ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

 

ਸਿੱਖਾਂ ਸਮੇਤ ਭਾਰਤ ਦਾ ਹਰ ਨਾਗਰਿਕ ਬਰਾਬਰ ਅਧਿਕਾਰ ਰੱਖਦਾ ਹੈ- ਡਾ. ਰੂਪ ਸਿੰਘ
ਅੰਮ੍ਰਿਤਸਰ, 4 ਮਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵੱਲੋਂ ਸਿੱਖਾਂ ਸ਼ਰਧਾਲੂਆਂ ਪ੍ਰਤੀ ਨਫ਼ਰਤ ਭਰੀ ਟਿੱਪਣੀ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਦਿਗਵਿਜੇ ਸਿੰਘ ਦਾ ਇਹ ਕਹਿਣਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਸਿੱਖ ਸ਼ਰਧਾਲੂਆਂ ਨਾਲ ਪੰਜਾਬ ਨੂੰ ਖਤਰਾ ਪੈਦਾ ਹੋ ਗਿਆ ਹੈ, ਇੱਕ ਗੈਰ ਜ਼ਿੰਮੇਵਾਰਾਨਾ ਟਿੱਪਣੀ ਹੈ। ਇਸ ਵਿੱਚੋਂ ਨਫ਼ਰਤ ਦੀ ਭਾਵਨਾ ਸਾਫ ਦਿੱਸਦੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਸਖ਼ਤ ਲਹਿਜੇ ਵਿਚ ਆਖਿਆ ਕਿ ਭਾਰਤ ਦਾ ਹਰ ਨਾਗਰਿਕ ਬਰਾਬਰ ਅਧਿਕਾਰ ਰੱਖਦਾ ਹੈ ਅਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾਣਾ ਬਰਦਾਸ਼ਤਯੋਗ ਨਹੀਂ। ਸਿੱਖਾਂ ਨੇ ਸਦਾ ਦੇਸ਼ ਦੀ ਇੱਜਤ ਬਚਾਉਣ ਲਈ ਹਿੱਕਾਂ ਡਾਹੀਆਂ, ਕਈ ਜੁਲਮ ਝੱਲੇ ਤੇ ਕੁਰਬਾਨੀਆਂ ਕੀਤੀਆਂ। ਸ਼ਾਇਦ ਇਸ ਇਤਿਹਾਸ ਨੂੰ ਦਿਗਵਿਜੇ ਵਰਗੇ ਆਗੂ ਭੁੱਲ ਗਏ ਹਨ ਜਾਂ ਚਤੁਰਾਈ ਨਾਲ ਅਣਭੋਲ ਬਣ ਗਏ ਹਨ। ਡਾ. ਰੂਪ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਸਿੱਖਾਂ ਵੱਲੋਂ ਲੰਗਰ ਆਦਿ ਰਾਹੀਂ ਨਿਭਾਈਆਂ ਸੇਵਾਵਾਂ ਦੀ ਦੁਨੀਆਂ ਅੰਦਰ ਪ੍ਰਸੰਸਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਰੋਨਾ ਦੌਰਾਨ ਘੱਟ ਗਿਣਤੀ ਸਿੱਖਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਕਾਂਗਰਸ ਦਾ ਇਹ ਵੱਡਾ ਨੇਤਾ ਸਿੱਖਾਂ ਨੂੰ ਨਫ਼ਰਤ ਭਰੀ ਭਾਵਨਾ ਨਾਲ ਦੇਖ ਰਿਹਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆਈ ਸੰਗਤ ਦੇ ਮਾਮਲੇ ਨੂੰ ਧਾਰਮਿਕ ਰੰਗਤ ਦੇਣੀ ਠੀਕ ਨਹੀਂ। ਇਹ ਬਦਨਸੀਬੀ ਹੈ ਕਿ ਪੂਰੀ ਦੁਨੀਆਂ ਵਿਚ ਕੇਵਲ ਭਾਰਤ ਅੰਦਰ ਹੀ ਅਜਿਹਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਂਜ ਦਿਗਵਿਜੇ ਵਰਗੇ ਅਗੂ ਭਾਰਤ ਮਹਾਨ ਬਾਰੇ ਇਹ ਕਹਿੰਦੇ ਨਹੀਂ ਥੱਕਦੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਅਤੇ ਜੇਕਰ ਸਿੱਖ ਸ਼ਰਧਾਲੂ ਮਹਾਰਾਸ਼ਟਰ ਰਾਜ ਦੇ ਨਾਂਦੇੜ ਸ਼ਹਿਰ ਤੋਂ ਭਾਰਤ ਦੇ ਵੱਖ ਵੱਖ ਰਾਜਾਂ ਵਿੱਚੋਂ ਹੁੰਦੇ ਹੋਏ ਸੜਕੀ ਮਾਰਗ ਰਾਹੀਂ ਦੀ ਖੜਗ ਭੁਜਾ ਪੰਜਾਬ ਰਾਜ ਪਹੁੰਚੇ ਤਾਂ ਕੀ ਇਹ ਭਾਰਤ ਦੇ ਨਾਗਰਿਕ ਹੋਣ ਦਾ ਹੱਕ ਵੀ ਗਵਾ ਬੈਠੇ ਹਨ? ਕੀ ਇਨ੍ਹਾਂ ਦਾ ਗੁਨਾਹ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾ ਘੱਟ ਗਿਣਤੀਆਂ ਨਾਲ ਸਬੰਧ ਰੱਖਦੇ ਹਨ? ਉਨ੍ਹਾਂ ਕਿਹਾ ਕਿ ਸਾਰੇ ਸ਼ਰਧਾਲੂ ਸਰਕਾਰਾਂ ਦੀ ਪ੍ਰਵਾਨਗੀ ਨਾਲ ਹੀ ਆਏ ਹਨ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਨੂੰ ਪਹਿਲਾਂ ਹੀ ਲਿਆਂਦਾ ਜਾਂਦਾ, ਕਿਉਂਕਿ ਇਹ ਸਰਕਾਰਾਂ ਦਾ ਫਰਜ਼ ਸੀ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਦੇ ਨਾਗਰਿਕਾਂ ਦੀ ਸਿਹਤ ਸੰਭਾਲ ਤੇ ਸੁਰੱਖਿਆ ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਸਮੇਂ ਰਾਜਨੀਤੀ ਨਾ ਕਰੋ, ਸਗੋਂ ਸਹਿਯੋਗੀ ਬਣੋ। ਇਸ ਸਮੇਂ ਬੇਵਸੀ ਦੀ ਹਾਲਤ ਵਿਚ ਜੀਅ ਰਹੀ ਮਨੁੱਖਤਾ ਨੂੰ ਮਾਨਸਿਕ ਤੌਰ ’ਤੇ ਹੋਰ ਪ੍ਰੇਸ਼ਾਨ ਕਰਨ ਦੀ ਥਾਂ ਇੱਕਜੁੱਟ ਹੋ ਕੇ ਕੰਮ ਕਰੋ, ਲੋਕ ਸਦੀਆਂ ਤੱਕ ਯਾਦ ਰੱਖਣਗੇ।