ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135
ਅੰਮ੍ਰਿਤਸਰ, ੧੬ ਜੂਨ- ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਚਿੰਤਾ ਪ੍ਰਗਟ ਕੀਤੀ ਹੈ। ਅਮਰੀਕਾ ਦੇ ਕੋਲੋਰਾਡੋ ‘ਚ ਸਿੱਖ ਬਜ਼ੁਰਗ ਸ. ਲਖਵੰਤ ਸਿੰਘ ‘ਤੇ ਇਕ ਗੋਰੇ ਵੱਲੋਂ ਕਾਰ ਚੜ੍ਹਾਅ ਕੇ ਉਸ ਵਿਰੁੱਧ ਨਫ਼ਰਤੀ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਤਾਂ ਕੋਰੋਨਾ ਦੌਰਾਨ ਲੋੜਵੰਦਾਂ ਦੀ ਸੇਵਾ ਕਰਕੇ ਸਿੱਖਾਂ ਦੀ ਪੂਰੀ ਦੁਨੀਆਂ ਅੰਦਰ ਪ੍ਰਸ਼ੰਸਾ ਹੋ ਰਹੀ ਹੈ, ਜਦਕਿ ਦੂਸਰੇ ਪਾਸੇ ਅਜਿਹੀਆਂ ਘਟਨਾਵਾਂ ਸਵਾਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਭਾਵੇਂ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਕੇਸ ਦਰਜ਼ ਕਰ ਦਿੱਤਾ ਗਿਆ ਹੈ, ਪਰੰਤੂ ਸਵਾਲ ਇਹ ਹੈ ਕਿ ਅਜਿਹੇ ਨਫ਼ਰਤੀ ਹਮਲਿਆਂ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਰੋਕਿਆ ਕਿਉਂ ਨਹੀਂ ਜਾ ਰਿਹਾ। ਭਾਈ ਲੌਂਗੋਵਾਲ ਨੇ ਆਖਿਆ ਕਿ ਸਰਕਾਰਾਂ ਦੀ ਇਹ ਜ਼ੁੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਦੇਸ਼ ਅੰਦਰ ਵੱਸਣ ਵਾਲੇ ਆਪਣੇ ਨਾਗਰਿਕਾਂ ਦੀ ਹਿਫ਼ਾਜ਼ਤ ਕਰਨ, ਬੇਸ਼ੱਕ ਉਹ ਕਿਸੇ ਵੀ ਧਰਮ ਦੇ ਹੋਣ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਉਠਾਉਣ ਦੀ ਅਪੀਲ ਕੀਤੀ।