ਅੰਮ੍ਰਿਤਸਰ 5 ਜੁਲਾਈ- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹ ਜਹਾਨ ਪੁਰ ਵਿਖੇ ਖੋਲ੍ਹੇ ਗਏ ਧਾਰਮਿਕ ਵਿਦਿਆਲੇ ‘ਚ ਇਸ ਵਾਰ ਦੋ ਸਾਲਾ ਕੋਰਸ ਲਈ ੩੨ ਵਿਦਿਆਰਥੀਆਂ ਨੇ ਟੈਸਟ ਪਾਸ ਕਰਕੇ ਦਾਖਲਾ ਲਿਆ ਹੈ। ਇਸ ਬਾਰੇ ਵਿਦਿਆਰਥੀਆਂ ਦੀ ਚੋਣ ਕਰਕੇ ਆਏ ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉੱਦਮ ਉਪਰਾਲੇ ਨਾਲ ਸਾਲ ੨੦੧੪ ‘ਚ ਇਹ ਵਿਦਿਆਲਾ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਇਸ ਵਾਰ ੨੦੧੬ ਤੋਂ ੨੦੧੮ ਲਈ ਗੁਰਮਤਿ ਸੰਗੀਤ ਵਾਸਤੇ ੧੮, ਤਬਲਾ ਕਲਾਸ ਲਈ ੮ ਅਤੇ ਪ੍ਰਚਾਰ ਕਲਾਸ ਲਈ ੬ ਵਿਦਿਆਰਥੀਆਂ ਨੂੰ ਟੈਸਟ ਪਾਸ ਕਰਨ ਉਪਰੰਤ ਰੱਖਿਆ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਵਿਦਿਆਰਥੀ ਦੋ ਸਾਲਾ ਕੋਰਸ ਮੁਕੰਮਲ ਕਰਨ ਉਪਰੰਤ ਆਪਣੇ-ਆਪਣੇ ਖੇਤਰ ਰਾਹੀਂ ਸਿੱਖੀ ਦਾ ਪ੍ਰਚਾਰ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਵਿਦਿਆਰਥੀ ਨੂੰ ੧੨੦੦ ਸੌ ਰੁਪਏ ਮਾਸਿਕ ਨਗਦ ਤੋਂ ਇਲਾਵਾ ਰਿਹਾਇਸ਼ ਅਤੇ ਫਰੀ ਪੜ੍ਹਾਈ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਕਮਲੇਸ਼ ਕੌਰ ‘ਮਾਟਾ’, ਸ. ਸੁਖਦੇਵ ਸਿੰਘ ਭੂਰਾ ਕੋਹਨਾ ਐਡੀ:ਸਕੱਤਰ ਪ੍ਰਚਾਰ, ਸ. ਹਰਭਜਨ ਸਿੰਘ ਮਨਾਵਾਂ ਐਡੀ:ਸਕੱਤਰ ਸ਼੍ਰੋਮਣੀ ਕਮੇਟੀ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਵਾਇਸ ਪ੍ਰਿੰਸੀਪਲ ਸ. ਸੁਰਜੀਤ ਸਿੰਘ ਆਦਿ ਮੌਜੂਦ ਸਨ।