ਅੰਮ੍ਰਿਤਸਰ : 10 ਜੁਲਾਈ ( ) ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੀ ਧਰਮ ਪਤਨੀ ਸ੍ਰੀ ਮਤੀ ਨੀਰਜਾ ਬਿਰਲਾ ਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਆਰਿਮਨ ਵਿਕਰਮ ਬਿਰਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਸ੍ਰੀ ਮਤੀ ਨੀਰਜਾ ਬਿਰਲਾ ਦੇ ਨਾਲ ਸ੍ਰ: ਸਰਬਜੀਤ ਸਿੰਘ, ਸ੍ਰੀ ਉੱਤਮ ਸਹਾਏ, ਸ੍ਰੀ ਯੋਗੇਸ਼ ਬਿਸੇ, ਸ੍ਰੀ ਕੰਵਲ ਬੱਬਰ ਅਤੇ ਸ੍ਰ: ਸ਼ਲਿੰਦਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਗਏ। ਓਥੇ ਉਨ੍ਹਾਂ ਬੜੀ ਸ਼ਰਧਾ-ਭਾਵਨਾ ਨਾਲ ਪ੍ਰਸ਼ਾਦਾ ਛਕਿਆ ਤੇ ਅੱਧਾ ਘੰਟਾ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਨਿਭਾਈ। ਇਸ ਉਪਰੰਤ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਉਪਰੰਤ ਤਕਰੀਬਨ ਅੱਧਾ ਘੰਟਾ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਕਰਨ ਉਪਰੰਤ ਮੁੱਖ ਸੂਚਨਾ ਅਧਿਕਾਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਤੇ ਉਸ ਵਿੱਚ ਸਥਿਤ ਧਾਰਮਿਕ ਅਸਥਾਨਾ ਦਾ ਇਤਿਹਾਸ ਜਾਣਿਆਂ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਤੱਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਵਨ-ਪਵਿੱਤਰ ਅਸਥਾਨ ਸਮੁੱਚੀ ਮਨੁੱਖਤਾ ਦਾ ਸਾਂਝਾ ਅਸਥਾਨ ਹੈ। ਏਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਇਸ ਦੀ ਅੰਮ੍ਰਿਤਮਈ ਬਾਣੀ ਸੁਨਣ ਨਾਲ ਦੁੱਖ ਦਰਦ ਦੂਰ ਹੁੰਦੇ ਹਨ ਤੇ ਰੱਬੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਰਲਾ ਪ੍ਰੀਵਾਰ ਅੱਜ ਏਥੇ ਆਪਣੇ ਬੇਟੇ ਸ੍ਰੀ ਆਰਿਮਨ ਵਿਕਰਮ ਦੇ ਜਨਮ ਦਿਨ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਲੈਣ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਉਹ ਅਸਥਾਨ ਹੈ ਜਿੱਥੇ ਹਰ ਕੋਈ ਝੋਲੀਆਂ ਭਰ ਕੇ ਜਾਂਦਾ ਹੈ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ੍ਰ: ਬਘੇਲ ਸਿੰਘ, ਸ੍ਰ: ਸੁਖਬੀਰ ਸਿੰਘ ਅਤੇ ਮੁੱਖ ਸੂਚਨਾ ਅਧਿਕਾਰੀ ਨੂੰ ਲੰਗਰ ਦੀ ਸੇਵਾ ਲਈ ੨ ਲੱਖ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ੍ਰ: ਬਘੇਲ ਸਿੰਘ ਤੇ ਸ੍ਰ: ਸੁਖਬੀਰ ਸਿੰਘ ਅਤੇ ਮੁੱਖ ਸੂਚਨਾ ਅਧਿਕਾਰੀ ਸ੍ਰ: ਗੁਰਬਚਨ ਸਿੰਘ ਨੇ ਸ੍ਰੀ ਮਤੀ ਨੀਰਜਾ ਬਿਰਲਾ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਆਰਿਮਨ ਵਿਕਰਮ ਬਿਰਲਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ, ਲੋਈ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬੀਬੀ ਦਲਜੀਤ ਕੌਰ ਤੇ ਸ੍ਰ: ਸਰਬਜੀਤ ਸਿੰਘ ਸਹਾਇਕ ਸੂਚਨਾ ਅਧਿਕਾਰੀ, ਸ੍ਰ: ਹਰਪਿੰਦਰ ਸਿੰਘ ਸੁਪਰਵਾਈਜ਼ਰ ਲੰਗਰ, ਸ੍ਰ: ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ, ਸ੍ਰੀ ਸੰਦੀਪ ਜੋਸ਼ੀ, ਸ੍ਰੀ ਪੰਕਜ ਛਾਬੜਾ, ਸ੍ਰੀ ਨਿਤੀਨ ਸ਼ਰਮਾ, ਸ੍ਰ: ਕੁਲਜੀਤ ਸਿੰਘ ਤੇ ਸ੍ਰ: ਸੰਦੀਪ ਸਿੰਘ ਆਦਿ ਹਾਜ਼ਰ ਸਨ।