ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਐਤਵਾਰ, ੫ ਜੇਠ (ਸੰਮਤ ੫੫੭ ਨਾਨਕਸ਼ਾਹੀ) ੧੮ ਮਈ, ੨੦੨੫ (ਅੰਗ: ੬੯੬)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਗੁਰਦੁਆਰਾ ‘ਰਾਮਸਰ ਸਾਹਿਬ’ ਸ੍ਰੀ ਅੰੰਿਮ੍ਰਤਸਰ

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਮ ‘ਤੇ ‘ਰਾਮਸਰ ਸਾਹਿਬ’ ਦੇ ਪਾਵਨ ਸਰੋਵਰ ਦੀ ਸਿਰਜਣਾ ਸੰਮਤ 1659-60 ਵਿਚ ਕੀਤੀ। ਗੁਰੂ-ਘਰ ਦੇ ਪ੍ਰੀਤਵਾਨ ਬਜ਼ੁਰਗਵਾਰ ਗੁਰਸਿੱਖ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਜੀ ਨੇ ਸਰੋਵਰ ਦੀ ਅਰੰਭਤਾ ਕੀਤੀ। ਇਹ ਅਸਥਾਨ ਉਸ ਸਮੇਂ ਕੁਦਰਤੀ ਵਾਤਾਵਰਨ ਨਾਲ ਭਰਪੂਰ, ਸ਼ਾਂਤ ਜੰਗਲ-ਨੁਮਾ ਸੀ। ਇਸ ਰਮਣੀਕ ਅਸਥਾਨ ‘ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ‘ਸੁਖਮਨੀ ਸਾਹਿਬ’ ਦੀ ਪਵਿੱਤਰ ਬਾਣੀ ਦੀ ਰਚਨਾ ਕੀਤੀ ਤੇ ਫਿਰ ਇਸ ਅਸਥਾਨ ‘ਤੇ ਹੀ ਭਾਈ ਗੁਰਦਾਸ ਜੀ ਤੋਂ ਲਿਖਵਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੰਪੂਰਨ ਕੀਤਾ। ਗੁਰੂ ਅਰਜਨ ਦੇਵ ਜੀ ਵੱਲੋਂ ਸਿਰਜਤ ਇਸ ਇਤਿਹਾਸਕ ਸਰੋਵਰ ਦੇ ਕਿਨਾਰੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ। ਗੁਰਦੁਆਰਾ ਪ੍ਰਬੰਧ ਲਹਿਰ ਸਮੇਂ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। ਸ਼੍ਰੋਮਣੀ ਗੁ:ਪ੍ਰ: ਕਮੇਟੀ ਨੇ ਇਸ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕਤਾ ਨੂੰ ਸਨਮੁਖ ਰੱਖਦਿਆਂ ਇਸ ਅਸਥਾਨ ‘ਤੇ ਬਹੁਮੰਜ਼ਲੀ ਯਾਦਗਾਰੀ ਗੁਰਦੁਆਰੇ ਨੂੰ ਉਸਾਰਨ ਦਾ ਇਤਿਹਾਸਕ ਫੈਸਲਾ ਕੀਤਾ ਜਿਸ ਸਦਕਾ 1982 ਈ: ਵਿਚ ਗੁਰਦੁਆਰਾ ਰਾਮਸਰ ਸਾਹਿਬ ਦੀ ਆਧੁਨਿਕ ਵਿਸ਼ਾਲ ਇਮਾਰਤ ਦੀ ਅਰੰਭਤਾ ਹੋਈ। ਗੁਰਦੁਆਰਾ ਰਾਮਸਰ ਸਾਹਿਬ ਦੀ ਬਹੁ-ਮੰਜ਼ਲੀ ਇਮਾਰਤ ਦੂਰ ਤੋਂ ਦਿਖਾਈ ਦਿੰਦੀ ਹੈ। ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਮਰਯਾਦਾ ਅਨੁਸਾਰ ਕਰਨ ਲਈ ਇਸ ਇਤਿਹਾਸਕ ਗੁਰਦੁਆਰੇ ਦੇ ਤਹਿਖਾਨੇ ਵਿਚ ‘ਗੋਲਡਨ ਆਫਸੈਟ ਪ੍ਰੈਸ’ ਲਗਾਈ ਹੈ, ਜਿਥੇ ਗੁਰਮਤਿ ਸਾਹਿਤ ਦੀ ਛਪਾਈ ਵੱਡੀ ਪੱਧਰ ‘ਤੇ ਕੀਤੀ ਜਾਂਦੀ ਹੈ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਮੈਨੇਜਰ, ਸ੍ਰੀ ਦਰਬਾਰ ਸਾਹਿਬ ਰਾਹੀਂ ਕਰਦੀ ਹੈ। ਵਧੇਰੇ ਜਾਣਕਾਰੀ ਫ਼ੋਨ ਨੰਬਰ 0183-553953, 553957,58,59 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.