ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ ੭ ਅਪ੍ਰੈਲ (      ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਵਿੱਚ ਵੈਸਾਖੀ ਨੂੰ ਸਿੱਖਾਂ ਦੇ ਧਾਰਮਿਕ ਤਿਉਹਾਰ ਵਜੋਂ ਮਾਨਤਾ ਦੇ ਮਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਦੀ ਇਕ ਹੋਰ ਅੰਤਰਰਾਸ਼ਟਰੀ ਪ੍ਰਾਪਤੀ ਹੈ ਜਿਸ ਨਾਲ ਸਿੱਖ ਪਛਾਣ ਨੂੰ ਵਿਦੇਸ਼ਾਂ ਅੰਦਰ ਬਲ ਮਿਲੇਗਾ।
ਉਨ੍ਹਾਂ ਇਸ ਪ੍ਰਾਪਤੀ ‘ਤੇ ਸਿੱਖ ਸੰਗਠਨਾਂ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਵਿਦੇਸ਼ਾਂ ਅੰਦਰ ਸਿੱਖ ਸੱਭਿਆਚਾਰ ਅਤੇ ਇਤਿਹਾਸ ਨੂੰ ਮਾਨਤਾ ਲਈ ਅਜਿਹੇ ਯਤਨ ਪ੍ਰਸੰਸਾਮਈ ਹਨ।ਉਨ੍ਹਾਂ ਕਿਹਾ ਕਿ ਵੈਸਾਖੀ ਸਿੱਖਾਂ ਲਈ ਖਾਲਸਾ ਸਾਜਨਾ ਦਿਵਸ ਵਜੋਂ ਮਾਨਤਾ ਰੱਖਦੀ ਹੈ ਕਿਉਂਕਿ ੧੬੯੯ ਈ: ਵਿੱਚ ਇਸ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਕਰਕੇ ਸਿੱਖ ਕੌਮ ਇਸ ਦਿਨ ਨੂੰ ਵਿਸ਼ਾਲ ਪੱਧਰ ‘ਤੇ ਮਨਾਉਂਦੀ ਹੈ।ਇਸ ਮੌਕੇ ਸਮੁੱਚੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਅੰਦਰ ਜਿਥੇ-ਜਿਥੇ ਵੀ ਸਿੱਖ ਵੱਸਦੇ ਹਨ ਗੁਰੂ-ਘਰਾਂ ‘ਚ ਉਚੇਚੇ ਰੂਪ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਪ੍ਰੋ. ਬਡੂੰਗਰ ਨੇ ਅਮਰੀਕਾ ਵਿੱਚ ਵੈਸਾਖੀ ਨੂੰ ਸਿੱਖ ਧਾਰਮਿਕ ਤਿਉਹਾਰ ਵਜੋਂ ਪ੍ਰਵਾਨਗੀ ਨਾਲ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਘੱਟ ਹੋਣ ਦੀ ਵੀ ਆਸ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਸਿੱਖ ਅੱਜ ਸਮੁੱਚੀ ਦੁਨੀਆਂ ਵਿੱਚ ਵੱਸਦੇ ਹਨ ਅਤੇ ਹਰ ਦੇਸ਼ ਵਿੱਚ ਇਨ੍ਹਾਂ ਨੇ ਸਖ਼ਤ ਮਿਹਨਤ ਨਾਲ ਆਪਣੀ ਪਛਾਣ ਦਰਜ ਕਰਵਾਈ ਹੈ।ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਨੇ ਇਹ ਸਿੱਧ ਕੀਤਾ ਹੈ ਕਿ ਸਿੱਖ ਦੁਨੀਆਂ ਦੇ ਜਿਸ ਵੀ ਖਿੱਤੇ ਵਿੱਚ ਜਾਂਦੇ ਹਨ ਆਪਣੀ ਕਾਬਲੀਅਤ ਸਦਕਾ ਉੱਚ ਮੁਕਾਮ ਹਾਸਲ ਕਰਦੇ ਹਨ।