।

English Translation:

AASAA, FOURTH MEHL:

Slowly, slowly, slowly, very slowly, the drops of Ambrosial Nectar trickle down. As Gurmukh, the Gurmukh beholds the Lord, the Beloved Lord. The Name of the Lord, the Emancipator of the world, is dear to him; the Name of the Lord is his glory. In this Dark Age of Kali Yuga, the Lord’s Name is the boat, which carries the Gurmukh across. This world, and the world hereafter, are adorned with the Lord’s Name; the Gurmukh’s lifestyle is the most excellent. O Nanak, bestowing His kindness, the Lord gives the gift of His emancipating Name.  || 1 ||   I chant the Name of the Lord, Raam, Raam, which destroys my sorrows and erases my sins. Associating with the Guru, associating with the Guru, I practice meditation; I have enshrined the Lord within my heart. I enshrined the Lord within my heart, and obtained the supreme status, when I came to the Sanctuary of the Guru. My boat was sinking under the weight of greed and corruption, but it was uplifted when the True Guru implanted the Naam, the Name of the Lord, within me. The Perfect Guru has given me the gift of spiritual life, and I center my consciousness on the Lord’s Name. The Merciful Lord Himself has mercifully given this gift to me; O Nanak, I take to the Sanctuary of the Guru.  || 2 ||   Hearing the Bani of the Lord’s Name, all my affairs were brought to perfection and embellished. With each and every hair, with each and every hair, as Gurmukh, I meditate on the Lord. I meditate on the Lord’s Name, and become pure; He has no form or shape. The Name of the Lord, Raam, Raam, is permeating my heart deep within, and all of my desire and hunger has disappeared. My mind and body are totally adorned with peace and tranquility; through the Guru’s Teachings, the Lord has been revealed to me. The Lord Himself has shown His kind mercy to Nanak; He has made me the slave of the slaves of His slaves.  || 3 ||   Those who forget the Name of the Lord, Raam, Raam, are foolish, unfortunate, self-willed manmukhs. Within, they are engrossed in emotional attachment; each and every moment, Maya clings to them. The filth of Maya clings to them, and they become unfortunate fools — they do not love the Lord’s Name. The egotistical and proud perform all sorts of rituals, but they shy away from the Lord’s Name. The path of Death is very arduous and painful; it is stained with the darkness of emotional attachment. O Nanak, the Gurmukh meditates on the Naam, and finds the gate of salvation.  || 4 ||   The Name of the Lord, Raam, Raam, and the Lord Guru, are known by the Gurmukh. One moment, this mind is in the heavens, and the next, it is in the nether regions; the Guru brings the wandering mind back to one-pointedness. When the mind returns to one-pointedness, one totally understands the value of salvation, and enjoys the subtle essence of the Lord’s Name. The Lord’s Name preserves the honor of His servant, as He preserved and emancipated Prahlaad. So repeat continually the Name of the Lord, Raam, Raam; chanting His Glorious Virtues, His limit cannot be found. Nanak is drenched in happiness, hearing the Name of the Lord; he is merged in the Name of the Lord.  || 5 ||   Those beings, whose minds are filled the Lord’s Name, forsake all anxiety. They obtain all wealth, and all Dharmic faith, and the fruits of their minds’ desires. They obtain the fruits of their hearts’ desires, meditating on the Lord’s Name, and singing the Glorious Praises of the Lord’s Name. Evil-mindedness and duality depart, and their understanding is enlightened. They attach their minds to the Name of the Lord. Their lives and bodies become totally blessed and fruitful; the Lord’s Name illumines them. O Nanak, by continually vibrating upon the Lord, day and night, the Gurmukhs abide in the home of the inner self.  || 6 ||   Those who place their faith in the Lord’s Name, do not attach their consciousness to another. Even if the entire earth were to be transformed into gold, and given to them, without the Naam, they love nothing else. The Lord’s Name is pleasing to their minds, and they obtain supreme peace; when they depart in the end, it shall go with them as their support. I have gathered the capital, the wealth of the Lord’s Name; it does not sink, and does not depart. The Lord’s Name is the only true support in this age; the Messenger of Death does not draw near it. O Nanak, the Gurmukhs recognize the Lord; in His Mercy, He unites them with Himself.  || 7 ||   True, True is the Name of the Lord, Raam, Raam; the Gurmukh knows the Lord. The Lord’s servant is the one who commits himself to the Guru’s service, and dedicates his mind and body as an offering to Him. He dedicates his mind and body to Him, placing great faith in Him; the Guru lovingly unites His servant with Himself. The Master of the meek, the Giver of souls, is obtained through the Perfect Guru. The Guru’s Sikh, and the Sikh’s Guru, are one and the same; both spread the Guru’s Teachings. The Mantra of the Lord’s Name is enshrined within the heart, O Nanak, and we merge with the Lord so easily.  || 8 || 2 || 9 ||  

Wednesday, 20th Assaar (Samvat 550 Nanakshahi) (Page: 442)