ਅੰਮ੍ਰਿਤਸਰ, 01 ਅਪ੍ਰੈਲ – ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਤੇ ਯੋਗਤਾ ਕਰਕੇ ਜਿਥੇ ਵੱਖ-ਵੱਖ ਦੇਸ਼ਾਂ ਅੰਦਰ ਆਪਣੀ ਵਿਸ਼ੇਸ਼ ਪਛਾਣ ਸਥਾਪਿਤ ਕੀਤੀ ਹੈ, ਉਥੇ ਹੀ ਵੱਖ-ਵੱਖ ਦੇਸ਼ਾਂ ਦੀ ਤਰੱਕੀ ਵਿਚ ਵੀ ਜ਼ਿਕਰਯੋਗ ਹਿੱਸਾ ਪਾਇਆ ਹੈ। ਪਰ ਦੁੱਖ ਦੀ ਗੱਲ ਹੈ ਕਿ ਮਨੁੱਖੀ ਸਦਭਾਵਨਾ ਨਾਲ ਵਿਚਰਨ ਵਾਲੇ ਸਿੱਖਾਂ ਨੂੰ ਹੀ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ‘ਚ ਇੱਕ ਸਿੱਖ ਡਾਕਟਰ ਨੂੰ ਫੋਨ ‘ਤੇ ਮਿਲੀ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਸਾਹਮਣੇ ਆਉਣ ‘ਤੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਇਥੋਂ ਤੀਕ ਕਿ ਕਈ ਥਾਵਾਂ ‘ਤੇ ਤਾਂ ਸਿੱਖਾਂ ਉਤੇ ਜਿਸਮਾਨੀ ਹਮਲੇ ਵੀ ਹੋਏ ਹਨ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੇ ਮੁੱਲਵਾਨ ਸਿਧਾਂਤ ਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਮਨੁੱਖਤਾ ਨੂੰ ਆਪਸੀ ਸਦਭਾਵਨਾ ਨਾਲ ਰਹਿਣਾ ਸਿਖਾਉਂਦੀਆਂ ਹਨ ਅਤੇ ਸਿੱਖ ਆਪਣੇ ਵਿਰਾਸਤੀ ਮੁੱਲਾਂ ਦਾ ਕਦੇ ਵੀ ਪੱਲਾ ਨਹੀਂ ਛੱਡਦੇ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਸਮਾਂ ਇਸ ਗੱਲ ਦਾ ਗਵਾਹ ਹੈ ਕਿ ਮਨੁੱਖਤਾ ਨੂੰ ਜਦੋਂ ਵੀ ਕਿਤੇ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤਾਂ ਸਿੱਖ ਕੌਮ ਨੇ ਬਿਨਾਂ ਵਿਤਕਰੇ ਦੇ ਦਿਲ ਖੋਲ੍ਹ ਕੇ ਮਦਦ ਕੀਤੀ। ਵਿਦੇਸ਼ਾਂ ਅੰਦਰ ਵਿਚਰਦਿਆਂ ਸਿੱਖਾਂ ਨੇ ਆਪਣੇ ਸੁਭਾਅ ਅਤੇ ਕਿਰਤ ਸੱਭਿਆਚਾਰ ਦੇ ਅਮੀਰ ਗੁਣ ਕਾਰਨ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅੱਜ ਕਈ ਵਿਕਸਤ ਦੇਸ਼ਾਂ ਵਿਚ ਸਿੱਖ ਉਚ ਮੁਕਾਮ ‘ਤੇ ਪਹੁੰਚ ਕੇ ਆਪਣੀ ਯੋਗਤਾ ਦਾ ਸਿੱਕਾ ਮਨਵਾ ਰਹੇ ਹਨ। ਲੇਕਿਨ ਦੂਜੇ ਪਾਸੇ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਚਿੰਤਾ ਪੈਦਾ ਕਰਦੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣ ਤਾਂ ਜੋ ਸਿੱਖ ਇਸ ਕੌਮਾਂਤਰੀ ਸਮੱਸਿਆ ਤੋਂ ਮੁਕਤ ਹੋਣ ਅਤੇ ਉਨ੍ਹਾਂ ਅੰਦਰ ਬੇਗ਼ਾਨਗੀ ਦਾ ਅਕਸ ਨਾ ਪਨਪੇ।