ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ
ਅੰਮ੍ਰਿਤਸਰ 27 ਜਨਵਰੀ- ਬਰੈਂਪਟਨ (ਕੈਨੇਡਾ) ਤੋਂ ਮੈਂਬਰ ਪਾਰਲੀਮੈਂਟ ਸਤਿੰਦਰਪਾਲ ਕੌਰ ਸਿੱਧੂ (ਸੋਨੀਆ ਸਿੱਧੂ) ਨੇ ਸ਼ੁੱਕਰਵਾਰ ਨੂੰ ਰੂਹਾਨੀਅਤ ਦੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਾਂਝੇ ਤੌਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਿਹਰੀ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਤਿੰਦਰਪਾਲ ਕੌਰ ਸਿੱਧੂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਲਈ ਮੁਕੱਦਸ ਅਸਥਾਨ ਹੈ ਅਤੇ ਇਥੇ ਨਤਮਸਤਕ ਹੋ ਕੇ ਮਨੁੱਖ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਤੋਂ ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ ਜੋ ਸਮੁੱਚੀ ਲੋਕਾਈ ਨੂੰ ਇਕ ਧਾਗੇ ਵਿਚ ਪਰੋਣ ਲਈ ਵਡਮੁੱਲੀ ਪ੍ਰੇਰਣਾ ਹੈ। ਉਨ੍ਹਾਂ ਸਨਮਾਨ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਐਡੀਸ਼ਨਲ ਮੈਨੇਜਰ ਸ. ਸੁਖਬੀਰ ਸਿੰਘ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਹਰਪ੍ਰੀਤ ਸਿੰਘ, ਸ. ਸਰਤਾਜ ਸਿੰਘ, ਸ. ਅੰਮ੍ਰਿਤਪਾਲ ਸਿੰਘ ਸਮੇਤ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਨਾਲ ਆਏ ਸ. ਸਤਨਾਮ ਸਿੰਘ ਰੰਧਾਵਾ, ਬੀਬੀ ਪ੍ਰਿਤਪਾਲ ਕੌਰ ਰੰਧਾਵਾ, ਸ. ਸੁਖਦੀਪ ਸਿੰਘ ਰੰਧਾਵਾ, ਸ. ਕੁਲਤਾਰ ਸਿੰਘ ਬੋਪਾਰਾਏ, ਸ. ਸੁਖਦੇਵ ਸਿੰਘ ਮੱਤੇਵਾਲ ਤੇ ਸ. ਗੁਰਜੀਤ ਸਿੰਘ ਸਿੱਧੂ ਮੌਜੂਦ ਸਨ।