** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਅੰਮ੍ਰਿਤਸਰ, 1 ਸਤੰਬਰ-
ਗੁਰਦੁਆਰਾ ਭਗਤ ਰਵਿਦਾਸ ਜੀ ਖੁਰਾਲਗੜ੍ਹ (ਹੁਸ਼ਿਆਰਪੁਰ) ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਚਾਕਰ ਦੀ ਅਗਵਾਈ ਵਿਚ ਇਕ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਭਾਈਚਾਰਕ ਸਾਂਝਾ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ। ਭਾਈ ਕੇਵਲ ਸਿੰਘ ਚਾਕਰ ਅਤੇ ਉਨ੍ਹਾਂ ਨਾਲ ਆਏ ਨੁਮਾਇੰਦਿਆਂ ਨੇ ਐਡਵੋਕੇਟ ਧਾਮੀ ਨੂੰ ਸਿੱਖ ਸਮਾਜ ਅੰਦਰ ਜਾਤੀ ਵਿਤਕਰੇ ਨਾਲ ਸਬੰਧਤ ਘਟਨਾਵਾਂ ਨੂੰ ਰੋਕਣ ਲਈ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਹੈ ਅਤੇ ਸਭ ਦਾ ਫ਼ਰਜ਼ ਹੈ ਕਿ ਇਸ ਨਾਲ ਰਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਜਾਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਖੂਬਸੂਰਤੀ ਹੈ ਕਿ ਇਸ ਵਿਚ ਵੱਖ-ਵੱਖ ਵਰਗਾਂ ਦਾ ਮਾਣ ਤਾਣ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜਾਤ ਪਾਤ ਤੋਂ ਉੱਪਰ ਚੁੱਕਦਿਆਂ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਸਾਂਝੀਵਾਲਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ। ਉਨ੍ਹਾਂ ਕਿਹਾ ਕਿ ਜਾਤੀ ਵਿਤਕਰੇ ਨੂੰ ਸਿੱਖ ਜਗਤ ਅੰਦਰ ਕੋਈ ਥਾਂ ਨਹੀਂ ਹੈ ਅਤੇ ਹਰ ਸਿੱਖ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਸਤੇ ’ਤੇ ਚਲੱਚਿਆਂ ਭਰਾਤਰੀ ਭਾਵ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਮੇਜਰ ਸਿੰਘ, ਵਫ਼ਦ ਮੈਂਬਰ ਭਾਈ ਨਰੇਸ਼ ਸਿੰਘ, ਭਾਈ ਵਿਸ਼ਾਲ ਸਿੰਘ, ਸ. ਪਰਮਜੀਤ ਸਿੰਘ, ਸ. ਨਿਰਮਲਜੀਤ ਸਿੰਘ, ਸ੍ਰੀ ਸੀਤਾ ਰਾਮ, ਸ੍ਰੀ ਰਾਮ ਕੁਮਾਰ ਆਦਿ ਮੌਜੂਦ ਸਨ।