ਰਾਮਕਲੀ ਮਹਲਾ ੯ ॥
ਪ੍ਰਾਨੀ ਨਾਰਾਇਨ ਸੁਧਿ ਲੇਹਿ ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥ ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥ ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥ ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥ ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥ ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥ ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
ਸ਼ਨਿਚਰਵਾਰ, ੨੩ ਹਾੜ (ਸੰਮਤ ੫੫੦ ਨਾਨਕਸ਼ਾਹੀ) (ਅੰਗ: ੯੦੨)

ਪੰਜਾਬੀ ਵਿਆਖਿਆ :

ਰਾਮਕਲੀ ਮਹਲਾ ੯ ॥

ਹੇ ਭਾਈ! ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਈ ਰੱਖ । (ਪ੍ਰਭੂ ਦੀ ਯਾਦ ਤੋਂ ਬਿਨਾ ਤੇਰਾ ਮਨੁੱਖਾ) ਸਰੀਰ ਵਿਅਰਥ ਜਾ ਰਿਹਾ ਹੈ । ਦਿਨੇ ਰਾਤ ਇਕ ਇਕ ਛਿਨ ਕਰ ਕੇ ਤੇਰੀ ਉਮਰ ਘਟਦੀ ਜਾ ਰਹੀ ਹੈ ।੧।ਰਹਾਉ। (ਜੀਵ ਭੀ ਅਜਬ ਮੰਦਭਾਗੀ ਹੈ ਕਿ ਇਸ ਨੇ) ਜਵਾਨੀ (ਦੀ ਉਮਰ) ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਬਾਲ-ਉਮਰ ਅੰਞਾਣ-ਪੁਣੇ ਵਿਚ (ਗਵਾ ਲਈ । ਹੁਣ) ਬੁੱਢਾ ਹੋ ਗਿਆ ਹੈ, ਪਰ ਅਜੇ ਭੀ ਨਹੀਂ ਸਮਝਦਾ । (ਪਤਾ ਨਹੀਂ ਇਹ) ਕਿਸ ਖੋਟੀ ਮਤਿ ਵਿਚ ਫਸਿਆ ਪਿਆ ਹੈ ।੧। ਹੇ ਪ੍ਰਾਣੀ! ਜਿਸ ਠਾਕੁਰ-ਪ੍ਰਭੂ ਨੇ (ਤੈਨੂੰ) ਮਨੁੱਖਾ ਜਨਮ ਦਿੱਤਾ ਹੋਇਆ ਹੈ, ਤੂੰ ਉਸ ਨੂੰ ਕਿਉਂ ਭੁਲਾ ਰਿਹਾ ਹੈਂ? ਹੇ ਨਰ! ਜਿਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹੁੰਦੀ ਹੈ ਤੂੰ ਅੱਖ ਦੇ ਇਕ ਫੋਰ ਲਈ ਭੀ ਉਸ (ਦੀ ਸਿਫ਼ਤਿ-ਸਾਲਾਹ) ਨੂੰ ਨਹੀਂ ਗਾਂਦਾ ।੨। ਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ । ਨਾਨਕ ਆਖਦਾ ਹੈ—ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਦਾ ਰਹੁ । ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ ।੩।੩।੮੧।

English Translation:

RAAMKALEE, NINTH MEHL:

O mortal, focus your thoughts on the Lord. Moment by moment, your life is running out; night and day, your body is passing away in vain.  || 1 ||  Pause  ||   You have wasted your youth in corrupt pleasures, and your childhood in ignorance. You have grown old, and even now, you do not understand, the evil-mindedness in which you are entangled.  || 1 ||   Why have you forgotten your Lord and Master, who blessed you with this human life? Remembering Him in meditation, one is liberated. And yet, you do not sing His Praises, even for an  instant.  || 2 ||   Why are you intoxicated with Maya? It will not go along with you. Says Nanak, think of Him, remember Him in your mind. He is the Fulfiller of desires, who will be your help and support in the end.  || 3 || 3 || 81 ||  

Saturday, 23rd Assaar (Samvat 550 Nanakshahi) (Page: 902)