Shiromani Gurudwara Parbandhak Committee

Waheguru Ji Ka Khalsa

Waheguru Ji Ki Fateh

Shiromani Committee published a collection of valuable English articles of Sardar Kapoor Singh.

Bibi Jagir Kaur

Recent News

ਸ਼ਹੀਦੀ ਸਭਾ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ

ਦੀਵਾਨ ਟੋਡਰ ਮੱਲ ਹਾਲ ’ਚ ਮਾਤਾ ਗੁਜਰੀ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ ਨੌਜੁਆਨੀ ਨੂੰ ਧਰਮ ਦੀਆਂ ਕਦਰਾਂ ਕੀਮਤਾਂ ਨਾਲ ਜੋੜਨ ਲਈ ਬੀਬੀਆਂ ਯੋਗਦਾਨ ਪਾਉਣ-ਬੀਬੀ ਜਗੀਰ ਕੌਰ ਗੁਰੂ ਸਾਹਿਬਾਨ ਵੱਲੋਂ ਔਰਤਾਂ ਨੂੰ ਬਰਾਬਰਤਾ ਦਾ ਸਤਿਕਾਰ ਦੇਣਾ ਕ੍ਰਾਂਤੀਕਾਰੀ ਕਦਮ-ਬੀਬੀ ਜਗੀਰ ਕੌਰ ਸੰਗਤ ਨੂੰ ਸਿੱਖ ਰਹਿਤ ਮਰਯਾਦਾ ਵਿਚ ਪੱਕਿਆਂ ਰਹਿਣ ਦੀ ਕੀਤੀ ਪ੍ਰੇਰਣਾ ਸ੍ਰੀ ਫ਼ਤਹਿਗੜ੍ਹ ਸਾਹਿਬ, 26 ਦਸੰਬਰ- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਨੇ ਪੁੱਜ ਕੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੀ ਗੁਰੂ ਘਰ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਦੀਵਾਨ ਟੋਡਰ ਮੱਲ ਦੀਵਾਨ ਹਾਲ ਵਿਖੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ ਵਿਚ ਸ਼ਿਰਕਤ ਕਰਕੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਬੀਬੀਆਂ ਪੁੱਜੀਆਂ ਹੋਈਆਂ ਸਨ। ਸਮਾਗਮ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਸ਼ਾਨਾਮੱਤਾ ਇਤਿਹਾਸ ਸਾਂਝਾ ਕੀਤਾ, ਉਥੇ ਹੀ ਸਿੱਖ ਬੀਬੀਆਂ ਨੂੰ ਬੱਚਿਆਂ ਤੇ ਨੌਜੁਆਨਾਂ ਅੰਦਰ ਸਿੱਖ ਇਤਿਹਾਸ ਦ੍ਰਿੜ੍ਹ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜੁਆਨੀ ਅੰਦਰ ਧਰਮ ਦੀਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਲਈ ਬੀਬੀਆਂ ਯੋਗਦਾਨ ਪਾਉਣ। ਬੀਬੀ ਜਗੀਰ ਕੌਰ ਨੇ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਸਮਾਜ ਅੰਦਰ ਬਰਾਬਰਤਾ ਦਾ ਸਤਿਕਾਰ ਦੇ ਕੇ ਨਿਵਾਜਿਆ, ਜੋ ਆਪਣੇ ਆਪ ਵਿਚ ਇਕ ਕ੍ਰਾਂਤੀਕਾਰੀ ਕਦਮ ਸੀ। ਉਨ੍ਹਾਂ ਕਿਹਾ ਕਿ ਅੱਜ ਬੀਬੀਆਂ ਨੂੰ ਆਪਣੇ ਇਤਿਹਾਸ ਨਾਲ ਜੁੜ ਕੇ ਮਾਤਾ ਗੁਜਰੀ ਜੀ ਦੀ ਸੋਚ ਦੀਆਂ ਪਹਿਰੇਦਾਰ ਬਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਲਾਲਾਂ ਨੂੰ ਸਿੱਖੀ ਸਿਦਕ ਤੇ ਦ੍ਰਿੜ੍ਹਤਾ ਦਾ ਪਾਠ ਪੜਾਇਆ, ਅੱਜ ਹਰ ਮਾਂ ਦਾ ਫ਼ਰਜ਼ ਹੈ ਕਿ ਇਸ ਵਿਰਾਸਤ ਦੀ ਰੌਸ਼ਨੀ ਵਿਚ ਬੱਚਿਆਂ ਨੂੰ ਗੁਰਮਤਿ ਫਲਸਫੇ ਨਾਲ ਜੋੜੇ। ਉਨ੍ਹਾਂ ਹਾਜ਼ਰ ਸੰਗਤਾਂ ਨੂੰ ਸਿੱਖ ਰਹਿਤ ਮਰਯਾਦਾ ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਅਤੇ ਇਸ ਅਨੁਸਾਰ ਜੀਵਨ ਜਿਊਣ ਦੀ ਵੀ ਪ੍ਰੇਰਣਾ ਕੀਤੀ। ਬੀਬੀ ਜਗੀਰ ਕੌਰ ਨੇ ਭਲਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਸਮਾਪਤੀ ਮੌਕੇ ਦੁਪਹਿਰ 1:00 ਵਜੇ ਹੋਣ ਵਾਲੀ ਅਰਦਾਸ ਦਾ ਸਮੁੱਚੇ ਸਿੱਖ ਜਗਤ ਨੂੰ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਇਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਅਤੇ ਬੀਬੀ ਪਰਮਜੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਬੀਬੀਆਂ ਦੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਇਤਿਹਾਸ ਨਾਲ ਜੋੜਿਆ ਗਿਆ। ਦੱਸਣਯੋਗ ਹੈ ਕਿ ਗੁਰਮਤਿ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਰਦਾਸ ਕਰਨ ਦੀ ਸੇਵਾ ਨਿਭਾਈ, ਜਦਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਸੰਗਤ ਨੂੰ ਹੁਕਮਨਾਮਾ ਸਰਵਣ ਕਰਵਾਇਆ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਬਲਦੇਵ ਸਿੰਘ ਚੂੰਘਾਂ, ਬੀਬੀ ਕੁਲਦੀਪ ਕੌਰ ਟੌਹੜਾ, ਸ. ਕਰਨੈਲ ਸਿੰਘ ਪੰਜੋਲੀ, ਸ. ਅਵਤਾਰ ਸਿੰਘ ਰਿਆ, ਸ. ਰਵਿੰਦਰ ਸਿੰਘ ਖ਼ਾਲਸਾ, ਬੀਬੀ ਰਣਜੀਤ ਕੌਰ ਮਾਹਿਲਪੁਰ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਜੋਗਿੰਦਰ ਕੌਰ ਬਠਿੰਡਾ, ਸ. ਬਲਜੀਤ ਸਿੰਘ ਜਲਾਲਉਸਮਾ, ਡਾ. ਤੇਜਿੰਦਰ ਕੌਰ ਧਾਲੀਵਾਲ, ਪ੍ਰਿੰ: ਸਤਵੰਤ ਕੌਰ, ਡਾ. ਕੰਵਲਜੀਤ ਕੌਰ, ਡਾ. ਹਰਬੰਸ ਕੌਰ, ਡਾ. ਸੁਖਬੀਰ ਸਿੰਘ, ਡਾ. ਰਾਜਿੰਦਰ ਕੌਰ, ਡਾ. ਕੁਲਦੀਪ ਕੌਰ, ਬੀਬੀ ਹਰਮੀਤ ਕੌਰ ਅਨੰਦ, ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ, ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਬਲਵਿੰਦਰ ਸਿੰਘ ਭੰਮਾਰਸੀ, ਸ. ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।

Website Disclaimer
This website has been developed to provide information to the public for awaring SGPC activities based on the data provided by Sikh Itihas Research Board.
Suggestions are welcome with reference to authentic historical resources and requested to mail at feedback@sgpcamritsar.org.