ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਬੁੱਧਵਾਰ, ੧੩ ਚੇਤ (ਸੰਮਤ ੫੫੭ ਨਾਨਕਸ਼ਾਹੀ) ੨੬ ਮਾਰਚ, ੨੦੨੫ (ਅੰਗ: ੭੦੬)


ਅੰਮ੍ਰਿਤਸਰ 5 ਅਗਸਤ (   )
ਆਪਸੀ ਭਾਈਚਾਰਕ ਸਾਂਝ ਤੇ ਪਿਆਰ ਦਾ ਸੁਨੇਹਾ ਲੈ ਕੇ ਆਏ ਈਸਾਈ ਧਰਮ ਦੇ ਬਿਸ਼ਪ ਫਰੈਂਕੋ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਉਨ੍ਹਾਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।ਉਪਰੰਤ ਉਨ੍ਹਾਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਿਸ਼ਪ ਫਰੈਂਕੋ ਤੇ ਨਾਲ ਆਏ ਸਾਥੀਆਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਿਰੋਪਾਓ, ਲੋਈ ਤੇ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 1984 ‘ਚ ਸਿੱਖ ਦੰਗਿਆਂ ਸਮੇਂ ਉੜੀਸਾ ਵਿਖੇ ਈਸਾਈ ਧਰਮ ਵੱਲੋਂ ਚਲਾਏ ਗਏ ਕਾਨਵੈਂਟ ਸਕੂਲ ਵਿੱਚ ਸਿੱਖ ਪਰਿਵਾਰਾਂ ਨੂੰ ਸ਼ਰਨ ਦੇ ਕੇ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਗੰਭੀਰ ਹਾਲਾਤਾਂ ਸਮੇਂ ਇਨ੍ਹਾਂ ਲੋਕਾਂ ਵੱਲੋਂ ਇਨਸਾਨੀਅਤ ਦਾ ਜੋ ਫਰਜ਼ ਨਿਭਾਇਆ ਗਿਆ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।ਉਨ੍ਹਾਂ ਉੜੀਸਾ ਪ੍ਰਸ਼ਾਸ਼ਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਈਸਾਈ ਧਰਮ ਦੇ ਲੋਕਾਂ ਵੱਲੋਂ ਸੂਚਨਾ ਦੇਣ ‘ਤੇ ਸਿੱਖਾਂ ਨੂੰ ਸੁਰੱਖਿਅਤ ਆਪਣੇ ਕੈਂਪਾਂ ਤੀਕ ਪਹੁੰਚਾਇਆ।

ਇਸ ਸਮੇਂ ਬਿਸ਼ਪ ਫਰੈਂਕੋ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਾਂ।ਉਨ੍ਹਾਂ ਕਿਹਾ ਕਿ ਸਾਡੀ ਇਹ ਹੀ ਇੱਛਾ ਹੈ ਕਿ ਹਰ ਧਰਮ ਵਿੱਚ ਆਪਸੀ ਪਿਆਰ, ਸਦਭਾਵਨਾ ਤੇ ਸਾਂਝ ਬਣੀ ਰਹੇ।

ਇਸ ਮੌਕੇ ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ, ਸ. ਭੁਪਿੰਦਰ ਸਿੰਘ, ਸ. ਗੁਰਬਚਨ ਸਿੰਘ ਇੰਚਾਰਜ, ਸਿਸਟਰ ਸ਼ਾਂਤੀ, ਸਿਸਟਰ ਸੈਲਿਨ, ਸਿਸਟਰ ਨਿਰਮਲਾ, ਸ੍ਰੀ ਅਮਨਦੀਪ ਗਿੱਲ ਚੇਅਰਮੈਨ ਸਮਾਜ ਭਲਾਈ ਵੈਲਫੇਅਰ ਬੋਰਡ ਹਲਕਾ ਮਜੀਠਾ ਤੇ ਸ੍ਰੀ ਥੋਮਸ ਕਾਹਨੂੰਵਾਨ ਵਿਸ਼ੇਸ਼ ਸਲਾਹਕਾਰ ਆਦਿ ਹਾਜ਼ਰ ਸਨ।