ਰਾਮਕਲੀ ਮਹਲਾ ੫ ॥
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥ ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ ਬਿਨੁ ਹਰਿ ਸਗਲ ਨਿਰਾਰਥ ਕਾਮ ॥ ਸੁਇਨਾ ਰੁਪਾ ਮਾਟੀ ਦਾਮ ॥ ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਈਹਾ ਊਹਾ ਤੇਰੋ ਊਜਲ ਮੁਖਾ ॥੨॥ ਕਰਿ ਕਰਿ ਥਾਕੇ ਵਡੇ ਵਡੇਰੇ ॥ ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਤਾ ਕੀ ਆਸਾ ਪੂਰਨ ਹੋਇ ॥੩॥ ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ ਜੀਤਾ ਜਨਮੁ ਅਪਾਰੁ ॥ ਹਰਿ ਸੰਤੁ ਕਰੇ ਸੋਈ ਪਰਵਾਣੁ ॥ ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥

ਸੋਮਵਾਰ ੨੧ ਅੱਸੂ (ਸੰਮਤ ੫੪੬ ਨਾਨਕਸ਼ਾਹੀ)         (ਅੰਗ: ੮੮੯)

ਪੰਜਾਬੀ ਵਿਆਖਿਆ :
ਰਾਮਕਲੀ ਮਹਲਾ ੫ ॥
ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ । ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ । ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ । ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ।੧। ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ । ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ । ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ।੧।ਰਹਾਉ। ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ) । (ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ । ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ; ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ।੨। ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ, ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ) । ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ।੩। ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ, ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ । ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ । ਹੇ ਨਾਨਕ! (ਆਖ—ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ।੪।੧੧।੨੨।

English Translation :

RAAMKALEE, FIFTH MEHL:

Your home, power and wealth will be of no use to you. Your corrupt worldly entanglements will be of no use to you. Know that all your dear friends are fake. Only the Name of the Lord, Har, Har, will go along with you. || 1 ||   Sing the Glorious Praises of the Lord’s Name, O friend; remembering the Lord in meditation, your honor shall be saved. Remembering the Lord in meditation, the Messenger of Death will not touch you. || 1 || Pause ||   Without the Lord, all pursuits are useless. Gold, silver and wealth are just dust. Chanting the Word of the Guru’s Shabad, your mind shall be at peace. Here and hereafter, your face shall be radiant and bright. || 2 ||   Even the greatest of the great worked and worked until they were exhausted. None of them ever accomplished the tasks of Maya. Any humble being who chants the Name of the Lord, Har, Har, will have all his hopes fulfilled. || 3 ||   The Naam, the Name of the Lord, is the anchor and support of the Lord’s devotees. The Saints are victorious in this priceless human life. Whatever the Lord’s Saint does, is approved and accepted. Slave Nanak is a sacrifice to him. || 4 || 11 || 22 ||

Monday 21st Assu (Samvat 546 Nanakshahi)      (Page: 889)