ਅੰਮ੍ਰਿਤਸਰ ੧੯ ਨਵੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਬੇਲੋੜੀ, ਬੇਤੁਕੀ ਬਿਆਨਬਾਜ਼ੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਕਾਂਗਰਸ ਅਸਲ ਵਿਚ ਬੁਖਲਾ ਚੁੱਕੀ ਹੈ ਤੇ ਉਹ ਗ਼ੈਰ-ਜ਼ਿੰਮੇਵਾਰ ਮੁੱਦਿਆਂ ਨੂੰ ਸੰਗਤ ਅਰਪਣ ਕਰਕੇ ਆਪਣੇ ਅਕਸ ਨੂੰ ਬਚਾਉਣ ਲਈ ਹੱਥ ਪੱਲੇ ਮਾਰ ਰਹੀ ਹੈ। ਪ੍ਰੋ: ਬਡੂੰਗਰ ਨੇ ਕਾਂਗਰਸ ਦੇ ਇਸ ਬਿਆਨ ਨੂੰ ਸਿੱਧੇ ਤੌਰ ‘ਤੇ ਸੰਗਤਾਂ ਦੇ ਖਿਲਾਫ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਤੋਂ ਸੰਗਤਾਂ ਗੁਰੂ ਘਰ ਵਿਚ ਸ਼ਰਧਾਵੱਸ ਆਉਂਦੀਆਂ ਹਨ, ਜੇਕਰ ਉਨ੍ਹਾਂ ਨੂੰ ਕੋਈ ਦੁੱਖ-ਤਕਲੀਫ ਜਾਂ ਪ੍ਰੇਸ਼ਾਨੀ ਹੋਵੇ ਤਾਂ ਉਸ ਲਈ ਸਿੱਧੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ, ਇਸੇ ਜ਼ਿੰਮੇਵਾਰੀ ਨੂੰ ਕਬੂਲਦਿਆਂ ਮੈਂ ਦੇਸ਼ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪੱਤਰ ਲਿਖਿਆ ਹੈ ਕਿ ਵੱਡੇ ਨੋਟ ੧੦੦੦ ਤੇ ੫੦੦ ਦੇ ਫੈਸਲੇ ‘ਤੇ ਮੁੜ ਨਜ਼ਰਸਾਨੀ ਕੀਤੀ ਜਾਵੇ। ਪੱਤਰ ਲਿਖਣ ਦਾ ਫੈਸਲਾ ਸੰਗਤ ਦੀ ਸੁੱਖ-ਸਹੂਲਤ ਨੂੰ ਮੁੱਖ ਰੱਖਦਿਆਂ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਈ-ਪਾਈ ਦਾ ਹਿਸਾਬ ਪਾਰਦਰਸ਼ੀ ਹੈ। ਉਨ੍ਹਾਂ ਕਿਹਾ ਕਿ ਲਾਲੀ ਸੁਖਜਿੰਦਰ ਸਿੰਘ ਮਜੀਠੀਆ, ਗੁਰਜੀਤ ਸਿੰਘ ਔਜਲਾ ਤੇ ਹਰਪ੍ਰੀਤ ਸਿੰਘ ਅਜਨਾਲਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਚਾਪਲੂਸੀ ਕਰਦਿਆਂ ਧੁੰਦਲਾਈਆਂ ਹੋਈਆਂ ਅੱਖਾਂ ਨਾਲ ਤੱਕ ਕੇ ਲੂਲ੍ਹਾ-ਲੰਗੜਾ ਬਿਆਨ ਦੇਣਾ ਵੀ ਗ਼ੈਰ-ਜ਼ਿੰਮੇਵਾਰੀ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਸਭ ਲਈ ਸਾਂਝੇ ਹਨ ਉਥੇ ਮੱਥਾ ਟੇਕਣ ਲਈ ਕਾਂਗਰਸੀ, ਅਕਾਲੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰ ਜਾਂ ਸ਼ਰਧਾਲੂ ‘ਤੇ ਪਾਬੰਦੀ ਨਹੀਂ ਹੈ, ਪਰ ਕਾਂਗਰਸ ਵੱਲੋਂ ਗੁਰੂ ਘਰਾਂ ਨੂੰ ਮੁੱਦਾ ਬਣਾ ਕੇ ਸਿਆਸਤ ਕਰਨੀ ਅਤੀ ਮੰਦਭਾਗੀ ਤੇ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਾਂਗਰਸ ਦੇ ਇਸ ਬਿਆਨ ਨੂੰ ਮੂਲੋਂ ਨਕਾਰਦਿਆਂ ਕਿਹਾ ਕਿ ਜਿਹੜੇ ਚੰਡੀਗੜ੍ਹ ਦੇ ਇੱਕ ਸ਼ਰਧਾਲੂ ਵੱਲੋਂ ਲੰਗਰ ਲਈ ੯ ਲੱਖ ਰੁਪਇਆ ਲਿਆਂਦਾ ਗਿਆ ਸੀ ਉਹ ਇਸੇ ਕਰਕੇ ਵਾਪਸ ਕਰ ਦਿੱਤਾ ਗਿਆ ਸੀ ਕਿ ਇਹ ਨੋਟ ਬੰਦ ਹੋ ਚੁੱਕੇ ਹਨ। ਬਿਆਨ ਦੇਣ ਵਾਲੇ ਆਗੂਆਂ ਨੇ ਜਾਣਬੁੱਝ ਕੇ ੯ ਲੱਖ ਨੂੰ ੯੦ ਲੱਖ ਦੱਸ ਕੇ ਆਪਣੇ ਝੂਠ ਦਾ ਕੱਦ ਉਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਸਿਧਾਂਤ ‘ਤੇ ਹਮਲਾ ਕਰਨਾ, ਗੁਰੂ-ਘਰਾਂ ਨੂੰ ਢਾਹੁਣਾ ਅਤੇ ਇਸਦੀ ਮਾਣ ਮਰਿਆਦਾ ਨੂੰ ਰੋਲਣਾ ਕਾਂਗਰਸ ਦਾ ਸੱਭਿਆਚਾਰ ਤੇ ਮੁੱਖ ਕਿਰਦਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅਸਲ ਸਿੱਖ ਵਿਰੋਧੀ ਚਿਹਰੇ ਬਾਰੇ ਕੌਣ ਨਹੀਂ ਜਾਣਦਾ?