ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਕਸ਼ਮੀਰ ਅਤੇ ਭਾਰਤ ਦੀ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਲਈ ਢੁਕਵੇਂ ਪ੍ਰਬੰਧ ਕਰੇ- ਜਥੇਦਾਰ ਅਵਤਾਰ ਸਿੰਘ

2 copyਅੰਮ੍ਰਿਤਸਰ : ੨੩ ਅਗਸਤ (        ) ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਪੁਲਵਾਮਾ (ਕਸ਼ਮੀਰ) ਦੇ ਪ੍ਰਧਾਨ ਸ੍ਰ: ਜੋਗਿੰਦਰ ਸਿੰਘ ਸ਼ਾਨ ਦੀ ਅਗਵਾਈ ‘ਚ  ਸ੍ਰ: ਰਤਨ ਸਿੰਘ ਮੈਂਬਰ, ਸ੍ਰ: ਦੀਦਾਰ ਸਿੰਘ ਸਕੱਤਰ, ਸ੍ਰ: ਜਰਨੈਲ ਸਿੰਘ ਖਜਾਨਚੀ, ਸ੍ਰ: ਮਿੱਠਾ ਸਿੰਘ ਜੁਆਇੰਟ ਸਕੱਤਰ, ਸ੍ਰ: ਖਜੂਰ ਸਿੰਘ ਮੈਂਬਰ, ਸ੍ਰ: ਸੁੰਦਰਪਾਲ ਸਿੰਘ, ਸ੍ਰ: ਦਿਲਜੀਤ ਸਿੰਘ ਤੇ ਸ੍ਰ: ਇੰਦਰ ਸਿੰਘ ਮੈਂਬਰ ਅਧਾਰਤ ਵਫ਼ਦ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਮਿਲ ਕੇ ਜੰਮੂ ਕਸ਼ਮੀਰ ਦੇ ਦਿਨ ਪ੍ਰਤੀ ਦਿਨ ਵਿਗੜ ਰਹੇ ਹਾਲਾਤਾਂ ਅਤੇ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦਾ ਕੋਈ ਢੁਕਵਾਂ ਹੱਲ ਲੱਭਣ ਲਈ ਇਕ ਪੱਤਰ ਦਿੱਤਾ।
ਜਥੇਦਾਰ ਅਵਤਾਰ ਸਿੰਘ ਨੇ ਕਸ਼ਮੀਰੀ ਸਿੱਖਾਂ ਦੀ ਗੱਲਬਾਤ ਸੁਣ ਕੇ ਵਿਚਾਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰੀ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਲਈ ਕਸ਼ਮੀਰ ਦੀ ਸਰਕਾਰ ਤੇ ਕੇਂਦਰੀ ਸਰਕਾਰ ਨੂੰ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ੧੯੪੭ ਤੋਂ ਲੈ ਕੇ ਇਸ ਵਕਤ ਤੱਕ ਕਸ਼ਮੀਰ ਦੀ ਧਰਤੀ ਤੇ ਰਹਿ ਰਹੇ ਸਿੱਖਾਂ ਦੇ ਹਾਲਾਤ ਹਮੇਸ਼ਾਂ ਮਾੜੇ ਰਹੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖਾਂ ਦੇ ਬੱਚੇ ਪੜ੍ਹ ਲਿਖ ਕੇ ਵੀ ਬੇਕਾਰ ਹਨ ਅਤੇ ਸਰਕਾਰਾਂ ਨੇ ਘੱਟ ਗਿਣਤੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ੧੯੪੭ ਵਿੱਚ ਸ਼ਹੀਦ ਹੋਏ ਪੰਜਾਹ ਹਜ਼ਾਰ ਸਿੰਘਾਂ ਦਾ ਖੂਨ ਕਸ਼ਮੀਰ ਦੀ ਧਰਤੀ ਤੇ ਤਿੱਬਤ, ਗਿਲਗਤ, ਆਸਕਰਦੂਮ ਕਾਰਗਿਲ, ਚਕਾਰ, ਮੁਜ਼ੱਫਰਾਬਾਦ ਚਕੋਠੀ, ਬਾਰਾਮੂਲਾ, ਬਡਗਾਮ ਦਿਆਂ ਪਿੰਡਾਂ ਵਿੱਚ ਡੁੱਲਿਆ ਹੈ, ਪਰ ਏਨੀਆਂ ਕੁਰਬਾਨੀਆ ਦੇਣ ਦੇ ਬਾਵਜੂਦ ਵੀ ਕਸ਼ਮੀਰੀ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਸਕੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖ ਗੁਰੂ ਨਾਨਕ ਸਾਹਿਬ ਦੀ ਦੂਜੀ ਕਸ਼ਮੀਰ ਫੇਰੀ ਤੋਂ ਕਸ਼ਮੀਰ ਵਿੱਚ ਪੀੜੀ੍ਹ ਦਰ ਪੀੜ੍ਹੀ ਰਹਿ ਰਹੇ ਹਨ ਤੇ ਕਸ਼ਮੀਰ ਦੀ ਖੁਸ਼ਹਾਲੀ ਤੇ ਬਿਹਤਰੀ ਲਈ ਸਿੱਖਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਘੱਟ ਗਿਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਉਨ੍ਹਾਂ ਦੀਆਂ ਬਹੂ-ਬੇਟੀਆਂ ਦਾ ਖਿਆਲ ਰੱਖਣਾ ਕਸ਼ਮੀਰ ਅਤੇ ਭਾਰਤ ਸਰਕਾਰ ਦਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਸਰਕਾਰ ਵੱਲੋਂ ਸਪੈਸ਼ਲ ਕੋਟੇ ਵਿੱਚ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਜੋ ਇਸ ਸਮੇਂ ਕਸ਼ਮੀਰ ਦੇ ਦੋ ਦਿਨ ਦੇ ਦੌਰੇ ‘ਤੇ ਹਨ, ਨੂੰ ਸਿੱਖ ਕਮਿਊਨਿਟੀ ਦੇ ਨੁਮਾਇੰਦਿਆਂ ਨੂੰ ਮਿਲ ਕੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਲਈ ਵਿਸ਼ੇਸ਼ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਇਕ ਸੈਕੂਲਰ ਸਟੇਟ (ਧਰਮ ਨਿਰਪੱਖ ਰਾਜ) ਹੈ ਅਤੇ ਓਥੋਂ ਦੀ ਸਰਕਾਰ ਨੂੰ ਹਰ ਧਰਮ ਦੇ ਵਿਅਕਤੀਆਂ ਤੇ ਖਾਸ ਕਰ ਸਿੱਖ ਸਮੁਦਾਏ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ, ਚੀਫ਼ ਮਨਿਸਟਰ ਮਹਿਬੂਬਾ ਮੁਫ਼ਤੀ ਤੇ ਗਵਰਨਰ ਕਸ਼ਮੀਰ ਸ੍ਰੀ ਨਰਿੰਦਰ ਨਾਥ ਵੋਹਰਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਦੇ ਭਵਿੱਖ ਦੀ ਚਿੰਤਾ ਕਰਦਿਆਂ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਦੇ ਨਾਲ-ਨਾਲ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਤਾਂ ਜੋ ਕਸ਼ਮੀਰੀ ਸਿੱਖ ਫਿਰ ਤੋਂ ਖੁਸ਼ਹਾਲ ਜ਼ਿੰਦਗੀ ਜਿਊਂਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਨ੍ਹਾ ਕਸ਼ਮੀਰ ਤੋਂ ਆਏ ਸਿੱਖਾਂ ਦੇ ਵਫ਼ਦ ਨੂੰ ਭਰੋਸਾ ਦੇਂਦਿਆਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਉਨ੍ਹਾਂ ਦੇ ਨਾਲ ਰਹੀ ਹੈ ਤੇ ਹੁਣ ਵੀ ਨਾਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਆਪਣੇ ਸਕੂਲਾਂ ਕਾਲਜਾਂ ਵਿੱਚ ਕਸ਼ਮੀਰੀ ਸਿੱਖਾਂ ਦੀਆਂ ਬੇਟੀਆਂ ਨੂੰ ਫਰੀ ਸਿੱਖਿਆ ਦੇ ਰਹੀ ਹੈ ਤੇ ਅਗੋਂ ਵੀ ਕਮਜੋਰ ਵਰਗ ਦੇ ਸਿੱਖਾਂ ਦੀਆਂ ਬੇਟੀਆਂ ਨੂੰ ਮੁਫ਼ਤ ਵਿਦਿਆ ਦੇ ਨਾਲ-ਨਾਲ ਰਿਹਾਇਸ਼ ਆਦਿ ਦੇਵੇਗੀ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਸ਼ਵਾਣੀ ਦਿੱਲੀ ਤੋਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਬੰਦ ਕਰ ਦੇਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਭਾਸ਼ਾ ਪੰਜਾਬੀ ਦੇ ਬੁਲਿਟਨ ਨੂੰ ਬੰਦ ਕਰਕੇ ਅਕਾਸ਼ਵਾਣੀ ਦਿੱਲੀ ਨੇ ਪੰਜਾਬੀਆਂ ਦੇ ਮਨਾ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਅਕਾਸ਼ਵਾਣੀ ਨੂੰ ਫਿਰ ਤੋਂ ਦਿੱਲੀ ਤੋਂ ਪਹਿਲਾਂ ਦੀ ਤਰ੍ਹਾਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਸ਼ੁਰੂ ਕਰਨਾ ਚਾਹੀਦਾ ਹੈ।
 ਇਸ ਮੌਕੇ ਸ੍ਰ: ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ: ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ, ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ੍ਰ: ਪਰਮਜੀਤ ਸਿੰਘ ਮੁੰਡਾ ਪਿੰਡ ਨਿਜੀ ਸਹਾਇਕ, ਸ੍ਰ: ਸੁਲੱਖਣ ਸਿੰਘ ਤੇ ਸ੍ਰ: ਗੁਰਿੰਦਰ ਸਿੰਘ ਮੈਨੇਜਰ, ਸ੍ਰ: ਲਖਬੀਰ ਸਿੰਘ ਡੋਗਰ ਵਧੀਕ ਮੈਨੇਜਰ, ਸ੍ਰ: ਸੁਖਦੇਵ ਸਿੰਘ ਇੰਚਾਰਜ ਤੇ ਸ੍ਰ: ਗੁਰਵਿੰਦਰ ਸਿੰਘ ਨਿਜੀ ਸਹਾਇਕ ਆਦਿ ਮੌਜੂਦ ਸਨ।