ਅੰਮ੍ਰਿਤਸਰ 16 ਜੁਲਾਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੀਨੀਅਰ ਅਕਾਲੀ ਆਗੂ, ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਨਿਰਮਲ ਸਿੰਘ ਕਾਹਲੋਂ ਟਕਸਾਲੀ ਅਕਾਲੀ ਆਗੂਆਂ ਵਿੱਚੋਂ ਇਕ ਸਨ, ਜੋ ਹਮੇਸ਼ਾ ਹੀ ਸਿੱਖ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਤਤਪਰ ਰਹੇ। ਸ. ਕਾਹਲੋਂ ਨੇ ਅਕਾਲੀ ਦਲ ਦੇ ਪੁਰਾਣੇ ਸਿਰਕੱਢ ਆਗੂਆਂ ਨਾਲ ਕੰਮ ਕੀਤਾ, ਜਿਨ੍ਹਾਂ ਦੀ ਛਾਪ ਉਨ੍ਹਾਂ ਦੇ ਜੀਵਨ ’ਤੇ ਹਮੇਸ਼ਾ ਬਰਕਰਾਰ ਰਹੀ। ਉਨ੍ਹਾਂ ਕਿਹਾ ਕਿ ਸਿੱਖ ਸਿਆਸਤ ’ਚ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਐਡਵੋਕੇਟ ਧਾਮੀ ਨੇ ਸ. ਨਿਰਮਲ ਸਿੰਘ ਕਾਹਲੋਂ ਦੇ ਅਕਾਲ ਚਲਾਣੇ ਨੂੰ ਵੱਡਾ ਪੰਥਕ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨਮਿਤ ਅਰਦਾਸ ਕੀਤੀ।