ਅੰਮ੍ਰਿਤਸਰ 17 ਨਵੰਬਰ ( ) ਕੈਪਟਨ ਅਮਰਿੰਦਰ ਸਿੰਘ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੀ ਵਿਰਾਸਤ ਵੱਲ ਝਾਤੀ ਮਾਰਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਟਿੱਪਣੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਏ ਨਾਲ ਗੱਲਬਾਤ ਦੌਰਾਨ ਇਹ ਦੋਸ਼ ਲਗਾਇਆ ਹੈ ਕਿ ਅਕਾਲੀ ਗੁਰਦੁਆਰਿਆਂ ਰਾਹੀਂ ਕਾਲੇ ਧਨ ਨੂੰ ਬਦਲ ਰਹੇ ਹਨ, ਜੋ ਸਰਾਸਰ ਗਲਤ ਤੇ ਤੱਥਾਂ ਤੋਂ ਹਟ ਕੇ ਹੈ।ਉਨ੍ਹਾਂ ਕਿਹਾ ਕੈਪਟਨ ਵਰਗੇ ਕੁਝ ਲੋਕ ਰਾਜਨੀਤਕ ਲਾਹਾ ਲੈਣ ਲਈ ਧਾਰਮਿਕ ਸੰਸਥਾਵਾਂ ਨੂੰ ਵੀ ਨਹੀਂ ਬਖਸ਼ਦੇ ਜੋ ਬਹੁਤ ਹੀ ਮੰਦਭਾਗਾ ਹੈ।ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਭਾਰਤ ਸਰਕਾਰ ਵੱਲੋਂ ਪਾਸ ਹੋਏ ਨੋਟੀਫਿਕੇਸ਼ਨ ਅਨੁਸਾਰ ਹੀ ਸਾਰਾ ਕਾਰਜ ਹੋ ਰਿਹਾ ਹੈ ਤੇ ਕੋਈ 1 ਰੁਪਿਆ ਵੀ ਉਸ ਦੀ ਮਨਸ਼ਾ ਤੋਂ ਬਾਹਰ ਜਾ ਕੇ ਤਬਦੀਲ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਕਾਊਂਟਸ ਦਾ ਸਾਰਾ ਹਿਸਾਬ ਕਿਤਾਬ ਬਿਲਕੁਲ ਪਾਰਦਰਸ਼ੀ ਹੈ, ਜਿਸ ਦਾ ਬਿਓਰਾ ਗੁਰਦੁਆਰਾ ਗਜ਼ਟ ਵਿੱਚ ਹਰ ਮਹੀਨੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਣ ਵਾਲੀ ਚੋਣ ਵਿੱਚ ਆਪਣੀ ਹਾਰ ਤੋਂ ਬੁਖਲਾ ਕੇ ਅਜਿਹੀ ਬਿਆਨਬਾਜੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਨਾਲ ਇਸ ਤਰ੍ਹਾਂ ਦਾ ਟਕਰਾ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਖੋਂ ਹੌਲੇ ਕਰਦਾ ਜਾਪਦਾ ਹੈ।ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਸ਼ਵਰਾ ਦੇਂਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਬੇਥਵੇ ਬਿਆਨ ਦੇਣ ਤੋਂ ਗੁਰੇਜ਼ ਕਰਨ।