ਅੰਮ੍ਰਿਤਸਰ, 5 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਗਈ ਯਾਦਗਾਰ ਵਿਖੇ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਅੱਜ ਆਰੰਭ ਹੋਵੇਗੀ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਤੋਂ ਬਾਅਦ ਪੰਥਕ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਆਰੰਭ ਹੋਣ ਵਾਲੀ ਇਹ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪੀ ਗਈ ਹੈ। ਲਗਭਗ ੮੦੦ ਵਰਗ ਗਜ਼ ਵਿਚ ਬਣਾਈ ਜਾ ਰਹੀ ਸ਼ਹੀਦੀ ਗੈਲਰੀ ਵਿਚ ਸੰਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਵਿਚ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਰੰਭੀ ਜਾਣ ਵਾਲੀ ਕਾਰ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕੀਤੀ ਗਈ ਮੰਗ ਦੇ ਅਧਾਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਵਿਚ ਸ਼ਹੀਦੀ ਗੈਲਰੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦੀ ਕਾਰ ਸੇਵਾ ਵੀ ਦਮਦਮੀ ਟਕਸਾਲ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਸ਼ਹੀਦੀ ਯਾਦਗਾਰ ਦੀ ਆਰੰਭਤਾ ੨੦ ਮਈ ੨੦੧੨ ਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਕੌਮੀ ਸ਼ਖਸੀਅਤਾਂ ਵੱਲੋਂ ਟੱਕ ਲਗਾ ਕੇ ਕੀਤੀ ਗਈ ਸੀ ਅਤੇ ਇਸਦਾ ਨੀਂਹ ਪੱਥਰ ੬ ਜੂਨ ੨੦੧੨ ਨੂੰ ਰੱਖਿਆ ਗਿਆ ਸੀ। ਮੁਕੰਮਲ ਹੋਣ ਉਪਰੰਤ ਸ਼ਹੀਦੀ ਯਾਦਗਾਰ ੨੭ ਅਪ੍ਰੈਲ ੨੦੧੩ ਨੂੰ ਕੌਮ ਨੂੰ ਸਮਰਪਿਤ ਕੀਤੀ ਗਈ ਸੀ।