ਅੰਮ੍ਰਿਤਸਰ 18 ਮਈ (         ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੁਧਿਆਣਾ ਨੇੜੇ ਸਥਾਨਕ ਬਾੜੇਵਾਲ ਰੋਡ ਤੇ ਸੁਖਮਨੀ ਇਨਕਲੇਵ ਨਜ਼ਦੀਕ ਅਣਪਛਾਤੇ ਹਮਲਾਵਰਾਂ ਵੱਲੋਂ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਜਾਨ ਲੇਵਾ ਹਮਲਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਮਲੇ ‘ਚ ਮਾਰੇ ਗਏ ਬਾਬਾ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
       ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਦੀ ਦੁਰਵਰਤੋਂ ਕਰਦਿਆਂ ਛਬੀਲ ਪਿਲਾਉਣ ਦੇ ਬਹਾਨੇ ਬੇਹੱਦ ਘਿਨੌਣੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਸਾਰ-ਪ੍ਰਚਾਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਤੇ ਅਜਿਹੇ ਹਮਲੇ ਹੋਣੇ ਚਿੰਤਾ ਦਾ ਵਿਸ਼ਾ ਹੈ ਜਿਸ ਤੇ ਜਲਦ ਤੋਂ ਜਲਦ ਠੱਲ੍ਹ ਪਾਉਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਹਮਲਾਵਰਾਂ ਦੇ ਹੌਂਸਲੇ ਹੁਣ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਕਾਨੂੰਨ ਦੀ ਰਤਾ ਵੀ ਪ੍ਰਵਾਹ ਨਾ ਕਰਦਿਆਂ ਅੰਨੇਵਾਹ ਗੋਲੀਆਂ ਚਲਾ ਕੇ ਪ੍ਰਸਾਸ਼ਨ ਦੇ ਪ੍ਰਬੰਧਾਂ ‘ਤੇ ਸਵਾਲੀਆਂ ਨਿਸ਼ਾਨ ਲੱਗਾ ਦਿੱਤਾ ਹੈ।ਉਨ੍ਹਾਂ ਪ੍ਰਸਾਸ਼ਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਉੱਚ ਪੱਧਰੀ ਜਾਂਚ ਕਰਕੇ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨ ਅਨੁਸਾਰ ਸਖਤ ਤੋਂ ਸਖ਼ਤ ਸਜ਼ਾ ਦੇਣ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਮੂੰਹ ਤੋੜ ਜਵਾਬ ਮਿਲ ਸਕੇ।