ਸੂਹੀ ਮਹਲਾ ੧ ॥
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥ ਤਿਨੑਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥ ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥ ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥ ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥ ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥ ੪॥੩॥੫॥
ਬੁੱਧਵਾਰ, ੪ ਹਾੜ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੭੨੯)

ਪੰਜਾਬੀ ਵਿਆਖਿਆ:
ਸੂਹੀ ਮਹਲਾ ੧ ॥
(ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ । ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ । ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੧।ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ । ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ, ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ।੨।(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ; ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ, ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ ।੩।ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ, ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ ।ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ।੪।੩।੫।

English Translation:

SOOHEE, FIRST MEHL:

Those whose minds are filled with love of the Lord, are blessed and exalted. They are blessed with peace, and their pains are forgotten. He will undoubtedly, certainly save them.  || 1 ||   The Guru comes to meet those whose destiny is so pre-ordained. He blesses them with the Teachings of the Ambrosial Name of the Lord. Those who walk in the Will of the True Guru, never wander begging.  || 2 ||   And one who lives in the Mansion of the Lord’s Presence, why should he bow down to any other? The gate-keeper at the Lord’s Gate shall not stop him to ask any questions. And one who is blessed with the Lord’s Glance of Grace — by his words, others are emancipated as well.  || 3 ||   The Lord Himself sends out, and recalls the mortal beings; no one else gives Him advice. He Himself demolishes, constructs and creates; He knows everything. O Nanak, the Naam, the Name of the Lord is the blessing, given to those who receive His Mercy, and His Grace.  || 4 || 3 || 5 ||

Wednesday, 4th Assaar (Samvat 552 Nanakshahi) (Page: 729)