ਅੰਮ੍ਰਿਤਸਰ 24 ਜਨਵਰੀ ( ) – ਅਮਰੀਕਾ ਵੱਲੋਂ ਆਪਣੀ ਹਥਿਆਰਬੰਦ ਫੌਜ਼ ਵਿੱਚ ੫ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਭਰਤੀ ਕਰਨ ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਰਜ਼ੋਰ ਸ਼ਬਦਾਂ ਵਿੱਚ ਪ੍ਰਸੰਸਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਦੇਸ਼ਾਂ ਨੂੰ ਇਸ ਤੋਂ ਸੇਧ ਲੈ ਕੇ ਵੱਧ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸਿੱਖਾਂ ਨੇ ਦੁਨੀਆਂ ਭਰ ਵਿੱਚ ਪਹੁੰਚ ਕੇ ਹਰ ਇਕ ਦੇਸ਼ ਦੀ ਤਰੱਕੀ ਵਿੱਚ ਭਰਪੂਰ ਯੋਗਦਾਨ ਪਾਇਆ ਹੈ।ਅਮਰੀਕਾ ਵਿੱਚ ੧੯੮੧ ਈ: ਤੋਂ ਬਾਅਦ ਹਥਿਆਰਬੰਦ ਸੈਨਾਵਾਂ ਵਿੱਚ ਸਾਬਤ ਸੂਰਤ ਸਿੱਖਾਂ ਦੀ ਇਹ ਸਭ ਤੋਂ ਵੱਡੀ ਭਰਤੀ ਹੋਈ ਹੈ ਜੋ ਦੁਨੀਆਂ ਭਰ ਵਿੱਚ ਆਪਣੀ ਮਿਸਾਲ ਆਪ ਹੈ।ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਰਤੀ ਹੋਏ ਇਨ੍ਹਾਂ ੫ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ਸਦਕਾ ਦੁਨੀਆਂ ਭਰ ਵਿੱਚ ਸਿੱਖੀ ਦਾ ਝੰਡਾ ਹੋਰ ਬੁਲੰਦ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਦੀ ਤਰੱਕੀ ਵਿੱਚ ਸਿੱਖਾਂ ਨੇ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਹੋਇਆ ਸਫਲ ਬਿਜਨੈਸਮੈਨਾਂ, ਉਦਯੋਗਪਤੀਆਂ ਤੇ ਹੋਰ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਆਪਣੀ ਵੱਖਰੀ ਪਹਿਚਾਣ ਕਾਇਮ ਕਰਦੇ ਹੋਏ ਉਨ੍ਹਾਂ ਦੇਸ਼ਾਂ ਦੇ ਮੂਲ ਨਿਵਾਸੀਆਂ ਨੂੰ ਆਰਥਿਕ ਖੁਸ਼ਹਾਲੀ ਪ੍ਰਦਾਨ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ।ਜੋ ਕਿ ਪ੍ਰਤੱਖ ਰੂਪ ਵਿੱਚ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖ ਭਾਈਚਾਰਾ ਹਮੇਸ਼ਾ ਹੀ ਸਰਬੱਤ ਦੇ ਭਲੇ ਨੂੰ ਲੋਚਦਾ ਹੈ।