ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ, 21 ਅਪ੍ਰੈਲ- ਖਾਲਸਾ ਏਡ ਨਾਲ ਸਬੰਧਤ ਗੁਰਸਿੱਖ ਨੌਜਵਾਨ ਸ. ਇੰਦਰਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ’ਚ ਲੱਗੇ ਇੱਕ ਗੁਰਸਿੱਖ ਦਾ ਤੁਰ ਜਾਣਾ ਬੇਹੱਦ ਮੰਦਭਾਗਾ ਹੈ। ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ. ਇੰਦਰਜੀਤ ਸਿੰਘ ਦੇ ਅਕਾਲ ਚਲਾਣੇ ਨੂੰ ਪੰਥਕ ਜਗਤ ਲਈ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਖਾਲਸਾ ਏਡ ਨੇ ਆਪਣੀਆਂ ਸੇਵਾਵਾਂ ਨਾਲ ਵਿਸ਼ਵ ਪੱਧਰ ’ਤੇ ਪਛਾਣ ਕਾਇਮ ਕੀਤੀ ਹੈ। ਇਸ ਦੇ ਸੇਵਾਦਾਰ ਮਨੁੱਖਤਾ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਨੇ ਸਿੱਖਾਂ ਦਾ ਨਾਂ ਆਪਣੇ ਕਾਰਜਾਂ ਨਾਲ ਉੱਚਾ ਕੀਤਾ ਹੈ। ਅਜਿਹੀ ਸੰਸਥਾ ਦੇ ਸਰਗਰਮ ਸੇਵਾਦਾਰ ਦਾ ਸੜਕ ਹਾਦਸੇ ਦੌਰਾਨ ਵਿਛੜ ਜਾਣਾ ਦੁੱਖਮਈ ਹੈ। ਇਸ ਨਾਲ ਕੌਮ ਇੱਕ ਨਿਸ਼ਕਾਮ ਸੇਵਾਦਾਰ ਤੋਂ ਵਾਂਝੀ ਹੋ ਗਈ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸਾਡੀ ਸ. ਇੰਦਰਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਹੈ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਪਣੇ ਸੇਵਾਦਰ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ।