ਪ੍ਰੋ. ਬਡੂੰਗਰ ਦੀ ਅਗਵਾਈ ‘ਚ ਕੁਦਰਤੀ ਖੇਤੀ, ਵਾਤਾਵਰਣ ਅਤੇ ਖੇਡਾਂ ਸਬੰਧੀ ਇਕੱਤਰਤਾ ਹੋਈ
ਅੰਮ੍ਰਿਤਸਰ, 29 ਜੂਨ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਸਿਖਇਜ਼ਮ ਬਹਾਦਰਗੜ੍ਹ ਵਿਖੇ ਇਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਕੁਦਰਤੀ ਖੇਤੀ ਦੇ ਹੋਰ ਉਭਾਰ, ਵਾਤਾਵਰਣ ਦੀ ਸ਼ੁੱਧਤਾ ਸਬੰਧੀ ਲਹਿਰ ਚਲਾਉਣ ਦੀ ਵਿਉਂਤਬੰਦੀ ਕਰਨ ਦੇ ਨਾਲ-ਨਾਲ ਨੌਜੁਆਨੀ ਨੂੰ ਖੇਡਾਂ ਵੱਲ ਰੁਚਿਤ ਕਰਨ ਲਈ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮਨੁੱਖੀ ਸਿਹਤ ਦੀ ਅਰੋਗਤਾ ਲਈ ਚੰਗੇ ਖਾਧ ਪਦਾਰਥ, ਸ਼ੁੱਧ ਵਾਤਾਵਰਣ ਅਤੇ ਖੇਡਾਂ ਦੀ ਵਿਸ਼ੇਸ਼ ਮਹੱਤਤਾ ਹੈ, ਪਰ ਵਰਤਮਾਨ ਸਮੇਂ ਵਿਚ ਅਸੀਂ ਜਿਥੇ ਕੁਦਰਤੀ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਅਵੇਸਲੇ ਹੋ ਰਹੇ ਹਾਂ ਉਥੇ ਹੀ ਖੇਤੀ ਲਈ ਰਸਾਇਣਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਅੰਧਾ-ਧੁੰਦ ਵਰਤੋਂ ਕਰਕੇ ਕੁਦਰਤੀ ਤਰੀਕੇ ਨਾਲ ਤਿਆਰ ਕੀਤੀ ਜਾਂਦੀਆਂ ਸਬਜ਼ੀਆਂ ਅਤੇ ਫ਼ਸਲਾਂ ਤਿਆਰ ਕਰਨ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਪਹਿਲ-ਕਦਮੀ ਕਰਦਿਆਂ ਕੁਦਰਤੀ ਖੇਤੀ ਦੇ ਰੁਝਾਨ ਨੂੰ ਪ੍ਰਫ਼ੁਲਤ ਕਰਨ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਇਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸਮੇਂ ਵਿਚ ਗੁਰੂ ਘਰਾਂ ਅੰਦਰ ਜਿਥੇ ਕੁਦਰਤੀ ਖੇਤੀ ਹੇਠ ਵੱਧ ਤੋਂ ਵੱਧ ਰਕਬੇ ਨੂੰ ਲਿਆਂਦਾ ਜਾਵੇਗਾ, ਉਥੇ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖ ਬੂਟੇ ਲਗਾਉਣ ਤੋਂ ਇਲਾਵਾ ਸਕੂਲਾਂ, ਕਾਲਜਾਂ ਅੰਦਰ ਇਕ ਵਿਸ਼ਾਲ ਪ੍ਰਚਾਰ ਮੁਹਿੰਮ ਪ੍ਰਚੰਡ ਕੀਤੀ ਜਾਵੇਗੀ, ਤਾਂ ਜੋ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਨੌਜੁਆਨੀ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਸੁਚੇਤ ਰੂਪ ਵਿਚ ਕਾਰਜਸ਼ੀਲ ਹੈ ਅਤੇ ਆਪਣੀਆਂ ਵਿਰਾਸਤੀ ਖੇਡਾਂ ਨੂੰ ਤਵੱਜੋਂ ਦੇਣ ਲਈ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਚਾਨਣ ਸਿੰਘ, ਡਾ. ਗੁਰਬੀਰ ਸਿੰਘ ਡਾਇਰੈਕਟਰ, ਡਾ. ਚਮਕੌਰ ਸਿੰਘ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਲਖਵੀਰ ਸਿੰਘ ਚੇਅਰਮੈਨ, ਸ. ਤਜਿੰਦਰ ਸਿੰਘ ਪੱਡਾ ਆਦਿ ਸ਼ਾਮਲ ਹੋਏ।