ਅੰਮ੍ਰਿਤਸਰ, ੧੪ ਜਨਵਰੀ ( )- ਕੈਨੇਡਾ ਤੋਂ ਆਪਣੇ ਵਪਾਰਕ ਦੌਰੇ ‘ਤੇ ਭਾਰਤ ਪਹੁੰਚੇ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਇੱਕ ਵਫਦ ਦੇ ਮੈਂਬਰਾਂ ਨੇ ਅੱਜ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਵਫਦ ਦੇ ਮੈਂਬਰ ਜਿਨ੍ਹਾਂ ਵਿਚ ਸ. ਜਗਦੀਸ਼ ਸਿੰਘ ਗਰੇਵਾਲ, ਸ. ਮੇਜਰ ਸਿੰਘ ਨੱਤ ਸਮੇਤ ਹੋਰ ਹਾਜ਼ਰ ਸਨ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ. ਸੁਖਬੀਰ ਸਿੰਘ ਨੇ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਜਗਦੀਸ਼ ਸਿੰਘ ਗਰੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ ਅਤੇ ਜਦੋਂ ਵੀ ਉਹ ਭਾਰਤ ਆਉਂਦੇ ਹਨ ਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਆਪਣੀ ਮਿਹਨਤ ਤੇ ਲਿਆਕਤ ਨਾਲ ਪੂਰੀ ਦੁਨੀਆ ਅੰਦਰ ਵਿਸ਼ੇਸ਼ ਮੁਕਾਮ ਹਾਸਲ ਕੀਤੇ ਹਨ, ਜੋ ਵੱਡੇ ਮਾਣ ਦੀ ਗੱਲ ਹੈ। ਉਨ੍ਹਾਂ ਸਨਮਾਨ ਦੇਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ਦੀ ਇਹ ਮਾਣਮੱਤੀ ਸੰਸਥਾ ਕੌਮ ਦੇ ਸੰਗਠਨ ਲਈ ਹਮੇਸ਼ਾ ਹੀ ਕਾਰਜਸ਼ੀਲ ਰਹੀ ਹੈ ਅਤੇ ਧਰਮ ਪ੍ਰਚਾਰ ਦੇ ਨਾਲ ਨਾਲ, ਵਿਦਿਅਕ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਇਸ ਨੇ ਜ਼ਿਕਰਯੋਗ ਹਿੱਸਾ ਪਾਇਆ ਹੈ। ਦੱਸਣਾ ਬਣਦਾ ਹੈ ਕਿ ਸ. ਗਰੇਵਾਲ ਕੈਨੇਡਾ ਵਿਖੇ ਸੀ.ਪੀ. ਮੀਡੀਆ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ, ਜੋ ਇੱਕ ਪੰਜਾਬੀ ਅਖਬਾਰ ਦੇ ਨਾਲ-ਨਾਲ ਰੇਡੀਓ ਵੀ ਚਲਾ ਰਹੇ ਹਨ।
ਇਸ ਮੌਕੇ ਸ. ਮਨਮੋਹਨ ਸਿੰਘ ਖੇੜਾ, ਸੂਚਨਾ ਅਧਿਕਾਰੀ ਸ. ਹਰਪ੍ਰੀਤ ਸਿੰਘ, ਸ. ਜਗਤਾਰ ਸਿੰਘ ਖੋਦੇਬੇਟ ਆਦਿ ਵੀ ਮੌਜੂਦ ਸਨ।