ਅੰਮ੍ਰਿਤਸਰ, 6 ਜੁਲਾਈ – ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਇਸ ਸਮੇਂ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਭਾਈ ਰਾਜਦੀਪ ਸਿੰਘ ਅਰਦਾਸੀਏ ਨੇ ਅਰਦਾਸ ਕੀਤੀ।
ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਕੌਮ ਦੀ ਭਲਾਈ ਲਈ ਵੱਡੇ ਕਾਰਜ ਕੀਤੇ ਹੁੰਦੇ ਹਨ ਅਤੇ ਆਉਣ ਵਾਲੀਆਂ ਪੀੜੀਆਂ ਇਨ੍ਹਾਂ ਸੁਸ਼ੋਭਿਤ ਤਸਵੀਰਾਂ ਨੂੰ ਵੇਖ ਕੇ ਸੇਧ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ੧੫ਵੇਂ ਮੁਖੀ ਬਾਬਾ ਠਾਕੁਰ ਸਿੰਘ ਜਿਨ੍ਹਾਂ ਦੀ ਅੱਜ ਪੰਥਕ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਤਸਵੀਰ ਸੁਸ਼ੋਭਿਤ ਕੀਤੀ ਗਈ ਹੈ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਸੰਗਤਾਂ ਨੂੰ ਸਮੇਂ ਸਮੇਂ ਗੁਰੂ ਵਾਲੇ ਬਣਨ ਲਈ ਪ੍ਰੇਰਿਆ।
ਇਸ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਲਗਾਉਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਠਾਕੁਰ ਸਿੰਘ ਜੀ ਮਹਾਨ ਪਰਉਪਕਾਰੀ ਤੇ ਪੰਥਕ ਆਤਮਾ ਸਨ। ਉਨ੍ਹਾਂ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਘਰ-ਘਰ ਤਕ ਪਹੁੰਚ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਸ. ਮਨਜੀਤ ਸਿੰਘ ਜੀ.ਕੇ. ਪ੍ਰਧਾਨ ਅਤੇ ਸ. ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਮਲਕੀਤ ਸਿੰਘ, ਭਾਈ ਗੁਰਨਾਮ ਸਿੰਘ ਬੰਡਾਲਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਕੰਵਲਜੀਤ ਸਿੰਘ, ਸ. ਭਗਵੰਤ ਸਿੰਘ ਸਿਆਲਕਾ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਭਾਈ ਜਗਤਾਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ. ਬਿਜੈ ਸਿੰਘ, ਸ. ਸੁਲੱਖਣ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਫੈਡਰੇਸ਼ਨ ਆਗੂ ਭਾਈ ਪਰਮਜੀਤ ਸਿੰਘ ਖਾਲਸਾ, ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।