** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

੧੯੭੮ ਦੇ ਸ਼ਹੀਦਾਂ ਸਬੰਧੀ ਲਗਾਈ ਪ੍ਰਦਰਸ਼ਨੀ ਰਹੀ ਖਿੱਚ ਦਾ ਕੇਂਦਰ

ਅੰਮ੍ਰਿਤਸਰ, ੧੫ ਅਪ੍ਰੈਲ – ਖ਼ਾਲਸਾ ਸਾਜਨਾ ਦਿਵਸ ਮੌਕੇ ਅਖੰਡ ਕੀਰਤਨੀ ਜਥੇ ਦੇ ਪੰਜ ਦਿਨਾਂ ਕੇਂਦਰੀ ਅਖੰਡ ਕੀਰਤਨ ਸਮਾਗਮ ਦੇ ਆਖਰੀ ਦਿਨ ਬੀਤੀ ਰਾਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਕਰਵਾਏ ਗਏ ਰੈਣ ਸਬਾਈ ਕੀਰਤਨ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਭਾਈ ਅਵਤਾਰ ਸਿੰਘ ਮੱਲ੍ਹੀਆਂ ਵਾਲਿਆਂ ਨੇ ਭਾਈ ਲੌਂਗੋਵਾਲ ਦਾ ਸਮਾਗਮ ਵਿਚ ਪਹੁੰਚਣ ‘ਤੇ ਸਿਰੋਪਾ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨ ਵੀ ਕੀਤਾ। ਦੱਸਣਯੋਗ ਹੈ ਰੈਣ ਸਬਾਈ ਕੀਰਤਨ ਸਮਾਗਮ ਵਿਚ ਅਖੰਡ ਕੀਰਤਨੀ ਜਥੇ ਵੱਲੋਂ ਕੇਵਲ ਗੁਰਬਾਣੀ ਕੀਰਤਨ ਕਰਨ ਦੀ ਹੀ ਰਵਾਇਤ ਹੈ ਅਤੇ ਇਸੇ ਦੇ ਮੱਦੇਨਜ਼ਰ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਵੀ ਗੁਰਮਤਿ ਵਿਚਾਰਾਂ ਦੀ ਥਾਂ ਗੁਰਬਾਣੀ ਕੀਰਤਨ ਦੁਆਰਾ ਹਾਜ਼ਰੀ ਭਰੀ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਨਾਲ ਵੀ ਕੀਰਤਨ ਕਰਦੇ ਰਹੇ ਹਨ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਅਖੰਡ ਕੀਰਤਨੀ ਜਥੇ ਦੇ ਅੰਮ੍ਰਿਤਸਰ ਵਿਚ ਹੁੰਦੇ ਸਮਾਗਮਾਂ ਵਿਚ ਕੀਰਤਨ ਦੀ ਹਾਜ਼ਰੀ ਭਰਿਆ ਕਰਦੇ ਸਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਹਨ, ਜਿਨ੍ਹਾਂ ਨੇ ਇਤਿਹਾਸਕ ਮੰਜੀ ਸਾਹਿਬ ਦੀਵਾਨ ਹਾਲ ਵਿਚ ਅਖੰਡ ਕੀਰਤਨ ਸਮਾਗਮ ਵਿਚ ਕੀਰਤਨ ਦੀ ਹਾਜ਼ਰੀ ਭਰੀ ਹੈ।

ਇਸ ਤੋਂ ਇਲਾਵਾ ਰੈਣ ਸਬਾਈ ਕੀਰਤਨ ਸਮਾਗਮ ਵਿਚ ਭਾਈ ਮਨਪ੍ਰੀਤ ਸਿੰਘ ਕਾਨ੍ਹਪੁਰੀ, ਭਾਈ ਅਨੰਤਵੀਰ ਸਿੰਘ, ਭਾਈ ਰਵਿੰਦਰ ਸਿੰਘ ਦਿੱਲੀ, ਭਾਈ ਦਵਿੰਦਰ ਸਿੰਘ, ਭਾਈ ਲਵਲੀਨ ਸਿੰਘ ਅਤੇ ਬੀਬੀ ਸਿਮਰਨ ਕੌਰ ਕੈਨੇਡਾ ਦੇ ਜਥਿਆਂ ਨੇ ਵੀ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ, ਸ. ਪ੍ਰਤਾਪ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਨਿੱਜੀ ਸਹਾਇਕ ਦਰਸ਼ਨ ਸਿੰਘ ਲੌਂਗੋਵਾਲ, ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਮੁੱਖ ਬੁਲਾਰਾ ਭਾਈ ਆਰ.ਪੀ. ਸਿੰਘ, ਭਾਈ ਅਵਤਾਰ ਸਿੰਘ ਮੱਲ੍ਹੀਆਂ ਵਾਲੇ, ਭਾਈ ਨਿਰਮਲਬੀਰ ਸਿੰਘ, ਭਾਈ ਪ੍ਰਣਾਮ ਸਿੰਘ, ਅਖੰਡ ਕੀਰਤਨੀ ਜਥੇ ਦੇ ਮਾਸਿਕ ਪੱਤਰ ‘ਸੋ ਕਹੀਅਤ ਹੈ ਸੂਰਾ’ ਦੇ ਸੰਪਾਦਕ ਤਲਵਿੰਦਰ ਸਿੰਘ ਬੁੱਟਰ, ਠੇਕੇਦਾਰ ਮਨਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਮੁਖ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਕੋਟ ਖ਼ਾਲਸਾ ਆਦਿ ਵੀ ਹਾਜ਼ਰ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅਖੰਡ ਕੀਰਤਨੀ ਜਥੇ ਵਲੋਂ ੧੯੭੮ ਦੇ ਨਕਲੀ ਨਿਰੰਕਾਰੀ ਸਾਕੇ ਦੇ ੧੩ ਸ਼ਹੀਦ ਸਿੰਘਾਂ ਸਬੰਧੀ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿਚ ਕੇਂਦਰੀ ਸਿੱਖ ਅਜਾਇਬਘਰ ਤੋਂ ਲਿਆਂਦੀ ਸ਼ਹੀਦ ਭਾਈ ਫੌਜਾ ਸਿੰਘ ਦੀ ਉਹ ਢਾਲ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੀ, ਜਿਸ ਉੱਤੇ ਨਕਲੀ ਨਿਰੰਕਾਰੀਆਂ ਦੁਆਰਾ ਸਿੰਘਾਂ ‘ਤੇ ਚਲਾਈਆਂ ਗੋਲੀਆਂ ਦੇ ਨਿਸ਼ਾਨ ਵੀ ਹਨ