ਸ਼ਬਦ ਗੁਰੂ ਯਾਤਰਾ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ, 24 ਜਨਵਰੀ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਹੁੰਦੀ ਹੋਈ ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਅਗਲੇ ਪੜਾਅ ਲਈ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਰਵਾਨਾ ਹੋਈ। 7 ਜਨਵਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਈ ਇਹ ਸ਼ਬਦ ਗੁਰੂ ਯਾਤਰਾ ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਪਹੂਵਿੰਡ, ਪੱਟੀ, ਫਿਰੋਜ਼ਪੁਰ, ਬਜ਼ੀਦਪੁਰ, ਜੀਰਾ, ਧਰਮਕੋਟ, ਝੰਡੇਆਣਾ, ਚੰਦ ਪੁਰਾਣਾ, ਦੀਨਾ ਸਾਹਿਬ ਆਦਿ ਨਗਰਾਂ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪਹੁੰਚੀ ਸੀ। ਸੰਗਰੂਰ ਤੋਂ ਅੱਜ ਸ਼ਬਦ ਗੁਰੂ ਯਾਤਰਾ ਦੀ ਰਵਾਨਗੀ ਸਮੇਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਵਡਭਾਗੀ ਹਾਂ, ਜਿਨ੍ਹਾਂ ਨੂੰ ਆਪਣੇ ਜੀਵਨ ਕਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਹਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਅੱਜ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ।
ਇਸ ਦੌਰਾਨ ਸੰਗਤ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ’ਚ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਮੈਂਬਰ ਧਰਮ ਪ੍ਰਚਾਰ ਕਮੇਟੀ ਸ. ਰਾਮਪਾਲ ਸਿੰਘ ਬਹਿਣੀਵਾਲ, ਮੈਂਬਰ ਸ਼੍ਰੋਮਣੀ ਕਮੇਟੀ ਸੰਤ ਬਲਵੀਰ ਸਿੰਘ ਘੁੰਨਸ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਮਲਕੀਤ ਸਿੰਘ ਚੰਗਾਲ, ਸ. ਪ੍ਰੀਤ ਮਹਿੰਦਰ ਸਿੰਘ ਭਾਈ ਕੀ ਪਿਛੋਰ, ਸ. ਗੁਰਲਾਲ ਸਿੰਘ ਫ਼ਤਿਹਗੜ੍ਹ, ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਸ. ਬਿਨੂਰਜੀਤ ਸਿੰਘ ਗੋਲਡੀ, ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਚੇਅਰਮੈਨ ਸ. ਜਗਸੀਰ ਸਿੰਘ ਕੋਟਲਾ, ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਸੁਖਦੇਵ ਸਿੰਘ ਸਧਾਵਾਂ, ਬੀਬੀ ਪਰਮਜੀਤ ਕੌਰ ਵਿਰਕ, ਮੈਨੇਜਰ ਸ. ਮਨਪ੍ਰੀਤ ਸਿੰਘ, ਸ. ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ, ਸ. ਮਨਪ੍ਰੀਤ ਸਿੰਘ ਘਰਾਚੋਂ, ਸ. ਰੁਪਿੰਦਰ ਸਿੰਘ ਸਰਕਲ ਪ੍ਰਧਾਨ, ਸ. ਅਜਮੇਰ ਸਿੰਘ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਜਸਬੀਰ ਸਿੰਘ ਜੱਸੀ, ਸ. ਬਹਾਦਰ ਸਿੰਘ ਕੈਂਬੋਵਾਲ, ਸ. ਚਰਨਜੀਤ ਸਿੰਘ ਗਗੜਪੁਰ, ਸ. ਛੱਜੂ ਸਿੰਘ ਸਾਬਕਾ ਮੈਂਬਰ, ਭਾਈ ਪਿਆਰਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ।