ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਬੁੱਧਵਾਰ, ੧੩ ਚੇਤ (ਸੰਮਤ ੫੫੭ ਨਾਨਕਸ਼ਾਹੀ) ੨੬ ਮਾਰਚ, ੨੦੨੫ (ਅੰਗ: ੭੦੬)

ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ

sਅੰਮ੍ਰਿਤਸਰ ੩੦ ਦਸੰਬਰ (        ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਗਾਨਿਸਤਾਨ ਦੇ ਅਸ਼ਾਂਤ ਸ਼ਹਿਰ ਕੁੰਦੂਜ਼ ਵਿੱਚ ਕੁਝ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਇਕ ਸਿੱਖ ਨੂੰ ਆਪਣੀ ਦੁਕਾਨ ‘ਤੇ ਜਾਣ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ।ਉਨ੍ਹਾਂ ਸਬੰਧਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਨਾਲ ਵਧੀਕੀਆਂ ਦਿਨੋਂ-ਦਿਨ ਵੱਧ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਬੁਲ ਵਿੱਚ ਸ. ਜਗਤਾਰ ਸਿੰਘ ਨਾਮ ਦੇ ਅਫਗਾਨੀ ਸਿੱਖ ਨੂੰ ਫਿਰਕੂ ਅਨਸਰਾਂ ਨੇ ਉਸ ਦੀ ਦੁਕਾਨ ‘ਤੇ ਉਸ ਦੀ ਧੌਣ ‘ਤੇ ਚਾਕੂ ਰੱਖਦਿਆਂ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।ਇਕ ਹੋਰ ਘਟਨਾ ਵਿੱਚ ਨੌਜਵਾਨ ਕੁਲਰਾਜ ਸਿੰਘ ਜੋ ਮੁਦਾਰੇ ਸ਼ਰੀਫ ਸ਼ਹਿਰ ਦੇ ਕੋਲ ਕਸਬਾ ਮਹਿਮਾਨਾ ਵਿੱਚ ਦੇਸੀ ਦਵਾਈਆਂ ਦੀ ਦੁਕਾਨ ਕਰਦਾ ਸੀ ਉਸ ਨੂੰ ਤਾਲਿਬਾਨਾਂ ਵੱਲੋਂ ਜਬਰੀ ਅਗਵਾ ਕਰਕੇ ਤਸੀਹੇ ਦਿੱਤੇ ਗਏ ਅਤੇ ਪੰਜ ਲੱਖ ਦੀ ਫਿਰੌਤੀ ਲੈ ਕੇ ਛੱਡਿਆ ਗਿਆ ਸੀ।ਕੁੰਦੂਜ਼ ਵਿੱਚ ਹੁਣ ਜੋ ਘਟਨਾ ਵਾਪਰੀ ਹੈ ਉਥੇ ਮੌਜੂਦਾ ਸਮੇਂ ਕੇਵਲ ਤਿੰਨ ਸਿੱਖ ਪਰਿਵਾਰ ਰਹਿ ਰਹੇ ਹਨ।ਪਹਿਲਾਂ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਸਨ, ਪਰ ਹੁਣ ਇਹ ਗਿਣਤੀ ਘੱਟ ਕੇ ੫ ਹਜ਼ਾਰ ਰਹਿ ਗਈ ਹੈ ਜਿਸ ਦੇ ਮੁੱਖ ਜ਼ਿੰਮੇਵਾਰ ਫਿਰਕੂ ਭਾਵਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਹਨ।
ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿੱਚ ਡਰ ਦੇ ਮਾਹੌਲ ਵਿੱਚ ਜ਼ਿੰਦਗੀ ਬਸਰ ਕਰ ਰਹੇ ਘੱਟ ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਫ਼ਗਾਨਿਸਤਾਨ ਸਰਕਾਰ ਨਾਲ ਗੱਲ ਕਰਨ।ਜਿਹੜੇ ਪਰਿਵਾਰ ਅਫ਼ਗਾਨਿਸਤਾਨ ਤੋਂ ਹਿਜਰਤ ਕਰਕੇ ਆ ਰਹੇ ਹਨ ਭਾਰਤ ਸਰਕਾਰ ਉਨ੍ਹਾਂ ਦੇ ਰਹਿਣ-ਸਹਿਣ ਦਾ ਢੁੱਕਵਾਂ ਪ੍ਰਬੰਧ ਵੀ ਕਰੇ।ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਕਿਹਾ ਜਾਵੇਗਾ।