ਸਕੂਲ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਦੀ ਪੜਤਾਲੀਆਂ ਟੀਮ ਨੂੰ ਦਿੱਤਾ ਲਿਖਤੀ ਮੁਆਫ਼ੀਨਾਮਾ ਅੰਮ੍ਰਿਤਸਰ, 13 ਜਨਵਰੀ- ਅਹਿਮਦਾਬਾਦ ਗੁਜਰਾਤ ਦੇ ਇਕ ਸਕੂਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਬੱਚਿਆਂ ਪਾਸੋਂ ਰੋਲ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਨਸ਼ਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਧਰਮ ਪ੍ਰਚਾਰ ਕਮੇਟੀ ਅਧੀਨ ਚੱਲਦੇ ਸਿੱਖ ਮਿਸ਼ਨ ਗੁਜਰਾਤ ਦੇ ਪ੍ਰਚਾਰਕਾਂ ਨੇ ਸਬੰਧਤ ਸਕੂਲ ਪਾਸੋਂ ਜਵਾਬ-ਤਲਬੀ ਕੀਤੀ ਹੈ, ਜਿਸ ’ਤੇ ਪ੍ਰਬੰਧਕਾਂ ਨੇ ਲਿਖਤੀ ਤੌਰ ’ਤੇ ਮੁਆਫ਼ੀ ਮੰਗ ਲਈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਸਾਲ 2019 ਦੀ ਹੈ, ਪਰ ਹੁਣ ਇਸ ਨੂੰ ਕਿਸੇ ਨੇ ਸੋਸ਼ਲ ਮੀਡੀਏ ’ਤੇ ਪਾ ਦਿੱਤਾ ਹੈ। ਸਕੂਲ ਪ੍ਰਬੰਧਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਸਿੱਖ ਧਰਮ ਦੇ ਨਿਯਮਾਂ ਬਾਰੇ ਅਗਿਆਨਤਾ ਹੋਣ ਕਾਰਨ ਅਜਿਹਾ ਹੋਇਆ ਹੈ ਅਤੇ ਉਹ ਸਿੱਖ ਜਗਤ ਤੋਂ ਇਸ ਗਲਤੀ ਦੀ ਮੁਆਫ਼ੀ ਮੰਗਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਖ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਆਖਿਆ ਕਿ ਬੀਤੇ ਕੱਲ੍ਹ ਜਦੋਂ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਪੜਤਾਲ ਲਈ ਆਦੇਸ਼ ਜਾਰੀ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਭਾਵੇਂ ਸਕੂਲ ਪ੍ਰਬੰਧਕਾਂ ਨੇ ਮੁਆਫ਼ੀ ਮੰਗ ਲਈ ਹੈ ਅਤੇ ਵੀਡੀਓ ਪੁਰਾਣੀ ਹੋਣ ਦਾ ਦਾਅਵਾ ਕੀਤਾ ਹੈ, ਪਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਬਾਜ਼ ਆਉਣਾ ਚਾਹੀਦਾ ਹੈ। Post navigation SGPC President condemns beadbi of Gutka Sahib at Bhattiwal village in Sangrur ਐਡਵੋਕੇਟ ਧਾਮੀ ਨੇ ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਕੀਤੀ ਨਿੰਦਾ