ਅੰਮ੍ਰਿਤਸਰ 21 ਅਪ੍ਰੈਲ ( ) ਸਿੱਖ ਅਮਰੀਕੀ ਨੌਜਵਾਨ ਸ. ਕਰਨਵੀਰ ਸਿੰਘ ਦੀ ਕੈਲਫੋਰਨੀਆ ਦੇ ਹਵਾਈ ਅੱਡੇ ’ਤੇ ਚੈਕਿੰਗ ਦੌਰਾਨ ਜਬਰੀ ਦਸਤਾਰ ਉਤਾਰਨਾ ਨਿੰਦਣਯੋਗ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨਾ ਸਿਰਫ ਪੰਜ ਕਕਾਰਾਂ ਦੇ ਧਾਰਨੀ ਬਣਾਇਆ ਬਲਕਿ ਵੱਖਰੀ ਪਹਿਚਾਣ ਦਿੰਦਿਆਂ ਦਸਤਾਰ ਵੀ ਬਖਸ਼ਿਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕੇਸਾਂ ਦੀ ਸੰਭਾਲ ਲਈ ਦਸਤਾਰ ਬਹੁਤ ਹੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਇਹ ਕਹਿਣਾ ਕਿ ਦਸਤਾਰ ਇਸ ਕਰਕੇ ਲੁਹਾ ਕੇ ਚੈੱਕ ਕੀਤੀ ਗਈ ਹੈ ਕਿ ਇਸ ਵਿੱਚ ਕੋਈ ਧਮਾਕਾਖੇਜ ਸਮੱਗਰੀ ਨਾ ਹੋਵੇ।ਉਨ੍ਹਾਂ ਰੋਸੇ ਵਿੱਚ ਕਿਹਾ ਕਿ ਸਿੱਖ ਦੀ ਦਸਤਾਰ ਦੀ ਤੁਲਨਾ ਧਮਾਕਾਖੇਜ਼ ਸਮੱਗਰੀ ਨਾਲ ਕਰਨੀ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤੀ-ਅਮਰੀਕੀ ਕਲਾਕਾਰ ਵਾਰਿਸ ਆਹਲੂਵਾਲੀਆਂ, ਭਾਰਤੀ-ਕੈਨੇਡੀਅਨ ਸਿੱਖ ਕਮੇਡੀਅਨ ਸ. ਜਸਮੀਤ ਸਿੰਘ ਤੇ ਸੇਨ ਡਿਆਗੋ ਕੈਲਫੋਰਨੀਆ ਵਿਖੇ ਮੈਚ ਵੇਖਣ ਗਏ ਤਿੰਨ ਅਮਰੀਕੀ ਸਿੱਖਾਂ ਨੂੰ ਦਸਤਾਰ ਕਰਕੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਹੁਣ ਮੌਜੂਦਾ ਘਟਨਾ ਵਿੱਚ ਨੌਜਵਾਨ ਸਿੱਖ ਵਿਦਿਆਰਥੀ ਦੀ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਜਬਰੀ ਦਸਤਾਰ ਉਤਾਰਨ ਲਈ ਕਹਿਣ ਨਾਲ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸਬੰਧਤ ਹਵਾਈ ਅੱਡੇ ਦੇ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਸਿੱਖਾਂ ਦੀ ਦਸਤਾਰ ਬਾਰੇ ਪਾਈ ਜਾ ਰਹੀ ਜਾਗਰੂਕਤਾ ਦੀ ਘਾਟ ਲਈ ਠੋਸ ਕਦਮ ਚੁੱਕਣ ਤਾਂ ਕਿ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਰੋਕਿਆ ਜਾ ਸਕੇ।