ਅੰਮ੍ਰਿਤਸਰ ੧੮ ਨਵੰਬਰ ( ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮਾਂਤਰੀ ਨਿਊਜ਼ ਚੈਨਲ ਬੀ.ਬੀ.ਸੀ.ਵਰਲਡ ਵੱਲੋਂ ਪੰਜਾਬੀ ਸਮੇਤ ੧੧ ਭਾਸ਼ਾਵਾਂ ਵਿੱਚ ਖ਼ਬਰਾਂ ਪ੍ਰਸਾਰਤ ਕਰਨ ਦੇ ਫੈਸਲੇ ਨੂੰ ਸ਼ਲਾਘਾਯੋਗ ਕਰਾਰ ਦਿੱਤਾ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਬੀ.ਬੀ.ਸੀ. ਨਿਊਜ਼ ਚੈਨਲ ਵੱਲੋਂ ਹਰ ਧਰਮ ਨੂੰ ਪ੍ਰਮੁੱਖਤਾ ਦੇ ਕੇ ਉਨ੍ਹਾਂ ਦੀ ਭਾਸ਼ਾ ਵਿੱਚ ਖ਼ਬਰਾਂ ਪ੍ਰਸਾਰਿਤ ਕਰਨ ਨਾਲ ਵਿਸ਼ਵ ਪੱਧਰ ‘ਤੇ ਭਾਰਤੀ ਭਾਸ਼ਾਵਾਂ ਨੂੰ ਮਾਨਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਇਕ ਪਾਸੇ ਜਿਥੇ ਆਪਣੇ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨਾਲ ਬੇਗਾਨਗੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਵਿਦੇਸ਼ੀ ਚੈਨਲ ਵੱਲੋਂ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨ ਤੋਂ ਸਿੱਖਿਆ ਲੈਣ ਦੀ ਸਖ਼ਤ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਇਸ ਤੋਂ ਪਹਿਲਾਂ ਦੁਨੀਆਂ ਦੀਆਂ ਤਿੰਨ ਮਹਾਨ ਔਰਤਾਂ ਵਿੱਚ ਮਾਈ ਭਾਗੋ ਦਾ ਨਾਂਅ ਦਰਜ ਕੀਤਾ ਗਿਆ ਹੈ ਜਿਨ੍ਹਾਂ ਧਰਮ ਅਤੇ ਕੌਮ ਵਾਸਤੇ ਨਾ ਸਿਰਫ ਆਪਾ ਵਾਰਿਆ ਬਲਕਿ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ।
ਪ੍ਰੋ. ਬਡੂੰਗਰ ਨੇ ਬੀ.ਬੀ.ਸੀ. ਨਿਊਜ਼ ਚੈਨਲ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਭਾਰਤੀ ਭਾਸ਼ਾਵਾਂ ਵਿੱਚ ਖ਼ਬਰਾਂ ਦੇ ਪ੍ਰਸਾਰਣ ਨੂੰ ਹੁੰਗਾਰਾ ਦੇ ਕੇ ਇਕ ਨਵੀਂ ਸੋਚ ਨੂੰ ਪ੍ਰਫੁੱਲਿਤ ਕੀਤਾ ਹੈ।