ਗੋਂਡ ਮਹਲਾ ੫ ॥
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ ਗੁਰੁ ਮੇਰਾ ਦੇਉ ਅਲਖ ਅਭੇਉ ॥ ਸਰਬ ਪੂਜ ਚਰਨ ਗੁਰ ਸੇਉ ॥੧॥ ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥ ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ ਗੁਰ ਕੀ ਸਰਣਿ ਰਹਉ ਕਰ ਜੋਰਿ ॥ ਗੁਰੂ ਬਿਨਾ ਮੈ ਨਾਹੀ ਹੋਰੁ ॥੨॥ ਗੁਰੁ ਬੋਹਿਥੁ ਤਾਰੇ ਭਵ ਪਾਰਿ ॥ ਗੁਰ ਸੇਵਾ ਜਮ ਤੇ ਛੁਟਕਾਰਿ ॥ ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥ ਗੁਰੁ ਪੂਰਾ ਪਾਈਐ ਵਡਭਾਗੀ ॥ ਗੁਰ ਕੀ ਸੇਵਾ ਦੂਖੁ ਨ ਲਾਗੀ ॥ ਗੁਰ ਕਾ ਸਬਦੁ ਨ ਮੇਟੈ ਕੋਇ ॥ ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
ਸ਼ਨਿਚਰਵਾਰ, ੨੬ ਸਾਵਣ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੮੬੪)

ਪੰਜਾਬੀ ਵਿਆਖਿਆ:
ਗੋਂਡ ਮਹਲਾ ੫ ॥
ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ । ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ । ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ । ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ।੧। ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ । ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ।੧।ਰਹਾਉ।ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ । ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ । ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ । ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ ।੨।ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ । ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ । (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ । ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ।੩।ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ । ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ । (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ । ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ।੪।੭।੯।

English Translation:

GOND, FIFTH MEHL:

I worship and adore my Guru; the Guru is the Lord of the Universe. My Guru is the Supreme Lord God; the Guru is the Lord God. My Guru is divine, invisible and mysterious. I serve at the Guru’s feet, which are worshipped by all.  || 1 ||   Without the Guru, I have no other place at all. Night and day, I chant the Name of Guru, Guru.  || 1 ||  Pause  ||   The Guru is my spiritual wisdom, the Guru is the meditation within my heart. The Guru is the Lord of the World, the Primal Being, the Lord God. With my palms pressed together, I remain in the Guru’s Sanctuary. Without the Guru, I have no other at all.  || 2 ||   The Guru is the boat to cross over the terrifying world-ocean. Serving the Guru, one is released from the Messenger of Death. In the darkness, the Guru’s Mantra shines forth. With the Guru, all are saved.  || 3 ||   The Perfect Guru is found, by great good fortune. Serving the Guru, pain does not afflict anyone. No one can erase the Word of the Guru’s Shabad.  Nanak is the Guru; Nanak is the Lord Himself.  || 4 || 7 || 9 ||

Saturday, 26th Sawan (Samvat 551 Nanakshahi) (Page: 864)