ਦਾਦਰ ਵਿਖੇ ਹੈਲੀਕਪਟਰ ਨਾਲ ਫੁੱਲਾਂ ਦੀ ਵਰਖਾ ਬਣੀ ਖਿੱਚ ਦਾ ਕੇਂਦਰ
ਅੰਮ੍ਰਿਤਸਰ, ੨੩ ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਗੁਰਦੁਆਰਾ ਸਿੰਘ ਸਭਾ ਦਾਦਰ ਮੁੰਬਈ ਵਿਖੇ ਪੁੱਜਾ, ਜਿਥੇ ਸੰਗਤਾਂ ਵੱਲੋਂ ਫੁੱਲ ਪੱਤੀਆਂ ਵੀ ਵਰਖਾ ਕਰਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਖ਼ਾਲਸਈ ਜੈਕਾਰਿਆਂ ਨਾਲ ਅਸਮਾਨ ਗੂੰਜ ਉਠਿਆ। ਇਸੇ ਦੌਰਾਨ ਅੱਜ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਦਾਦਰ ਤੋਂ ਬੋਰੇਵਾਲੀ ਮੁੰਬਈ ਲਈ ਰਵਾਨਾ ਹੋਇਆ। ਰਵਾਨਗੀ ਸਮੇਂ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਕੀਤੀ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਸ. ਸੁਰਜੀਤ ਸਿੰਘ ਭਿੱਟੇਵਡ ਤੇ ਸ. ਗੁਰਿੰਦਰ ਸਿੰਘ ਬਾਵਾ ਸਮੇਤ ਨੇ ਸੰਬੋਧਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮਾਂ ‘ਚ ਪਹੁੰਚਣ ਦਾ ਸੱਦਾ ਵੀ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਚੱਲੇ ਇਸ ਇਤਿਹਾਸਕ ਅੰਤਰਰਾਸ਼ਟਰੀ ਨਗਰ ਕੀਰਤਨ ਪ੍ਰਤੀ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ। ਅੱਜ ਰਵਾਨਗੀ ਸਮੇਂ ਸਥਾਨਕ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਸੰਗਤਾਂ ਵੱਲੋਂ ਸ਼ਰਧਾ ਪ੍ਰਗਟਾਉਂਦਿਆਂ ਰਸਤਿਆਂ ਵਿਚ ਸੁੰਦਰ ਸਜਾਵਟੀ ਗੇਟ ਅਤੇ ਸੁੰਦਰ ਲੜੀਆਂ ਵੀ ਲਗਾਈਆਂ ਗਈਆਂ ਸਨ। ਇਸ ਮੌਕੇ ਸਥਾਨਕ ਪੁਲਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਪ੍ਰਗਟਾਉਂਦਿਆਂ ਸਲਾਮੀ ਵੀ ਦਿੱਤੀ ਗਈ। ਖ਼ਾਲਸਾ ਕਾਲਜ ਮੁੰਬਈ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੀ ਨਗਰ ਕੀਰਤਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਦਾਦਰ ਵਿਖੇ ਹੈਲੀਕਪਟਰ ਨਾਲ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਅਤੇ ਬੈਂਡ ਪਾਰਟੀਆਂ ਨੇ ਨਗਰ ਕੀਰਤਨ ਵਿਚ ਸ਼ਾਮਲ ਹੁੰਦਿਆਂ ਇਸ ਸਮੇਂ ਨੂੰ ਯਾਦਗਾਰੀ ਬਣਾਇਆ। ਰਵਾਨਗੀ ਸਮੇਂ ਪ੍ਰਮੁੱਖ ਸ਼ਖ਼ਸੀਅਤਾਂ ‘ਚ ਸ. ਭੁਪਿੰਦਰ ਸਿੰਘ ਮਿਨਹਾਸ, ਡਾ. ਪੀ.ਐਸ ਪਸਰੀਚਾ, ਸ. ਜਸਬੀਰ ਸਿੰਘ ਧਾਮ, ਗੁਰਦੁਆਰਾ ਸਿੰਘ ਸਭਾ ਦਾਦਰ ਦੇ ਪ੍ਰਧਾਨ ਸ. ਰਘਬੀਰ ਸਿੰਘ ਗਿੱਲ, ਸ. ਕੁਲਵੰਤ ਸਿੰਘ ਮੀਤ ਪ੍ਰਧਾਨ, ਸ. ਮੋਹਨ ਸਿੰਘ ਸੈਕਟਰੀ, ਸ. ਬਲਬੀਰ ਸਿੰਘ, ਸ. ਜਸਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ, ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ, ਇੰਚਾਰਜ ਸ. ਸੁਖਬੀਰ ਸਿੰਘ, ਮੈਨੇਜਰ ਸ. ਬਲਵਿੰਦਰ ਸਿੰਘ, ਸ. ਅਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।