ਜਥੇਦਾਰ ਅਵਤਾਰ ਸਿੰਘ ਨੇ ਅਬਦੁਲ ਸੱਤਾਰ ਈਦੀ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ
ਅੰਮ੍ਰਿਤਸਰ : 10 ਜੁਲਾਈ ( ) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਪਾਕਿਸਤਾਨ ਦੇ ਉੱਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦੇ ਦੇਹਾਂਤ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਬਦੁਲ ਸੱਤਾਰ ਈਦੀ ਨੇ ਆਪਣਾ ਸਾਰਾ ਜੀਵਨ ਬਿਨਾ ਕਿਸੇ ਭੇਦ-ਭਾਵ ਦੇ ਗਰੀਬਾਂ, ਲੋੜਵੰਦਾਂ ਅਤੇ ਬੇ-ਸਹਾਰਿਆਂ ਦੀ ਸੇਵਾ ਵਿੱਚ ਬਿਤਾਇਆ। ਏਥੋਂ ਤੱਕ ਕਿ ਬੋਲਣ ਤੇ ਸੁਣਨ ਤੋਂ ਅਸਮਰੱਥ ਭਾਰਤੀ ਲੜਕੀ ਗੀਤਾ ਜੋ ੧੧ ਸਾਲ ਦੀ ਉਮਰ ਵਿੱਚ ਗਲਤੀ ਨਾਲ ਪਾਕਿਸਤਾਨ ਚਲੀ ਗਈ ਸੀ ਉਸਦੀ ਪਰਵਰਿਸ਼ ਕਰਕੇ ਈਦੀ ਨੇ ਲਾ-ਮਿਸਾਲ ਭੂਮਿਕਾ ਨਿਭਾਈ, ਜੋ ਹਿੰਦੁਸਤਾਨ ਦੀ ਜਨਤਾ ਸਦਾ ਯਾਦ ਰੱਖੇਗੀ। ਉਨ੍ਹਾਂ ਕਿਹਾ ਕਿ ਈਦੀ ਵੱਲੋਂ ਕੀਤੀ ਗਈ ਮਨੁੱਖਤਾ ਦੀ ਸੇਵਾ ਸਮੁੱਚੀ ਲੋਕਾਈ ਲਈ ਚਾਨਣ ਮਨਾਰੇ ਦਾ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਈਦੀ ਵਰਗੇ ਉਦਾਰ ਬਿਰਤੀ ਵਾਲੇ ਵਿਅਕਤੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੁੰਦੇ ਹਨ। ਉਨ੍ਹਾਂ ਕਿਹਾ ਮੇਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਅਬਦੁਲ ਸੱਤਾਰ ਈਦੀ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।